August 23, 2026

Justice News

ਅਵਾਮ ਦੀ ਆਵਾਜ਼

ਚੰਡੀਗੜ੍ਹ ਮੋਰਚੇ ਦੀ ਤਿਆਰੀ ਸਬੰਧੀ ਮੀਟਿੰਗ

ਸੰਗਰੂਰ
( ਜਸਟਿਸ ਨਿਊਜ਼  )
ਅੱਜ ਕਿਰਤੀ ਕਿਸਾਨ ਯੂਨੀਅਨ ਜ਼ਿਲਾ ਕਮੇਟੀ ਦੀ ਮੀਟਿੰਗ ਸਥਾਨਕ ਗਦਰ ਮੈਮੋਰੀਅਲ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਇੱਕ ਸਤੰਬਰ ਤੋਂ 7 ਸਤੰਬਰ ਤੱਕ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਅਤੇ ਕਿਸਾਨਾਂ ਦੇ ਹੋਰ ਭੱਖਦੇ ਮੁੱਦਿਆਂ ਬਾਰੇ ਲੱਗ ਰਹੇ ਮੋਰਚੇ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ ਅਤੇ ਡਿਊਟੀਆਂ ਲਗਾਈਆਂ ਗਈਆਂ।
ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ ਤੇ ਪੰਜਾਬ ਸਰਕਾਰ ਕੇਂਦਰ ਦੀ ਪੈੜ ਵਿੱਚ ਪੈਰ ਧਰ ਰਹੀ ਹੈ। ਪੰਜਾਬ ਇਸ ਸਮੇਂ ਡੂੰਘੇ ਪਾਣੀ ਸੰਕਟ ਵੱਲ ਵੱਧ ਰਿਹਾ ਹੈ। ਪਰ ਸਾਡਾ ਹਿੱਸੇ ਦਾ ਪਾਣੀ ਗੈਰ ਸੰਵਿਧਾਨਿਕ ਤਰੀਕਿਆਂ ਰਾਹੀਂ ਦੂਜੇ ਸੂਬਿਆਂ ਨੂੰ ਲੁਟਾਇਆ ਜਾ ਰਿਹਾ ਹੈ। ਜੇਕਰ ਪੰਜਾਬ ਕੋਲੇ ਦਰਿਆਈ ਪਾਣੀ ਨਹੀਂ ਬਚੇਗਾ ਤਾਂ ਪੰਜਾਬ ਦੀ ਖੇਤੀ ਅਤੇ ਅਰਥਚਾਰਾ ਤਬਾਹ ਹੋ ਜਾਵੇਗਾ ਤੇ ਇੱਥੋਂ ਦਾ ਸੱਭਿਆਚਾਰ ਵੀ ਪ੍ਰਭਾਵਿਤ ਹੋਵੇਗਾ।
ਆਗੂਆਂ ਨੇ ਕਿਹਾ ਕਿ ਪੰਜਾਬ ਪੁਨਰ ਗਠਨ ਐਕਟ ਦੀ ਧਾਰਾ 78,79,80 ਫੌਰੀ ਰੱਦ ਕੀਤੀ ਜਾਵੇ, ਕਿਉਂਕਿ ਇਸ ਧਾਰਾ ਰਾਹੀਂ ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿੱਚ ਦਾਖਲ ਦੇਣ ਦਾ ਗੈਰ ਸੰਵਿਧਾਨਕ ਹੱਕ ਲਈ ਬੈਠਾ ਹੈ। ਜੋ ਕਿ ਪੰਜਾਬ ਨਾਲ ਧੱਕਾ ਹੈ ।ਚੰਡੀਗੜ੍ਹ ਮੋਰਚੇ ਦੀਆਂ ਮੁੱਖ ਮੰਗਾਂ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਾਮਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ,ਡੈਮ ਸੇਫਟੀ ਐਕਟ,ਬੀਜ ਬਿਲ ਅਤੇ ਬਿਜਲੀ ਬਿੱਲ ਰੱਦ ਕਰਨ ਸਮੇਤ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਜਾਵੇਗੀ ਕਿ ਇਹਨਾਂ ਮਾਮਲਿਆਂ ਤੇ ਵਿਧਾਨ ਸਭਾ ਵਿੱਚ ਮਤੇ ਪਾਏ ਜਾਣ ਅਤੇ ਪੰਜਾਬ ਸਰਕਾਰ ਮੱਕੀ, ਮੂੰਗੀ, ਬਾਸਮਤੀ,ਆਲੂ,ਮਟਰ ਦੀ ਐਮਐਸਪੀ ਤੇ ਖਰੀਦ ਦੀ ਗਰੰਟੀ ਕਰੇ,ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ, ਅਤੇ ਪੰਜਾਬ ਦੇ ਫੈਡਰਲ ਢਾਂਚੇ ਦੀਆਂ ਮੰਗਾਂ ਨੂੰ ਹੱਲ ਕੀਤਾ ਜਾਵੇ।ਇਹਨਾਂ ਮਾਮਲਿਆਂ ਤੇ ਮੋਰਚੇ ਦੀ ਤਿਆਰੀ ਲਈ ਪਿੰਡ ਪਿੰਡ ਰੈਲੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਗਰੂਰ ਤੋਂ ਟਰੈਕਟਰ ਟਰਾਲੀਆਂ ਨਾਲ ਕਿਸਾਨ 1 ਸਤੰਬਰ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ।
ਅੱਜ ਦੀ ਮੀਟਿੰਗ ਵਿੱਚ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬਲਾਕ ਸੰਗਰੂਰ ਦੇ ਪ੍ਰਧਾਨ ਸਤਵਿੰਦਰ ਸਿੰਘ ਬਹਾਦਰਪੁਰ, ਜ਼ਿਲਾ ਵਿੱਤ ਸਕੱਤਰ ਕੁਲਦੀਪ ਸਿੰਘ ਅਤੇ ਜੁਝਾਰ ਸਿੰਘ ਬਡਰੁੱਖਾਂ ਹਾਜ਼ਰ ਸਨ।।

Leave a Reply

Your email address will not be published. Required fields are marked *

Copyright © All rights reserved. | Newsphere by AF themes.