ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਸੱਚ, ਹਿੰਮਤ ਅਤੇ ਮਨੁੱਖਤਾ ਦੀ ਰੱਖਿਆ ਦਾ ਅਮਰ ਸੰਦੇਸ਼ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ ਪੰਚਕੂਲਾ ਵਿੱਚ ਰਾਜ ਪੱਧਰੀ ਸਮਾਗਮ ਆਯੋਜਿਤ
ਚੰਡੀਗੜ੍ਹ
,( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਭਾਰਤੀ ਇਤਿਹਾਸ ਵਿੱਚ ਸੱਚ, ਧਰਮ, ਮਨੁੱਖਤਾ ਅਤੇ ਅਧਿਆਤਮਕ ਸ਼ਕਤੀ ਦੀ ਇੱਕ ਵਿਲੱਖਣ ਮਿਸਾਲ ਹੈ। ਉਨ੍ਹਾਂ ਦਾ ਜੀਵਨ ਅਤੇ ਸ਼ਹਾਦਤ ਸਾਨੂੰ ਬੇਇਨਸਾਫ਼ੀ, ਜ਼ੁਲਮ ਅਤੇ ਝੂਠ ਦੇ ਸਾਹਮਣੇ ਕਦੇ ਵੀ ਨਾ ਝੁਕਣ ਦੀ ਪ੍ਰੇਰਣਾ ਦਿੰਦੀ ਹੈ। ਮੁੱਖ ਮੰਤਰੀ ਵੀਰਵਾਰ ਨੂੰ ਪੰਚਕੂਲਾ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ‘ਤੇ ਅਧਾਰਿਤ ਇੱਕ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ। ਇਸ ਦੌਰਾਨ ਮੁੱਖ ਮੰਤਰੀ ਨੇ ਛਬੀਲ ਦੀ ਸੇਵਾ ਵੀ ਕੀਤੀ। ਸਮਾਗਮ ਵਿੱਚ ਹਰਿਆਣਾ ਅਤੇ ਪੰਜਾਬ ਤੋਂ ਕਈ ਸੰਤ-ਮਹਾਂਪੁਰਖ ਪਹੁੰਚੇ ਅਤੇ ਹਰਿਆਣਾ ਸਰਕਾਰ ਵੱਲੋਂ ਕਰਵਾਏ ਗਏ ਇਸ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਇਸ ਦੇ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਪ੍ਰਗਟਾਇਆ।
ਹਰਿਆਣਾ ਸਰਕਾਰ ਵੱਲੋਂ ‘ਸੰਤ ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ’ ਤਹਿਤ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਮਾਤਾ ਮਨਸਾ ਦੇਵੀ ਅਤੇ ਸ਼੍ਰੀ ਨਾਢਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਆਯੋਜਿਤ ਇਸ ਸਮਾਗਮ ਵਿੱਚ ਮੌਜੂਦ ਹੋ ਕੇ ਉਹ ਆਪਣੇ ਆਪ ਨੂੰ ਭਾਗਸ਼ਾਲੀ ਮੰਨਦੇ ਹਨ। ਉਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਸਿਰਫ ਸਿੱਖ ਸਮਾਜ ਦੀ ਵਿਰਾਸਤ ਨਹੀਂ, ਸਗੋਂ ਪੂਰੇ ਦੇਸ਼ ਲਈ ਪ੍ਰੇਰਣਾ ਸਰੋਤ ਹੈ।
ਉਨ੍ਹਾਂ ਕਿਹਾ ਕਿ ਭਾਰਤ ਦਾ ਇਤਿਹਾਸ ਤਿਆਗ, ਤਪੱਸਿਆ, ਕੁਰਬਾਨੀ ਅਤੇ ਅਧਿਆਤਮਕ ਬਹਾਦਰੀ ਦੀ ਗੌਰਵਸ਼ਾਲੀ ਪਰੰਪਰਾ ਨਾਲ ਭਰਿਆ ਹੋਇਆ ਹੈ। ਜਦੋਂ-ਜਦੋਂ ਦੇਸ਼, ਧਰਮ, ਸੰਸਕ੍ਰਿਤੀ ਅਤੇ ਮਨੁੱਖਤਾ ‘ਤੇ ਸੰਕਟ ਆਇਆ, ਉਦੋਂ-ਉਦੋਂ ਸਾਡੇ ਗੁਰੂਆਂ ਅਤੇ ਸੰਤਾਂ ਨੇ ਆਪਣੀ ਕੁਰਬਾਨੀ ਨਾਲ ਸੱਚ ਅਤੇ ਧਰਮ ਦੀ ਰੱਖਿਆ ਕੀਤੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਇਸੇ ਮਹਾਨ ਪਰੰਪਰਾ ਦੀ ਸਰਵਉੱਚ ਮਿਸਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਮਾਜ ਨੂੰ ਜੋੜਨ ਅਤੇ ਮਨੁੱਖਤਾ ਨੂੰ ਇੱਕ ਧਾਗੇ ਵਿੱਚ ਪਰੋਣ ਦਾ ਮਹਾਨ ਕਾਰਜ ਕੀਤਾ। ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਉਸ ਦੇ ਚਾਰਾਂ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਬਣਵਾਏ, ਜੋ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਪਵਿੱਤਰ ਅਸਥਾਨ ਕਿਸੇ ਇੱਕ ਜਾਤ, ਵਰਗ ਜਾਂ ਧਰਮ ਲਈ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਹੀ ਸਮਾਜਿਕ ਸਾਂਝ, ਸਮਾਨਤਾ ਅਤੇ ‘ਵਸੂਧੈਵ ਕੁਟੁੰਬਕਮ’ ਦੀ ਭਾਵਨਾ ਨੂੰ ਸਾਕਾਰ ਰੂਪ ਦਿੱਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਕਬੀਰ, ਸੰਤ ਨਾਮਦੇਵ, ਬਾਬਾ ਫਰੀਦ ਅਤੇ ਸੰਤ ਰਵਿਦਾਸ ਸਮੇਤ ਵੱਖ-ਵੱਖ ਸੰਤਾਂ ਦੀ ਬਾਣੀ ਨੂੰ ਇਕੱਤਰ ਕਰਕੇ ਗੁਰੂ ਅਰਜਨ ਦੇਵ ਜੀ ਨੇ ਭਾਰਤ ਦੀ ਵਿਭਿੰਨਤਾ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਬੇਮਿਸਾਲ ਕਾਰਜ ਕੀਤਾ। ਗੁਰੂ ਗ੍ਰੰਥ ਸਾਹਿਬ ਅੱਜ ਵੀ ਪੂਰੀ ਮਨੁੱਖਤਾ ਲਈ ਅਧਿਆਤਮਕ ਚਾਨਣ ਥੰਮ੍ਹ ਵਜੋਂ ਮਾਰਗਦਰਸ਼ਨ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੀ ਦਿਹਾੜਾ ਸਿਰਫ ਸ਼ਰਧਾਂਜਲੀ ਦੇਣ ਦਾ ਮੌਕਾ ਨਹੀਂ, ਸਗੋਂ ਆਤਮ-ਚਿੰਤਨ ਦਾ ਵੀ ਮੌਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਤਾਂ ਮਾਣ ਦੇ ਨਾਲ-ਨਾਲ ਉਨ੍ਹਾਂ ਤਸੀਹਿਆਂ ਦਾ ਚੇਤਾ ਵੀ ਆਉਂਦਾ ਹੈ, ਜੋ ਉਨ੍ਹਾਂ ਨੇ ਧਰਮ ਅਤੇ ਸੱਚ ਦੀ ਰੱਖਿਆ ਲਈ ਸਹਿਣ ਕੀਤੇ। ਉਨ੍ਹਾਂ ਕਿਹਾ ਕਿ ਤਤਕਾਲੀ ਮੁਗਲ ਸ਼ਾਸਕ ਜਹਾਂਗੀਰ ਦੀ ਹਕੂਮਤ ਗੁਰੂ ਸਾਹਿਬ ਦੇ ਵਧਦੇ ਪ੍ਰਭਾਵ ਅਤੇ ਅਧਿਆਤਮਕ ਜਾਗ੍ਰਿਤੀ ਤੋਂ ਡਰ ਗਈ ਸੀ। ਉਨ੍ਹਾਂ ਨੂੰ ਲਾਹੌਰ ਵਿੱਚ ਬੰਦੀ ਬਣਾ ਕੇ ਅਣਮਨੁੱਖੀ ਤਸੀਹੇ ਦਿੱਤੇ ਗਏ, ਪਰ ਉਨ੍ਹਾਂ ਨੇ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਤਪਦੀ ਤਵੀ ‘ਤੇ ਬਿਠਾਉਣਾ, ਸਰੀਰ ‘ਤੇ ਗਰਮ ਰੇਤ ਪਾਉਣਾ ਅਤੇ ਅਸਹਿ ਪੀੜ ਦੇਣਾ ਜੁੰਲਮ ਦੀ ਹੱਦ ਸੀ, ਪਰ ਗੁਰੂ ਸਾਹਿਬ ਦੇ ਚਿਹਰੇ ‘ਤੇ ਕੋਈ ਸ਼ਿਕਨ ਨਹੀਂ ਆਈ। ਉਨ੍ਹਾਂ ਨੇ ‘ਤੇਰਾ ਕੀਆ ਮੀਠਾ ਲਾਗੇ’ ਦਾ ਉਚਾਰਨ ਕਰਦਿਆਂ ਪ੍ਰਮਾਤਮਾ ਦੇ ਭਾਣੇ ਨੂੰ ਪ੍ਰਵਾਨ ਕੀਤਾ। ਇਹ ਘਟਨਾ ਕੇਵਲ ਸ਼ਹਾਦਤ ਨਹੀਂ ਸਗੋ ਅਧਿਆਤਮਕ ਧੀਰਜ, ਆਤਮਿਕ ਬਲ ਅਤੇ ਪ੍ਰਮਾਤਮਾ ਪ੍ਰਤੀ ਅਟੁੱਟ ਵਿਸ਼ਵਾਸ ਦੀ ਸਰਵਉੱਚ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਸੱਚ, ਨਿਆਂ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ। ਅੱਜ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਉਦੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ ਸ਼ਕਤੀ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਸੰਤਾਂ, ਗੁਰੂਆਂ ਅਤੇ ਯੋਧਿਆਂ ਦੀ ਭੂਮੀ ਰਹੀ ਹੈ। ਇੱਥੋਂ ਦੀ ਮਿੱਟੀ ਵਿੱਚ ਗੀਤਾ ਦਾ ਗਿਆਨ ਵੀ ਹੈ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਦੀ ਖੁਸ਼ਬੂ ਵੀ। ਇਸੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਰਾਜ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਸਿੱਖ ਗੁਰੂਆਂ ਦੇ ਯੋਗਦਾਨ ਅਤੇ ਕੁਰਬਾਨੀ ਨੂੰ ਸਨਮਾਨ ਦੇਣ ਦਾ ਕਾਰਜ ਕੀਤਾ ਜਾ ਰਿਹਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ, ਵੀਰ ਬਾਲ ਦਿਵਸ ਦਾ ਰਾਸ਼ਟਰੀ ਪੱਧਰ ‘ਤੇ ਆਯੋਜਨ ਅਤੇ ਕਰਤਾਰਪੁਰ ਸਾਹਿਬ ਲਾਂਘੇ (ਕੋਰੀਡੋਰ) ਦਾ ਨਿਰਮਾਣ ਇਸੇ ਦਿਸ਼ਾ ਵਿੱਚ ਚੁੱਕੇ ਗਏ ਇਤਿਹਾਸਕ ਕਦਮ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵੀ ਸਿੱਖ ਇਤਿਹਾਸ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ। ਹਰਿਆਣਾ ਸਰਕਾਰ ਨੇ ਅੱਠਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿੱਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸ਼ਾਮਲ ਕੀਤਾ ਹੈ। ਹੁਣ ਵਿਦਿਆਰਥੀ ਸਿੱਖ ਗੁਰੂਆਂ ਦੇ ਨਾਲ-ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਤਿਆਗ, ਕੁਰਬਾਨੀ ਅਤੇ ਆਦਰਸ਼ਾਂ ਦਾ ਵੀ ਅਧਿਐਨ ਕਰਨਗੇ। ਉਨ੍ਹਾਂ ਦੱਸਿਆ ਕਿ ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ ਦੀ ਯਾਤਰਾ ਲਈ ਕੁਰੂਕਸ਼ੇਤਰ ਅਤੇ ਸਿਰਸਾ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ। ਇਸ ਤੋਂ ਇਲਾਵਾ ਸਾਲ 1984 ਦੇ ਦੰਗਾ ਪੀੜਤ 121 ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਵੀਰ ਬਾਲ ਦਿਵਸ ਦੇ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੰਚਕੂਲਾ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ।
