ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਰਾਸ਼ਨ ਡੀਪੂਆਂ ‘ਚ ਬੇਨਿਯਮੀਆਂ ਦਾ ਲਿਆ ਸਖ਼ਤ ਨੋਟਿਸ, ਮੌਕੇ ‘ਤੇ ਕਾਰਵਾਈ ਦੇ ਦਿੱਤੇ ਹੁਕਮ
ਅੰਮ੍ਰਿਤਸਰ
( ਰਣਜੀਤ ਸਿੰਘ ਮਸੌਣ/ ਸੁਰਿੰਦਰ ਸਿੰਘ ਸੋਨੂੰ)
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨਐਫਐਸਏ) ਦੀਆਂ ਧਾਰਾਵਾਂ ਤਹਿਤ ਅੰਮ੍ਰਿਤਸਰ ਦੇ ਕੋਟ ਖਾਲਸਾ ਖੇਤਰ ਵਿੱਚ ਵੱਖ-ਵੱਖ ਸਰਕਾਰੀ ਰਾਸ਼ਨ ਡਿਪੂਆਂ ਦਾ ਨਿਰੀਖਣ ਕੀਤਾ। ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ (ਡੀਐਫਐਸਸੀ) ਹਰਵੀਨ ਕੌਰ ਨਿਰੀਖਣ ਦੌਰਾਨ ਉਨ੍ਹਾਂ ਦੇ ਨਾਲ ਸਨ। ਇਸ ਦੌਰੇ ਦੌਰਾਨ, ਵਾਰਡ ਨੰ. 66 ਦੇ ਕੌਂਸਲਰ ਵਿਰਾਟ ਦੇਵਗਨ ਅਤੇ ਵਾਰਡ ਨੰਬਰ 71 ਦੇ ਕੌਂਸਲਰ ਸ਼ਮਸ਼ੇਰ ਸਿੰਘ ਸੰਧੂ ਨੇ ਕਮਿਸ਼ਨ ਅੱਗੇ ਡਿਪੂ ਹੋਲਡਰਮਨੋਜ ਕੁਮਾਰ ਅਤੇ ਹਰੀ ਓਮ ਵਿਰੁੱਧ ਸ਼ਿਕਾਇਤਾਂ ਪੇਸ਼ ਕੀਤੀਆਂ। ਸ਼ਿਕਾਇਤਾਂ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸਬੰਧਤ ਡੀਪੂ ਹੋਲਡਰ ਲਾਭਪਾਤਰੀਆਂ ਨੂੰ ਸਮੇਂ ਸਿਰ ਕਣਕ ਨਹੀਂ ਵੰਡ ਰਹੇ ਸਨ ਅਤੇ ਉਨ੍ਹਾਂ ਨਾਲ ਬਦਤਮੀਜ਼ੀ ਕਰ ਰਹੇ ਸਨ।
ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਵੀ ਮੌਕੇ ‘ਤੇ ਇਕੱਠੇ ਹੋਏ ਅਤੇ ਦੋਵਾਂ ਡੀਪੂ ਹੋਲਡਰਾਂ ਵਿਰੁੱਧ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਦਾ ਪ੍ਰਗਟਾਵਾ ਕੀਤਾ। ਵਸਨੀਕਾਂ ਨੇ ਰਾਸ਼ਨ ਵੰਡ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਹੱਕਦਾਰ ਅਨਾਜ ਪ੍ਰਾਪਤ ਕਰਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲਰ ਵਿਰਾਟ ਦੇਵਗਨ ਅਤੇ ਸ਼ਮਸ਼ੇਰ ਸਿੰਘ ਸੰਧੂ ਨੇ ਕਿਹਾ ਕਿ ਕੁੱਝ ਡਿਪੂ ਹੋਲਡਰਾਂ ਦੀ ਲਾਪਰਵਾਹੀ, ਮਨਮਾਨੀ ਅਤੇ ਅਣਉਚਿੱਤ ਵਿਵਹਾਰ ਪੰਜਾਬ ਸਰਕਾਰ ਦੇ ਅਕਸ ਨੂੰ ਖ਼ਰਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤ ਲਈ ਕਈ ਭਲਾਈ ਯੋਜਨਾਵਾਂ ਲਾਗੂ ਕਰ ਰਹੀ ਹੈ ਅਤੇ ਇੱਕ ਪਾਰਦਰਸ਼ੀ ਅਤੇ ਕੁਸ਼ਲ ਰਾਸ਼ਨ ਵੰਡ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਹਾਲਾਂਕਿ, ਕੁੱਝ ਡਿਪੂ ਹੋਲਡਰਾਂ ਦਾ ਵਿਵਹਾਰ ਜਨਤਾ ਵਿੱਚ ਅਸੰਤੁਸ਼ਟੀ ਪੈਂਦਾ ਕਰਦਾ ਹੈ ਅਤੇ ਸਰਕਾਰ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਨੇ ਅਜਿਹੇ ਡਿਪੂ ਹੋਲਡਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਆਪਣਾ ਹੱਕ ਮਿਲ ਸਕੇ।
