August 17, 2026

Justice News

ਅਵਾਮ ਦੀ ਆਵਾਜ਼

ਬੇਰੁਜ਼ਗਾਰ ਲਾਈਨਮੈਨਾਂ ‘ਤੇ ਡੀ ਐਸ ਪੀ ਸਿੰਗਲਾ ਵਲੋ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜਿਆ : ਐਡਵੋਕੇਟ ਸੂਰਜ ਸਿੰਘ-ਲਾਠੀਚਾਰਜ ਤੋਂ ਬਾਅਦ ਹੁਣ ਤੱਕ ਮੁੱਖ ਮੰਤਰੀ ਦੀ ਚੁੱਪ ਸ਼ੱਕ ਦੇ ਘੇਰੇ ਵਿੱਚ

ਹੁਸ਼ਿਆਰਪੁਰ 

( ਤਰਸੇਮ ਦੀਵਾਨਾ ) 

ਆਪਣੇ ਹੱਕਾਂ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨਾਂ ‘ਤੇ ਡੀ.ਐੱਸ.ਪੀ. ਸੰਜੀਵ ਸਿੰਗਲਾ ਅਤੇ ਉਨ੍ਹਾਂ ਦੇ ਸਾਥੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਕੁੱਟਮਾਰ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਈ.ਟੀ.ਆਈ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੂਰਜ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬੇਰੁਜ਼ਗਾਰਾਂ ‘ਤੇ ਪਸ਼ੂਆਂ ਤੋਂ ਵੀ ਭੈੜੀ ਕੀਤੀ ਗਈ ਕੁੱਟਮਾਰ ਨੇ ਪੂਰੇ ਸੂਬੇ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਧੀ ਚੁੱਪ
​ਐਡਵੋਕੇਟ ਸੂਰਜ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਸ ਦਰਦਨਾਕ ਲਾਠੀਚਾਰਜ ਦੀ ਘਟਨਾ ‘ਤੇ ਮੁੱਖ ਮੰਤਰੀ ਨੇ ਪੂਰੀ ਤਰ੍ਹਾਂ ਚੁੱਪੀ ਸਾਧੀ ਹੋਈ ਹੈ। ਘਟਨਾ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਮੁੱਖ ਮੰਤਰੀ ਵੱਲੋਂ ਇਸ ਹਿੰਸਕ ਕਾਰਵਾਈ ‘ਤੇ ਅਜੇ ਤੱਕ ਇੱਕ ਵੀ ਬਿਆਨ ਨਹੀਂ ਆਇਆ, ਜੋ ਕਿ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਹੈ। ਉਹਨਾ ਕਿਹਾ ਕਿ
​”ਭਾਰਤ ਇੱਕ ਲੋਕਤੰਤਰ ਦੇਸ਼ ਹੈ, ਜਿੱਥੇ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਸ਼ਾਂਤਮਈ ਧਰਨੇ-ਮੁਜ਼ਾਹਰੇ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀ ਨੌਜਵਾਨ ਕੋਈ ਬਾਹਰਲੇ ਮੁਲਕ ਤੋਂ ਨਹੀਂ ਆਏ ਸਨ ਅਤੇ ਨਾ ਹੀ ਉਹ ਕੋਈ ਅੱਤਵਾਦੀ ਸਨ। ਉਹ ਪੜ੍ਹਾਈ ਕਰਕੇ ਸੜਕਾਂ ‘ਤੇ ਧਰਨੇ ਲਾ ਕੇ ਸਿਰਫ਼ ਰੁਜ਼ਗਾਰ ਹੀ ਮੰਗ ਰਹੇ ਸਨ। ਕੀ ਸਰਕਾਰ ਕੋਲੋਂ ਰੁਜ਼ਗਾਰ ਮੰਗਣਾ ਹੀ ਕੋਈ ਗੁਨਾਹ ?

