August 17, 2026

Justice News

ਅਵਾਮ ਦੀ ਆਵਾਜ਼

ਪਾਇਲ ਹਲਕੇ ਦੇ 10 ਪਿੰਡਾਂ ਨੂੰ ਮਿਲੀ ਵਿਕਾਸ ਦੀ ਵੱਡੀ ਸੌਗਾਤ, ਵਿਧਾਇਕ ਗਿਆਸਪੁਰਾ ਨੇ ਕੀਤੇ ਉਦਘਾਟਨ

ਪਾਇਲ, ਖੰਨਾ, (ਲੁਧਿਆਣਾ)
( ਜਸਟਿਸ ਨਿਊਜ਼)
ਪਾਇਲ ਹਲਕੇ ਦੇ ਲੋਕਾਂ ਨੂੰ ਵਿਕਾਸ ਦੀ ਇੱਕ ਹੋਰ ਵੱਡੀ ਸੌਗਾਤ ਦਿੰਦਿਆਂ ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ 10 ਪਿੰਡਾਂ ਵਿੱਚ ਕਰੀਬ 1.25 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਹਰ ਵਰਗ ਅਤੇ ਹਰ ਖੇਤਰ ਦੇ ਵਿਕਾਸ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਟੀਚੇ ਨਾਲ ਸਰਕਾਰ ਲਗਾਤਾਰ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਰਹੀ ਹੈ।
ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਪਿੰਡਾਂ ਦੇ ਵਿਕਾਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਕਈ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਗਏ ਸਨ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਸੰਭਾਲਣ ਤੋਂ ਬਾਅਦ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦੇ ਕੇ ਵੱਡੇ ਪੱਧਰ ‘ਤੇ ਫੰਡ ਜਾਰੀ ਕੀਤੇ ਹਨ। ਇਸੇ ਦਾ ਨਤੀਜਾ ਹੈ ਕਿ ਅੱਜ ਪਾਇਲ ਹਲਕੇ ਦੇ ਪਿੰਡਾਂ ਵਿੱਚ ਗਲੀਆਂ-ਨਾਲੀਆਂ, ਸੜਕਾਂ, ਪੀਣ ਵਾਲੇ ਪਾਣੀ ਅਤੇ ਹੋਰ ਲੋਕ ਭਲਾਈ ਨਾਲ ਜੁੜੇ ਕੰਮ ਤੇਜ਼ੀ ਨਾਲ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਰਮਸਰ ਰਾੜਾ ਸਾਹਿਬ, ਘੁਡਾਣੀ ਕਲਾਂ, ਦਾਊਮਾਜਰਾ, ਅਲੂਣਾ ਮਿਆਣਾ, ਦੀਵਾ ਮੰਡੇਰ, ਜਰਗ, ਮਲਕਪੁਰ ਅਤੇ ਭਰਥਲਾ ਰੰਧਾਵਾ ਸਮੇਤ 10 ਪਿੰਡਾਂ ਵਿੱਚ ਕਰੀਬ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਗਲੀਆਂ ਅਤੇ ਨਾਲੀਆਂ ਦੀ ਉਸਾਰੀ, ਖਰਾਬ ਸੜਕਾਂ ਦੀ ਮੁਰੰਮਤ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਵਿੱਚ ਸੁਧਾਰ ਅਤੇ ਹੋਰ ਜਨਹਿੱਤ ਪ੍ਰੋਜੈਕਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਪਿੰਡਾਂ ਦੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਕਰਵਾਏ ਗਏ ਹਨ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਵਿਕਾਸ ਦਾ ਲਾਭ ਹਰ ਘਰ ਤੱਕ ਪਹੁੰਚੇ। ਇਸੇ ਕਰਕੇ ਸਰਕਾਰ ਵੱਲੋਂ ਸਿੱਖਿਆ, ਸਿਹਤ, ਬਿਜਲੀ, ਪਾਣੀ, ਸੜਕਾਂ ਅਤੇ ਸਫਾਈ ਵਰਗੇ ਖੇਤਰਾਂ ਵਿੱਚ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਕੰਮ ਕਰਵਾਏ ਜਾ ਰਹੇ ਹਨ।
ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਮਿਸ਼ਨ ਕਲੀਨ ਪੰਜਾਬ” ਮੁਹਿੰਮ ਦਾ ਵੀ ਭਰਪੂਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਬਹੁਤ ਹੀ ਦੂਰਅੰਦੇਸ਼ੀ ਵਾਲਾ ਅਤੇ ਲੋਕ ਹਿੱਤ ਵਿੱਚ ਲਿਆ ਗਿਆ ਫੈਸਲਾ ਹੈ। ਸੂਬੇ ਭਰ ਵਿੱਚ ਸਫਾਈ ਨੂੰ ਲੈ ਕੇ ਚਲਾਈ ਜਾ ਰਹੀ ਇਹ ਮੁਹਿੰਮ ਲੋਕਾਂ ਦੀ ਸਿਹਤ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਫਾਈ ਦਾ ਮਾਹੌਲ ਬਣੇਗਾ ਤਾਂ ਬਿਮਾਰੀਆਂ ਵਿੱਚ ਵੀ ਕਮੀ ਆਵੇਗੀ ਅਤੇ ਲੋਕਾਂ ਦਾ ਜੀਵਨ ਪੱਧਰ ਹੋਰ ਬਿਹਤਰ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਐਲਾਨ ਨਹੀਂ ਕਰ ਰਹੀ, ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਲੋਕਾਂ ਨੂੰ ਨਤੀਜੇ ਵੀ ਦਿਖਾ ਰਹੀ ਹੈ। ਪਾਇਲ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜ ਇਸ ਗੱਲ ਦਾ ਸਪੱਸ਼ਟ ਸਬੂਤ ਹਨ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਿੰਡ ਵਾਸੀਆਂ ਨੇ ਵੀ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਪੈਂਡਿੰਗ ਪਏ ਕਈ ਕੰਮ ਹੁਣ ਪੂਰੇ ਹੋ ਰਹੇ ਹਨ, ਜਿਸ ਨਾਲ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।
ਇਸ ਮੌਕੇ ਦੀਵਾ ਮੰਡੇਰ ਦੇ ਸਰਪੰਚ ਹਰਪ੍ਰੀਤ ਸਿੰਘ, ਪੰਚ ਨਵਰੀਤ ਕੌਰ, ਪੰਚ ਪਰਮਜੀਤ ਕੌਰ, ਪੰਚ ਸੁਖਵਿੰਦਰ ਸਿੰਘ, ਪੰਚ ਮੋਹਣ ਸਿੰਘ, ਜਗਤਾਰ ਸਿੰਘ ਮੰਡੇਰ, ਜਸਪ੍ਰੀਤ ਸਿੰਘ, ਬਲਵੀਰ ਸਿੰਘ, ਸੋਢੀ ਸਿੰਘ, ਗੁਰਦੀਪ ਸਿੰਘ, ਕੇਹਰ ਸਿੰਘ ਫੌਜੀ, ਨਿਰਮਲ ਸਿੰਘ ਫੌਜੀ, ਜਗਜੀਤ ਸਿੰਘ ਜੇਈ ਬਿਜਲੀ ਬੋਰਡ, ਜਗਤਾਰ ਸਿੰਘ ਸਿੱਧੂ, ਘੁਡਾਣੀ ਕਲਾਂ ਦੇ ਸਰਪੰਚ ਗੁਰਿੰਦਰ ਸਿੰਘ, ਅਮਨ ਜਰਗ, ਬਲਜੀਤ ਸਿੰਘ ਕਾਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.