ਮੁੱਖ ਮੰਤਰੀ ਨੇ ਕਿਹਾ ਕਿ ਸਿਰਸਾ ਸਥਿਤ ਇਤਿਹਾਸਕ ਗੁਰਦੁਆਰਾ ਚਿੱਲਾ ਸਾਹਿਬ ਦੀ ਲਗਭਗ ਨੌਂ ਏਕੜ ਜ਼ਮੀਨ ਬਿਨਾਂ ਕਿਸੇ ਫ਼ੀਸ ਦੇ ਗੁਰਦੁਆਰਾ ਸਾਹਿਬ ਦੇ ਨਾਮ ਟ੍ਰਾਂਸਫਰ ਕੀਤੀ ਗਈ ਹੈ। ਉਨ੍ਹਾਂ ਨੇ ਖ਼ੁਦ ਸੰਗਤ ਦੀ ਹਾਜ਼ਰੀ ਵਿੱਚ ਇਸ ਦੇ ਦਸਤਾਵੇਜ਼ ਸੌਂਪੇ ਸਨ। ਉਨ੍ਹਾਂ ਦੱਸਿਆ ਕਿ ਯਮੁਨਾਨਗਰ ਵਿੱਚ ਬਣ ਰਹੇ ਮੈਡੀਕਲ ਕਾਲਜ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਅੰਬਾਲਾ ਦੇ ਗੌਰਮਿੰਟ ਪੌਲੀਟੈਕਨਿਕ ਕਾਲਜ ਅਤੇ ਟੋਹਾਣਾ-ਜੀਂਦ-ਧਮਤਾਨ ਸਾਹਿਬ ਮਾਰਗ ਦਾ ਨਾਮਕਰਨ ਵੀ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਵਿੱਚ ਕੀਤਾ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿੱਖ ਗੁਰੂਆਂ ਨੇ ਸਮਾਨਤਾ, ਸੇਵਾ, ਕਰੁਣਾ, ਭਾਈਚਾਰੇ ਅਤੇ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਦਾ ‘ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਅਤੇ ਸਭਕਾ ਪ੍ਰਯਾਸ’ ਦਾ ਮੰਤਰ ਵੀ ਇਸੇ ਭਾਵਨਾ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਆਖ਼ਰੀ ਵਿਅਕਤੀ ਦੀ ਸੇਵਾ ਹੀ ਸੱਚਾ ਧਰਮ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਪਰੰਪਰਾ ਸਾਨੂੰ ਸਮਾਨਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੀ ਹੈ। ਇਹ ਵਿਵਸਥਾ ਸਿਖਾਉਂਦੀ ਹੈ ਕਿ ਰਾਜਾ ਅਤੇ ਰੰਕ, ਅਮੀਰ ਅਤੇ ਗਰੀਬ ਸਭ ਬਰਾਬਰ ਹਨ। ਸਮਾਜ ਵਿੱਚੋਂ ਜਾਤ-ਪਾਤ, ਛੂਆ-ਛੂਤ ਅਤੇ ਵਿਤਕਰੇ ਨੂੰ ਖ਼ਤਮ ਕਰਕੇ ਇੱਕ ਇੱਕਜੁੱਟ ਅਤੇ ਸ਼ਕਤੀਸ਼ਾਲੀ ਸਮਾਜ ਦਾ ਨਿਰਮਾਣ ਕਰਨਾ ਸਮੇਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਦਿੰਦਿਆਂ ਕਿਹਾ ਕਿ ਉਹ ਸਿੱਖ ਗੁਰੂਆਂ ਦੇ ਗੌਰਵਸ਼ਾਲੀ ਇਤਿਹਾਸ ਅਤੇ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ। ਜਦੋਂ ਨੌਜਵਾਨ ਆਪਣੇ ਇਤਿਹਾਸ ਅਤੇ ਵਿਰਾਸਤ ਨੂੰ ਜਾਣਨਗੇ ਤਾਂ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵਧੇਗਾ ਅਤੇ ਉਹ ਰਾਸ਼ਟਰ ਨਿਰਮਾਣ ਵਿੱਚ ਵਧੇਰੇ ਪ੍ਰਭਾਵੀ ਯੋਗਦਾਨ ਪਾ ਸਕਣਗੇ। ਮੁੱਖ ਮੰਤਰੀ ਨੇ ਗੁਰੂ ਅਰਜਨ ਦੇਵ ਜੀ ਦੇ ਦੱਸੇ ਸੱਚ, ਸੇਵਾ, ਕਰੁਣਾ ਅਤੇ ਸਿਮਰਨ ਦੇ ਮਾਰਗ ‘ਤੇ ਚੱਲਣ ਦਾ ਸੰਕਲਪ ਲੈਣ ਦਾ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹੀ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਇਹੀ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਪ੍ਰਭਾਵੀ ਰਸਤਾ ਹੈ।
ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਝੀਂਡਾ, ਬੜਖਲ ਦੇ ਵਿਧਾਇਕ ਧਨੇਸ਼ ਅਦਲਖਾ, ਮੁੱਖ ਮੰਤਰੀ ਦੇ ਓ.ਐਸ.ਡੀ. ਡਾ. ਪ੍ਰਭਲੀਨ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ-ਪ੍ਰਧਾਨ ਸ. ਗੁਰਮੀਤ ਸਿੰਘ, ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਸੰਤ ਬਾਬਾ ਜੋਗਾ ਸਿੰਘ, ਸਰਦਾਰ ਜਸਦੀਪ ਸਿੰਘ, ਮਹੰਤ ਮਹੇਸ਼ ਮੁਨੀ, ਸੰਤ ਬਾਬਾ ਮਾਨ ਸਿੰਘ ਜੁਰਾਸੀ ਵਾਲੇ, ਸੁਆਮੀ ਰਾਜੇਸ਼ਵਰਾਨੰਦ, ਬਾਬਾ ਸੁਲਤਾਨ ਸਿੰਘ ਅਤੇ ਬਾਬਾ ਦੇਵੇਂਦਰ ਸਿੰਘ ਇਸਰਾਨਾ ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਵਿਅਕਤੀ ਮੌਜੂਦ ਸਨ।
ਹਰਿਆਣਾ ਵਿੱਚ ਗ੍ਰਹਿ ਵਿਭਾਗ ਦੀਆਂ 33 ਸੇਵਾਵਾਂ ਰਾਈਟ ਟੂ ਸਰਵਿਸ ਦੇ ਦਾਇਰੇ ਵਿੱਚ ਹਥਿਆਰ ਲਾਇਸੰਸ, ਪੁਲਿਸ ਵੈਰੀਫਿਕੇਸ਼ਨ, ਐਨ.ਓ.ਸੀ., ਐਫ.ਆਈ.ਆਰ. ਦੀ ਕਾਪੀਆਂ ਸਮੇਤ ਕਈ ਸੇਵਾਵਾਂ ਦੀ ਸਮੇਂ-ਸੀਮਾ ਤੈਅ
ਚੰਡੀਗੜ੍ਹ,
( ਜਸਟਿਸ ਨਿਊਜ਼ )
– ਹਰਿਆਣਾ ਸਰਕਾਰ ਨੇ ਨਾਗਰਿਕਾਂ ਨੂੰ ਵੱਧ ਪਾਰਦਰਸ਼ੀ, ਜਵਾਬਦੇਹ ਅਤੇ ਸਮਾਂਬੱਧ ਸੇਵਾਵਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਗ੍ਰਹਿ ਵਿਭਾਗ ਦੀਆਂ 33 ਸੇਵਾਵਾਂ ਨੂੰ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਦੇ ਤਹਿਤ ਨੋਟੀਫਾਈ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਸੇਵਾਵਾਂ ਲਈ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਨਾਲ ਨਾਗਰਿਕਾਂ ਨੂੰ ਵੱਖ-ਵੱਖ ਪ੍ਰਵਾਨਗੀਆਂ, ਵੈਰੀਫਿਕੇਸ਼ਨ ਅਤੇ ਲਾਇਸੰਸ ਨਾਲ ਸਬੰਧਤ ਸੇਵਾਵਾਂ ਨਿਰਧਾਰਤ ਸਮੇਂ ‘ਤੇ ਮਿਲ ਸਕਣਗੀਆਂ।
ਨੋਟੀਫਿਕੇਸ਼ਨ ਅਨੁਸਾਰ, ਜੇਕਰ ਹਥਿਆਰ ਲਾਇਸੰਸ ਉਸੇ ਜ਼ਿਲ੍ਹੇ ਵਿੱਚ ਨਵੀਨੀਕਰਣ ਲਈ ਪੇਸ਼ ਕੀਤਾ ਜਾਂਦਾ ਹੈ ਅਤੇ ਲਾਇਸੰਸ ਦੀ ਮਿਆਦ ਖ਼ਤਮ ਨਹੀਂ ਹੋਈ ਹੈ, ਤਾਂ ਉਸ ਦਾ ਨਵੀਨੀਕਰਨ 15 ਦਿਨਾਂ ਦੇ ਅੰਦਰ ਕੀਤਾ ਜਾਵੇਗਾ। ਉੱਥੇ ਹੀ ਛੇ ਸਾਲਾਂ ਦੇ ਚੱਕਰ ਤੋਂ ਬਾਅਦ, ਜਿੱਥੇ ਪੁਲਿਸ ਵੈਰੀਫਿਕੇਸ਼ਨ ਦੀ ਲੋੜ ਹੋਵੇਗੀ, ਹਥਿਆਰ ਲਾਇਸੰਸ ਦੇ ਨਵੀਨੀਕਰਨ ਲਈ ਪੁਲਿਸ ਵੈਰੀਫਿਕੇਸ਼ਨ ਦੀ ਪ੍ਰਕਿਰਿਆ 22 ਦਿਨਾਂ ਵਿੱਚ ਪੂਰੀ ਕੀਤੀ ਜਾਵੇਗੀ।
ਹਥਿਆਰ ਲਾਇਸੰਸ ਵਿੱਚ ਹਥਿਆਰ ਜੋੜਨ ਜਾਂ ਹਟਾਉਣ, ਹਥਿਆਰ ਖਰੀਦਣ ਦੀ ਮਿਆਦ ਵਧਾਉਣ ਅਤੇ ਵਿਰੋਧ ਪ੍ਰਦਰਸ਼ਨ/ਹੜਤਾਲ, ਜਲੂਸ ਅਤੇ ਪ੍ਰੋਗਰਾਮ/ਸੱਭਿਆਚਾਰਕ ਪੇਸ਼ਕਾਰੀ ਦੇ ਆਯੋਜਨ ਦੀ ਪ੍ਰਵਾਨਗੀ ਨਾਲ ਸਬੰਧਤ ਸੇਵਾਵਾਂ 7 ਦਿਨਾਂ ਦੇ ਅੰਦਰ ਪ੍ਰਦਾਨ ਕੀਤੀਆਂ ਜਾਣਗੀਆਂ।
ਵਿਦੇਸ਼ੀਆਂ ਦੀ ਰਜਿਸਟ੍ਰੇਸ਼ਨ (ਆਗਮਨ ਅਤੇ ਪ੍ਰਸਥਾਨ) ਦੀ ਸੇਵਾ ਤੁਰੰਤ ਉਪਲਬਧ ਕਰਵਾਈ ਜਾਵੇਗੀ। ਇਸੇ ਤਰ੍ਹਾਂ ਐਫ.ਆਈ.ਆਰ. ਜਾਂ ਡੀ.ਡੀ.ਰ. ਦੀ ਕਾਪੀ ਵੀ ਤੁਰੰਤ ਜਾਂ ਆਨਲਾਈਨ ਉਪਲਬਧ ਕਰਵਾਈ ਜਾਵੇਗੀ।