ਪੁਲਿਸ ਦੀ ਦੋਹਰੀ ਨੀਤੀ ‘ਤੇ ਚੁੱਕੇ ਸਵਾਲ

​ਡੀ.ਐੱਸ.ਪੀ. ਸਿੰਗਲਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਅਕਾਲੀ ਆਗੂ ਨੇ ਭਾਵੁਕ ਹੁੰਦਿਆਂ ਕਿਹਾ, “ਕਾਸ਼! ਤੇਰੇ ਆਪਣੇ ਬੱਚੇ ਵੀ ਇਸ ਧਰਨੇ ਵਿੱਚ ਬੈਠ ਕੇ ਰੁਜ਼ਗਾਰ ਮੰਗ ਰਹੇ ਹੁੰਦੇ, ਕੀ ਤੂੰ ਉਦੋਂ ਵੀ ਉਨ੍ਹਾਂ ‘ਤੇ ਇਸੇ ਤਰ੍ਹਾਂ ਲਾਠੀਚਾਰਜ ਕਰਦਾ?”
​ਉਨ੍ਹਾਂ ਪੁਲਿਸ ਦੀ ਦੋਹਰੀ ਨੀਤੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਭਾਜਪਾ ਆਗੂ ਰਵਨੀਤ ਬਿੱਟੂ ਵਲੋ ਬੀਤੇ ਦਿਨੀ ਪੁਲਿਸ ਵਾਲਿਆਂ ਨਾਲ ਕੀਤੀ ਗਈ ਬਦਸਲੁਕੀ ਘਟਨਾ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਭਾਜਪਾ ਆਗੂ ਰਵਨੀਤ ਬਿੱਟੂ ਨੇ ਪੁਲਿਸ ਦੇ ਗਲ ਨੂੰ ਹੱਥ ਪਾਇਆ ਸੀ ਅਤੇ ਐੱਸ.ਐੱਸ.ਪੀ. ਨੂੰ ਸ਼ਰੇਆਮ ਧਮਕਾਉਂਦਿਆਂ ਕਿਹਾ ਸੀ ਕਿ ‘ਜੇ ਤੂੰ ਲੇਡੀ ਨਾ ਹੁੰਦੀ ਤਾਂ ਮੈਂ ਤੁਹਾਡੀ ਛਿੱਲ ਲਾਹ ਕੇ ਰੱਖ ਦੇਣੀ ਸੀ’। ਐਡਵੋਕੇਟ ਸੂਰਜ ਸਿੰਘ ਨੇ ਪੁੱਛਿਆ ਕਿ ਉਦੋਂ ਪੁਲਿਸ ਦੀ ਲਾਠੀ ਕਿੱਥੇ ਗਈ ਸੀ? ਉਦੋਂ ਪੁਲਿਸ ਦੀ ਜ਼ੁਬਾਨ ਕਿਉਂ ਬੰਦ ਸੀ? ਜੇ ਪੁਲਿਸ ਵਿੱਚ ਹਿੰਮਤ ਸੀ ਤਾਂ ਬਿੱਟੂ ਦੇ ਸਾਹਮਣੇ ਕਿਉਂ ਨਹੀਂ ਬੋਲੇ ਅਤੇ ਉਸ ‘ਤੇ ਡੰਡਾ ਕਿਉਂ ਨਹੀਂ ਫੇਰਿਆ?
ਗਰੀਬਾਂ ‘ਤੇ ਵਰਦੀ ਦਾ ਰੋਅਬ
​ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਿਰਫ਼ ਗਰੀਬ ਅਤੇ ਬੇਸਹਾਰਾ ਬੇਰੁਜ਼ਗਾਰ ਨੌਜਵਾਨਾਂ ‘ਤੇ ਹੀ ਆਪਣੀ ਵਰਦੀ ਅਤੇ ਸਟਾਰਾਂ ਦਾ ਰੋਅਬ ਪਾ ਸਕਦਾ ਹੈ, ਜਦਕਿ ਸਿਆਸੀ ਆਗੂਆਂ ਸਾਹਮਣੇ ਇਹ ਬੇਵੱਸ ਹੋ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਸਰਕਾਰ ਤੇ ਪੁਲਿਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਰਹੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.