August 17, 2026

Justice News

ਅਵਾਮ ਦੀ ਆਵਾਜ਼

ਹੁਣ ਕੁਦਰਤ ਵੱਲ ਪਰਤਣ ਦਾ ਵੇਲਾ ਆ ਗਿਆ 

ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ,ਇਹ ਬਿਲਕੁਲ ਸੱਚ ਅਤੇ ਅਜੋਕੇ ਸਮੇਂ ਵਿੱਚ ਬਿਲਕੁਲ ਸਹੀ ਢੁਕਦੀ ਨਜ਼ਰ ਆਉਂਦੀ ਹੈ।ਮੱਧ ਪੂਰਬੀ ਦੇਸ਼ਾਂ ਦੇ ਟਕਰਾਅ ਕਰਕੇ ਦੇਸ਼ ਦੀ ਆਰਥਿਕਤਾ ਤੇ ਖ਼ਤਰਾ ਮੰਡਰਾ ਰਿਹਾ ਹੈ,ਇਹੀ ਕਾਰਣ ਹੈ ਕਿ ਪ੍ਰਧਾਨ ਮੰਤਰੀ ਜੀ ਦੁਆਰਾ ਆਪਣੇ ਸਰੁੱਖਿਅਤ ਅਮਲੇ ਨੂੰ ਘਟਾਉਣਾ, ਦੇਸ਼ ਵਾਸੀਆਂ ਨੂੰ ਪੈਟਰੋਲ ਡੀਜ਼ਲ, ਸਰੋਂ ਦੇ ਤੇਲ ਦੀ ਖ਼ਪਤ ਘੱਟ ਕਰਨ ਅਤੇ ਇੱਕ ਸਾਲ ਤੱਕ ਸੋਨੇ ਅਤੇ ਚਾਂਦੀ ਦੀ ਖ੍ਰੀਦ ਨਾ ਕਰਨ ਦਾ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਸੰਦੇਸ਼ ਮੁਤਾਬਿਕ ਲੋੜ ਅਨੁਸਾਰ ਪੈਟਰੋਲ ਡੀਜ਼ਲ ਦੀ ਵਰਤੋਂ ਕਰੋ, ਹੋ ਸਕੇ ਤਾਂ ਸਰਵਜਨਿਕ ਟਰਾਂਸਪੋਰਟ ਬੱਸਾਂ ਅਤੇ ਮੈਟਰੋ ਦਾ ਸਹਾਰਾ ਲਿਆ ਜਾਵੇ।ਇਹ ਗੱਲ ਚਿੰਤਨ ਕਰਨ ਲਈ ਜ਼ਰੂਰ ਮਜ਼ਬੂਰ ਕਰਦੀ ਹੈ ਕਿ ਦੇਸ਼ ਵਾਸੀਆਂ ਨੂੰ ਸੰਜਮ ਦਾ ਪਾਠ ਪੜ੍ਹਾ ਕੇ ਪ੍ਰਧਾਨ ਮੰਤਰੀ ਜੀ ਆਪ ਵਿਦੇਸ਼ੀ ਦੌਰੇ ਤੇ ਚਲੇ ਗਏ।
ਪ੍ਰਧਾਨ ਮੰਤਰੀ ਜੀ ਦੀ ਅਪੀਲ ਤੋਂ ਬਾਅਦ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਆਪਣੇ ਸਰੁੱਖਿਆ ਵਿੱਚ ਕਮੀ ਲਿਆਂਦੀ ਹੈ।ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੁਆਰਾ ਤਾਂ ਦੋ ਦਿਨ ਵਰਕ ਫਰਾਮ ਹੋਮ ਭਾਵ ਘਰ ਤੋਂ ਕੰਮ ਕਰਨ ਦਾ ਐਲਾਨ ਕੀਤਾ ਹੈ। ਆਪਣੇ ਅਧਿਕਾਰੀਆਂ ਦਾ ਵਿਦੇਸ਼ੀ ਦੌਰਾ ਵੀ ਰੱਦ ਕਰ ਦਿੱਤਾ ਹੈ।