ਵਿਦੇਸ਼ੀਆਂ ਦੇ ਰਿਹਾਇਸ਼ੀ ਪਰਮਿਟ ਦੇ ਵਿਸਤਾਰ, ਲਾਊਡਸਪੀਕਰ ਦੀ ਵਰਤੋਂ ਦੀ ਪ੍ਰਵਾਨਗੀ, ਮੇਲੇ, ਪ੍ਰਦਰਸ਼ਨੀ, ਖੇਡ ਸਮਾਗਮਾਂ ਆਦਿ ਲਈ ਨੋ ਆਬਜੈਕਸ਼ਨ ਸਰਟੀਫਿਕੇਟ, ਅਣਜਾਣ ਵਿਅਕਤੀ ਦੀ ਵੈਰੀਫਿਕੇਸ਼ਨ ਅਤੇ ਪੁਰਾਣੇ ਵਾਹਨਾਂ ਲਈ ਐਨ.ਓ.ਸੀ. ਜਾਰੀ ਕਰਨ ਦੀਆਂ ਸੇਵਾਵਾਂ 5 ਦਿਨਾਂ ਦੀ ਸਮਾਂ-ਸੀਮਾ ਵਿੱਚ ਉਪਲਬਧ ਕਰਵਾਈਆਂ ਜਾਣਗੀਆਂ।
ਘਰੇਲੂ ਸਹਾਇਕ ਵੈਰੀਫਿਕੇਸ਼ਨ, ਕਿਰਾਏਦਾਰ ਵੈਰੀਫਿਕੇਸ਼ਨ, ਚਰਿੱਤਰ ਸਰਟੀਫਿਕੇਟ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਕਰਮਚਾਰੀ ਵੈਰੀਫਿਕੇਸ਼ਨ ਅਤੇ ਰਜਿਸਟਰਡ ਗੁੰਮ ਹੋਈ ਜਾਇਦਾਦ ਦੇ ਨਿਪਟਾਰੇ ਨਾਲ ਸਬੰਧਤ ਸੇਵਾਵਾਂ 21 ਦਿਨਾਂ ਦੇ ਅੰਦਰ ਪ੍ਰਦਾਨ ਕੀਤੀਆਂ ਜਾਣਗੀਆਂ।
ਪੈਟਰੋਲ ਪੰਪ, ਸਿਨੇਮਾ ਹਾਲ ਆਦਿ ਦੀ ਸਥਾਪਨਾ ਲਈ ਐਨ.ਓ.ਸੀ. 15 ਦਿਨਾਂ ਦੇ ਅੰਦਰ ਜਾਰੀ ਕੀਤੀ ਜਾਵੇਗੀ। ਉੱਥੇ ਹੀ ਸਿਨੇਮਾ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ 30 ਦਿਨਾਂ ਵਿੱਚ ਅਤੇ ਉਸ ਦੇ ਨਵੀਨੀਕਰਨ ਦੀ ਪ੍ਰਕਿਰਿਆ 25 ਦਿਨਾਂ ਵਿੱਚ ਪੂਰੀ ਕੀਤੀ ਜਾਵੇਗੀ।
ਪੈਟਰੋਲੀਅਮ ਨਿਯਮ, 2002 ਦੇ ਤਹਿਤ ਪੈਟਰੋਲ ਦੇ ਆਯਾਤ ਅਤੇ ਭੰਡਾਰਨ ਲਈ ਐਨ.ਓ.ਸੀ., ਵਿਸਫੋਟਕ ਨਿਯਮ, 2008 ਦੇ ਤਹਿਤ ਆਤਿਸ਼ਬਾਜ਼ੀ ਦੇ ਭੰਡਾਰਨ ਅਤੇ ਵਿਕਰੀ ਦੀ ਪ੍ਰਵਾਨਗੀ, ਆਤਿਸ਼ਬਾਜ਼ੀ ਲਾਇਸੰਸ ਦਾ ਨਵੀਨੀਕਰਨ ਅਤੇ ਆਤਿਸ਼ਬਾਜ਼ੀ ਦੀ ਦੁਕਾਨ ਤੇ ਗੋਦਾਮ ਲਈ ਐਨ.ਓ.ਸੀ. ਵਰਗੀਆਂ ਸੇਵਾਵਾਂ 30 ਦਿਨਾਂ ਦੀ ਨਿਰਧਾਰਤ ਮਿਆਦ ਵਿੱਚ ਉਪਲਬਧ ਕਰਵਾਈਆਂ ਜਾਣਗੀਆਂ।
ਆਨਲਾਈਨ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਨਿੱਜੀ ਸੁਰੱਖਿਆ ਏਜੰਸੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ 60 ਦਿਨਾਂ ਵਿੱਚ ਪੂਰੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਸਾਈਬਰ ਕੈਫੇ ਸੰਚਾਲਕਾਂ ਦੀ ਰਜਿਸਟ੍ਰੇਸ਼ਨ ਦੀ ਵੈਰੀਫਿਕੇਸ਼ਨ, ਹੋਟਲ ਸੰਚਾਲਕਾਂ ਅਤੇ ਗਾਹਕਾਂ ਦੀ ਰਜਿਸਟ੍ਰੇਸ਼ਨ ਦੀ ਵੈਰੀਫਿਕੇਸ਼ਨ ਅਤੇ ਕਮਿਊਨਿਟੀ ਲਾਇਜ਼ਨ ਗਰੁੱਪ ਲਈ ਬਿਨੈਕਾਰਾਂ ਦੀ ਵੈਰੀਫਿਕੇਸ਼ਨ ਦੀਆਂ ਸੇਵਾਵਾਂ 30 ਦਿਨਾਂ ਵਿੱਚ ਪ੍ਰਦਾਨ ਕੀਤੀਆਂ ਜਾਣਗੀਆਂ।
ਨੋਟੀਫਿਕੇਸ਼ਨ ਵਿੱਚ ਹਰੇਕ ਸੇਵਾ ਲਈ ਨਾਮਜ਼ਦ ਅਧਿਕਾਰੀ, ਪਹਿਲਾ ਸ਼ਿਕਾਇਤ ਨਿਵਾਰਨ ਅਥਾਰਟੀ ਅਤੇ ਦੂਜਾ ਸ਼ਿਕਾਇਤ ਨਿਵਾਰਨ ਅਥਾਰਟੀ ਵੀ ਨਿਰਧਾਰਤ ਕੀਤੇ ਗਏ ਹਨ। ਜੇਕਰ ਕਿਸੇ ਨਾਗਰਿਕ ਨੂੰ ਨਿਰਧਾਰਤ ਸਮਾਂ-ਸੀਮਾ ਵਿੱਚ ਸੇਵਾ ਪ੍ਰਾਪਤ ਨਹੀਂ ਹੁੰਦੀ ਹੈ, ਤਾਂ ਉਹ ਐਕਟ ਦੇ ਉਪਬੰਧਾਂ ਤਹਿਤ ਸਬੰਧਤ ਸ਼ਿਕਾਇਤ ਨਿਵਾਰਨ ਅਥਾਰਟੀ ਦੇ ਸਾਹਮਣੇ ਅਪੀਲ ਕਰ ਸਕੇਗਾ।