ਇਸ ਮੌਕੇ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਕਮਿਸ਼ਨ ਮੈਂਬਰ ਵਿਜੇ ਦੱਤ ਨੇ ਡੀਐਫਐਸਸੀ ਹਰਵੀਨ ਕੌਰ ਨੂੰ ਮੌਕੇ ‘ਤੇ ਸਾਰੇ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੱਗੇ ਹਦਾਇਤ ਕੀਤੀ ਕਿ ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਡਿਪੂ ਹੋਲਡਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਵਿਜੇ ਦੱਤ ਨੇ ਕਿਹਾ ਕਿ ਪੰਜਾਬ ਰਾਜ ਖੁਰਾਕ ਕਮਿਸ਼ਨ ਦੀ ਸ਼ਿਕਾਇਤ ਅਤੇ ਹੈਲਪਲਾਈਨ ਨੰਬਰ 98767-64545 ਨੂੰ ਰਾਜ ਭਰ ਦੇ ਸਾਰੇ ਸਰਕਾਰੀ ਰਾਸ਼ਨ ਡਿਪੂਆਂ ‘ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਿੱਧੇ ਤੌਰ ‘ਤੇ ਕਮਿਸ਼ਨ ਕੋਲ ਸ਼ਿਕਾਇਤਾਂ ਦਰਜ ਕਰਵਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਰਾਸ਼ਨ ਡਿਪੂ ਦੇ ਬਾਹਰ ਕਮਿਸ਼ਨ ਦਾ ਹੈਲਪਲਾਈਨ ਨੰਬਰ ਪ੍ਰਦਰਸ਼ਿਤ ਨਹੀਂ ਕੀਤਾ ਜਾਂਦਾ ਹੈ, ਤਾਂ ਇਲਾਕੇ ਦੇ ਸਬੰਧਤ ਫ਼ੂਡ ਇੰਸਪੈਕਟਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਇਸ ਨਿਰੀਖਣ ਦੌਰਾਨ, ਉਨ੍ਹਾਂ ਨੇ ਪੰਜਾਬ ਸਰਕਾਰ ਦੀ “ਮੇਰੀ ਰਸੋਈ ਯੋਜਨਾ” ਤਹਿਤ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਰਾਸ਼ਨ ਕਿੱਟਾਂ ਦੀ ਵੰਡ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਡੀਐਫਐਸਸੀ ਹਰਵੀਨ ਕੌਰ ਨੇ ਕਮਿਸ਼ਨ ਨੂੰ ਦੱਸਿਆਂ ਕਿ ਹੁਣ ਤੱਕ ਲਗਭਗ 94,000 ਰਾਸ਼ਨ ਕਿੱਟਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 50,000 ਤੋਂ ਵੱਧ ਕਿੱਟਾਂ ਪਹਿਲਾਂ ਹੀ ਵੰਡੀਆਂ ਜਾ ਚੁੱਕੀਆਂ ਹਨ।
ਇਸ ਸਬੰਧੀ ਵਿਜੇ ਦੱਤ ਨੇ ਦੱਸਿਆਂ ਕਿ ਉਹ ਅੰਮ੍ਰਿਤਸਰ ਦੇ ਦੋ ਦਿਨਾਂ ਦੌਰੇ ‘ਤੇ ਹਨ। ਅੱਜ ਸ਼ਹਿਰ ਦੇ ਵੱਖ-ਵੱਖ ਰਾਸ਼ਨ ਡਿਪੂਆਂ ਦਾ ਨਿਰੀਖਣ ਕਰਨ ਤੋਂ ਬਾਅਦ, ਉਹ ਕੱਲ੍ਹ ਅਜਨਾਲਾ ਖੇਤਰ ਦੇ ਰਾਸ਼ਨ ਡਿਪੂਆਂ ਦਾ ਦੌਰਾ ਕਰਨਗੇ ਤਾਂ ਜੋ ਉੱਥੇ ਰਾਸ਼ਨ ਵੰਡ ਪ੍ਰਣਾਲੀ ਦੇ ਕੰਮਕਾਜ ਦਾ ਜਾਇਜ਼ਾ ਲਿਆ ਜਾ ਸਕੇ।