ਇਸ ਜੰਗ ਦੇ ਪਰਛਾਵੇਂ ਹੇਠ ਸਭ ਤੋਂ ਪਹਿਲਾਂ ਘਰੇਲੂ ਗੈਂਸ ਸਪਲਾਈ ਪ੍ਰਭਾਵਿਤ ਹੋਈ। ਇੱਕ ਵਾਰ ਸਿਲੰਡਰ ਬੂਕਿੰਗ ਕਰਵਾਏ ਤੋਂ ਬਾਅਦ ਅਗਲਾ ਸਿਲੰਡਰ ਪੰਤਾਲੀ ਦਿਨਾਂ ਬਾਅਦ ਬੜੀ ਮੁਸ਼ਿਕਲ ਨਾਲ ਮਿਲਣ ਲੱਗਾ,ਡਿਸਟਰੀਬਿਊਟਰਾਂ ਦੁਆਰਾ ਵਾਰ ਵਾਰ ਸਪਲਾਈ ਨਹੀਂ ਆਈ ਦੀ ਗੱਲ ਆਖੀਂ ਜਾਣ ਲੱਗੀ। ਜਿਹੜੇ ਪਰਿਵਾਰ ਛੋਟੇ ਹਨ ਉਹ ਤਾਂ ਔਖਾ ਸੌਖਾ ਲੱਕੜੀ ਬਾਲਣ ਦੀ ਮਦਦ ਨਾਲ ਪੰਤਾਲੀ ਦਿਨ ਉਡੀਕ ਕਰ ਲੈਣਗੇ ਪ੍ਰੰਤੂ ਜਿਹੜੇ ਪਰਿਵਾਰ ਵੱਡੇ ਹਨ ਜਿਨ੍ਹਾਂ ਕੋਲ਼ ਲੱਕੜੀ ਬਾਲਣ ਵੀ ਨਹੀਂ ਉਹ ਭੋਜ਼ਨ ਕਿਵੇਂ ਬਣਾਉਣੇ ਇਹ ਚਿੰਤਾ ਵਾਲੀ ਗੱਲ ਹੈ।ਇਹ ਸਾਰਾ ਸੰਕਟ ਜ਼ੋ ਦੇਸ਼ ਤੇ ਮੰਡਰਾ ਰਿਹਾ ਹੈ ਇਹ ਕੋਈ ਨਵੀਂ ਗੱਲ ਨਹੀਂ,ਜਿਸ ਤਰ੍ਹਾਂ ਮਨੁੱਖ ਨੇ ਕੰਕਰੀਟਾਂ ਦੇ ਜੰਗਲ ਉਸਾਰ ਅੱਖਾਂ ਤੇ ਲਾਲਚ ਦੀ ਪੱਟੀ ਬੰਨ੍ਹ ਕੁਦਰਤ  ਨੂੰ ਵਿਨਾਸ਼ ਕਰਨ ਦਾ ਬੀੜਾ ਚੁੱਕਿਆ ਹੈ, ਇਸ ਦੇ ਨਤੀਜੇ ਤਾਂ ਇੱਕ ਦਿਨ ਭੁਗਤਣੇ ਪੈਣੇ ਸਨ, ਜਿਨ੍ਹਾਂ ਦੀ ਸ਼ੁਰੂਆਤ ਹੋਈ ਜਾਪਦੀ ਹੈ।ਇਹ ਗੱਲ ਸੱਤਵੀਂ ਅੱਠਵੀਂ ਜਮਾਤ ਦੇ ਵਿਦਿਆਰਥੀ ਵੀ ਜਾਣਦੇ ਹਨ ਕਿ ਕੋਲਾ, ਪੈਟਰੋਲ ਅਤੇ ਡੀਜ਼ਲ ਨਾ ਨਵਿਆਉਣਯੋਗ ਊਰਜਾ ਦੇ ਸੋਮੇ ਹਨ ਭਾਵ ਜ਼ੋ ਖ਼ਤਮ ਹੋ ਸਕਦੇ ਹਨ ,ਇਸ ਲਈ ਇਹਨਾਂ ਦੀ ਵਰਤੋਂ ਸੰਜ਼ਮ ਨਾਲ ਕਰਨ ਵਿੱਚ ਹੀ ਭਲਾਈ ਹੈ ਪਰੰਤੂ ਮਨੁੱਖ ਉਸ ਸਮੇਂ ਨਹੀਂ ਸਮਝਿਆ, ਹੁਣ ਇੱਕੋਂ ਦਮ ਤੇਲ ਦੀ ਖ਼ਪਤ ਤੇ ਬ੍ਰੇਕ ਲੱਗਣਾ ਬਹੁਤ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ। ਅੰਕੜੇ ਕੁੱਝ ਵੀ ਕਹਿਣ ਕਿ ਦੇਸ਼ ਕੋਲ ਦੋ ਮਹੀਨਿਆਂ ਦਾ ਸਟਾਕ ਮੌਜੂਦ ਹੈ ਪਰੰਤੂ ਆਮ ਵਿਅਕਤੀ ਸ਼ਸ਼ੋਪੰਜ ਵਿੱਚ ਹੈ ਕਿ ਕੱਲ੍ਹ ਨੂੰ ਕੀ ਕਰਾਂਗੇ?