‘ਸਵਸਥ ਨਾਰੀ-ਸਸ਼ਕਤ ਪਰਿਵਾਰ’ ਪਹਿਲ ਦੇ ਤਹਿਤ ਹਰਿਆਣਾ ਦੇ ਅੱਠ ਜ਼ਿਲ੍ਹਾ ਹਸਪਤਾਲਾਂ ਵਿੱਚ ਲੱਗਣਗੀਆਂ ਮੈਮੋਗ੍ਰਾਫੀ ਮਸ਼ੀਨਾਂ
ਚੰਡੀਗੜ੍ਹ
,(ਜਸਟਿਸ ਨਿਊਜ਼ )
– ਮਹਿਲਾਵਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਹਰਿਆਣਾ ਸਰਕਾਰ ਰਾਜ ਦੇ ਅੱਠ ਜ਼ਿਲ੍ਹਾ ਹਸਪਤਾਲਾਂ ਵਿੱਚ ਫੁੱਲ-ਫੀਲਡ ਡਿਜੀਟਲ ਮੈਮੋਗ੍ਰਾਫੀ ਮਸ਼ੀਨਾਂ ਸਥਾਪਤ ਕਰੇਗੀ। ਇਹ ਕਾਰਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਮੁੱਖ ਪਹਿਲ ‘ਸਵਸਥ ਨਾਰੀ-ਸਸ਼ਕਤ ਪਰਿਵਾਰ’ ਕਲੀਨਿਕ ਦੇ ਤਹਿਤ ਕੀਤਾ ਜਾਵੇਗਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਰਾਹੀਂ ਮਹਿਲਾਵਾਂ ਨੂੰ ਬ੍ਰੇਸਟ ਕੈਂਸਰ ਦੀ ਜਾਂਚ ਅਤੇ ਸਮੇਂ ਸਿਰ ਇਲਾਜ ਦੀ ਬਿਹਤਰ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਮੈਮੋਗ੍ਰਾਫੀ ਮਸ਼ੀਨਾਂ ਜ਼ਿਲ੍ਹਾ ਸਿਵਲ ਹਸਪਤਾਲ ਪੰਚਕੂਲਾ, ਰੇਵਾੜੀ, ਸੋਨੀਪਤ, ਕੁਰੂਕਸ਼ੇਤਰ, ਪਾਣੀਪਤ, ਕਰਨਾਲ ਅਤੇ ਨਾਰਨੌਲ ਤੋਂ ਇਲਾਵਾ ਗੁਰੂਗ੍ਰਾਮ ਦੇ ਸੈਕਟਰ-10 ਸਥਿਤ ਸਿਵਲ ਹਸਪਤਾਲ ਵਿੱਚ ਸਥਾਪਤ ਕੀਤੀਆਂ ਜਾਣਗੀਆਂ। ਇਨ੍ਹਾਂ ਮਸ਼ੀਨਾਂ ਦੇ ਲੱਗਣ ਨਾਲ ਮਹਿਲਾਵਾਂ ਨੂੰ ਆਪਣੇ ਹੀ ਜ਼ਿਲ੍ਹੇ ਵਿੱਚ ਉੱਨਤ ਬ੍ਰੇਸਟਕੈਂਸਰ ਜਾਂਚ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।
ਡਾ. ਮਿਸ਼ਰਾ ਨੇ ਕਿਹਾ ਕਿ ‘ਸਵਸਥ ਨਾਰੀ-ਸਸ਼ਕਤ ਪਰਿਵਾਰ’ ਕਲੀਨਿਕ ਦੀ ਸ਼ੁਰੂਆਤ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸੇ ਸਾਲ 29 ਮਈ ਨੂੰ ਕੀਤੀ ਸੀ। ਇਸ ਪਹਿਲ ਦਾ ਉਦੇਸ਼ ਮਹਿਲਾਵਾਂ ਨੂੰ ਵਿਆਪਕ ਪੱਧਰ ‘ਤੇ ਸਕ੍ਰੀਨਿੰਗ, ਜਾਂਚ, ਸਲਾਹ-ਮਸ਼ਵਰਾ, ਡਾਇਗਨੋਸਿਸ ਅਤੇ ਰੋਕਥਾਮ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ। ਇਸੇ ਕੜੀ ਵਿੱਚ ਹਰਿਆਣਾ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਲਿਮਟਿਡ ਰਾਹੀਂ ਰਾਜ ਸਿਹਤ ਖਰੀਦ ਅਤੇ ਪ੍ਰੋਕਿਊਰਮੈਂਟ ਕਮੇਟੀ ਵੱਲੋਂ 11 ਫੁੱਲ-ਫੀਲਡ ਡਿਜੀਟਲ ਮੈਮੋਗ੍ਰਾਫੀ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਮਸ਼ੀਨ ਦੀ ਲਾਗਤ ਲਗਭਗ 1.18 ਕਰੋੜ ਰੁਪਏ ਹੈ। ਇਨ੍ਹਾਂ ਮਸ਼ੀਨਾਂ ਦੀ ਸਥਾਪਨਾ ਨਾਲ ਰਾਜ ਵਿੱਚ ਮਹਿਲਾਵਾਂ ਲਈ ਕੈਂਸਰ ਜਾਂਚ ਸੇਵਾਵਾਂ ਦਾ ਦਾਇਰਾ ਵਿਆਪਕ ਹੋਵੇਗਾ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ।
ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਮੌਜੂਦਾ ਵਿੱਚ ਮੈਮੋਗ੍ਰਾਫੀ ਸੇਵਾਵਾਂ ਸਿਰਫ ਅੰਬਾਲਾ ਕੈਂਟ ਦੇ ਸਬ-ਡਿਵੀਜਨ ਸਿਵਲ ਹਸਪਤਾਲ ਅਤੇ ਝੱਜਰ ਤੇ ਰੋਹਤਕ ਜ਼ਿਲ੍ਹਿਆਂ ਵਿੱਚ ਉਪਲਬਧ ਹਨ। ਨਵੀਆਂ ਮਸ਼ੀਨਾਂ ਦੀ ਸਥਾਪਨਾ ਤੋਂ ਬਾਅਦ ਰਾਜ ਦੇ ਹੋਰ ਜ਼ਿਲ੍ਹਿਆਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਦੀ ਸਹੂਲਤ ਉਪਲਬਧ ਹੋ ਜਾਵੇਗੀ, ਜਿਸ ਨਾਲ ਬੀਮਾਰੀ ਦੀ ਸ਼ੁਰੂਆਤੀ ਸਟੇਜ ਵਿੱਚ ਪਛਾਣ ਸੰਭਵ ਹੋਵੇਗੀ ਅਤੇ ਇਲਾਜ ਦੀ ਸਫ਼ਲਤਾ ਦਰ ਵਿੱਚ ਵਾਧਾ ਹੋਵੇਗਾ।
ਡਾ. ਮਿਸ਼ਰਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਪੀਐਮ ਕੇਅਰਜ਼’ ਯੋਜਨਾ ਦੇ ਤਹਿਤ ਹਰਿਆਣਾ ਨੂੰ ਪੰਜ ਵਾਧੂ ਮੈਮੋਗ੍ਰਾਫੀ ਯੂਨਿਟ ਅਲਾਟ ਕਰਨ ਦੀ ਮਨਜ਼ੂਰੀ ਦਿੱਤੀ ਹੈ। ਰਾਜ ਸਰਕਾਰ ਨੇ ਰਾਸ਼ਟਰੀ ਸਿਹਤ ਪ੍ਰਣਾਲੀ ਸਰੋਤ ਕੇਂਦਰ ਰਾਹੀਂ ਨੌਂ ਮਸ਼ੀਨਾਂ ਦੀ ਮੰਗ ਭੇਜੀ ਸੀ, ਜਿਸ ਦੇ ਮੁਕਾਬਲੇ ਪੰਜ ਮਸ਼ੀਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਾਧੂ ਮਸ਼ੀਨਾਂ ਨੂੰ ਮਰੀਜ਼ਾਂ ਦੀ ਗਿਣਤੀ, ਸਥਾਨਕ ਲੋੜ ਅਤੇ ਸੇਵਾ ਦੀ ਮੰਗ ਦੇ ਅਧਾਰ ‘ਤੇ ਹੋਰ ਜ਼ਿਲ੍ਹਿਆਂ ਵਿੱਚ ਸਥਾਪਤ ਕੀਤਾ ਜਾਵੇਗਾ, ਤਾਂ ਜੋ ਰਾਜ ਦੇ ਵੱਧ ਤੋਂ ਵੱਧ ਖੇਤਰਾਂ ਵਿੱਚ ਮਹਿਲਾਵਾਂ ਨੂੰ ਗੁਣਵੱਤਾਪੂਰਣ ਜਾਂਚ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ।
ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਬ੍ਰੇਸਟ ਕੈਂਸਰ ਵਿਰੁੱਧ ਲੜਾਈ ਵਿੱਚ ਸ਼ੁਰੂਆਤੀ ਪਛਾਣ ਸਭ ਤੋਂ ਪ੍ਰਭਾਵੀ ਉਪਾਵਾਂ ਵਿੱਚੋਂ ਇੱਕ ਹੈ। ਸਮੇਂ ਸਿਰ ਜਾਂਚ ਨਾਲ ਨਾ ਸਿਰਫ ਇਲਾਜ ਵਧੇਰੇ ਸਫ਼ਲ ਹੁੰਦਾ ਹੈ, ਸਗੋਂ ਬੀਮਾਰੀ ਕਾਰਨ ਹੋਣ ਵਾਲੀਆਂ ਪੇਚੀਦਗੀਆਂ ਅਤੇ ਮੌਤ ਦਰ ਵਿੱਚ ਵੀ ਕਮੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਮੋਗ੍ਰਾਫੀ ਸੇਵਾਵਾਂ ਦਾ ਵਿਸਤਾਰ ਮਹਿਲਾਵਾਂ ਦੀ ਸਿਹਤ ਨੂੰ ਤਰਜੀਹ ਦੇਣ ਅਤੇ ਰਾਜ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਹਰਿਆਣਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਪਹਿਲਕਦਮੀ ਨਾਲ ਮਹਿਲਾਵਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਦੀ ਸਹੂਲਤ ਮਿਲੇਗੀ ਅਤੇ ਰਾਜ ਵਿੱਚ ਮਹਿਲਾ ਸਿਹਤ ਸੂਚਕਾਂ ਵਿੱਚ ਹਾਂਪੱਖੀ ਸੁਧਾਰ ਦੇਖਣ ਨੂੰ ਮਿਲੇਗਾ।
Leave a Reply