ਅੱਜ ਪੈਟਰੋਲ ਅਤੇ ਡੀਜ਼ਲ ਦਾ ਵਿਕਲਪ ਲੱਭਿਆ ਜਾ ਰਿਹਾ ਹੈ ।ਸੀ ਐੱਨ ਜੀ ਦਾ ਰੇਟ ਵੀ ਰਿਕਾਰਡ ਤੋੜ ਰਿਹਾ ਹੈ।ਈ ਵ੍ਹੀਕਲ ਲਈ ਦੇਸ਼ ਵਿੱਚ ਚਾਰਜਰਾ ਦੇ ਨਾਲ ਨਾਲ ਬਿਜ਼ਲੀ ਦੀ ਘਾਟ ਵੀ ਰੜਕਦੀ ਹੈ।ਆਉਣ ਵਾਲੇ ਸਮੇਂ ਵਿੱਚ ਬਿਜ਼ਲੀ ਦੀ ਵੀ ਕਿੱਲਤ ਵੀ ਆਵੇਗੀ ਕਿਉਂਕਿ ਕਿਸਾਨਾਂ ਨੂੰ ਵੀ ਝੋਨਾ ਲਾਉਣ ਸਮੇਂ ਬਿਜ਼ਲੀ ਦੀ ਜ਼ਰੂਰਤ ਹੋਵੇਗੀ।ਹੁਣ ਅਸੀਂ ਫ਼ਾਲਤੂ ਖਰਚੇ ਘਟਾਉਣ ਦੀ ਗੱਲ ਕਰ ਰਹੇ ਹਾਂ, ਜ਼ੇਕਰ ਪਹਿਲਾਂ ਹੀ ਸੰਭਲੇ ਹੁੰਦੇ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ, ਮਨੁੱਖ ਦੀ ਫ਼ਿਤਰਤ ਹੀ ਮੱਛੀ ਦੀ ਤਰ੍ਹਾਂ ਹੈ ਜ਼ੋ ਪੱਥਰ ਚੱਟ ਕੇ ਹੀ ਮੁੜਦਾ ਹੈ। ਲੋਕਾਂ ਨੂੰ ਜਿੱਥੇ ਅਜਿਹੇ ਹਾਲਤਾਂ ਵਿੱਚ ਸੰਜਮਤਾ ਵਰਤਣੀ ਹੋਵੇਗੀ ਉਥੇ ਸਰਕਾਰ ਨੂੰ ਵੀ ਲੋਕਾਂ ਵਿੱਚ ਪੈਦਾ ਹੋਏ ਡਰ ਨੂੰ ਘੱਟ ਕਰਨ ਲਈ ਯਤਨ ਕਰਨੇ ਹੋਣਗੇ ਤਾਂ ਜ਼ੋ ਸਹਿਮ ਦਾ ਮਾਹੌਲ ਨਾ ਬਣੇ।
                          ਰਜਵਿੰਦਰ ਪਾਲ ਸ਼ਰਮਾ
                          ਪਿੰਡ ਕਾਲਝਰਾਣੀ
                          ਡਾਕਖਾਨਾ ਚੱਕ ਅਤਰ ਸਿੰਘ ਵਾਲਾ
                          ਤਹਿ ਅਤੇ ਜਿਲ੍ਹਾ ਬਠਿੰਡਾ
                          7087367969

Leave a Reply

Your email address will not be published. Required fields are marked *

Copyright © All rights reserved. | Newsphere by AF themes.