August 17, 2026

Justice News

ਅਵਾਮ ਦੀ ਆਵਾਜ਼

ਦੀਵਾਨ ਨੇ ਬਿੱਟੂ ਦੇ ਪੰਜਾਬ ਦੀ ਸੇਵਾ ਵਾਲੇ ਦਾਅਵੇ ਦੀ ਖੋਲੀ ਪੋਲ,ਕਿਹਾ: ਰਾਜ ਸਭਾ ਸੀਟ ਨਾ ਮਿਲਣਾ ਬਿੱਟੂ ਦੀ ਨਾਕਾਮੀ ਦਾ ਸਬੂਤ; 2027 ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਦੀ ਹਾਰ ਪੱਕੀ: ਦੀਵਾਨ

ਲੁਧਿਆਣਾ

( ਜਸਟਿਸ ਨਿਊਜ਼ )

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ’ਤੇ ਤਿੱਖਾ ਸਵਾਲ ਖੜ੍ਹਾ ਕੀਤਾ ਹੈ, ਜਿਸ ਵਿੱਚ ਇਨ੍ਹਾਂ ਨੇ ਕਿਹਾ ਸੀ ਕਿ ਲੋਕ ਸਭਾ ਅਤੇ ਰਾਜ ਸਭਾ ਵਿੱਚ 17 ਸਾਲ ਬਿਤਾਉਣ ਤੋਂ ਬਾਅਦ ਹੁਣ ਉਹ “ਪੰਜਾਬ ਦੀ ਸੇਵਾ” ਕਰਨਾ ਚਾਹੁੰਦੇ ਹਨ।

ਦੀਵਾਨ ਨੇ ਇਸ ਬਿਆਨ ਨੂੰ ਹੈਰਾਨੀਜਨਕ ਕਰਾਰ ਦਿੰਦਿਆਂ, ਕਿਹਾ ਕਿ ਬਿੱਟੂ ਇੱਕ ਵਾਰ ਸ਼੍ਰੀ ਆਨੰਦਪੁਰ ਸਾਹਿਬ ਅਤੇ ਦੋ ਵਾਰ ਲੁਧਿਆਣਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਸ਼੍ਰੀ ਆਨੰਦਪੁਰ ਸਾਹਿਬ ਜਾਂ ਲੁਧਿਆਣਾ ਮਹਾਰਾਸ਼ਟਰ ਜਾਂ ਤਮਿਲਨਾਡੂ ਵਿੱਚ ਪੈਂਦੇ ਹਨ? ਕੀ ਉਹ 15 ਸਾਲ ਲੋਕ ਸਭਾ ਵਿੱਚ ਬੈਠ ਕੇ ਪੰਜਾਬ ਦੀ ਸੇਵਾ ਨਹੀਂ ਕਰ ਰਹੇ ਸਨ? ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਹਮੇਸ਼ਾ ਸੂਬੇ ਨਾਲ ਸਬੰਧਤ ਹਰ ਅਹਿਮ ਮੁੱਦਾ ਸੰਸਦ ਵਿੱਚ ਉਠਾਇਆ ਹੈ।

ਦੀਵਾਨ ਨੇ ਦਾਅਵਾ ਕੀਤਾ ਕਿ ਬਿੱਟੂ ਦੇ ਇਸ ਬਿਆਨ ਪਿੱਛੇ ਦੀ ਹਕੀਕਤ ਕੁਝ ਹੋਰ ਹੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਬਿੱਟੂ ਭਾਜਪਾ ਦੀਆਂ ਉਮੀਦਾਂ ’ਤੇ ਖਰਾ ਉਤਰਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ, ਜਿਸ ਕਾਰਨ ਪਾਰਟੀ ਨੇ ਇਨ੍ਹਾਂ ਨੂੰ ਰਾਜ ਸਭਾ ਦੀ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ। ਇਸਦੇ ਨਾਲ ਹੀ ਇਨ੍ਹਾਂ ਨੂੰ ਆਪਣਾ ਬਿਸਤਰਾ ਗੋਲ ਕਰਕੇ ਪੰਜਾਬ ਆਉਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਇਕਾਈ ਲਈ ਮਿਹਨਤ ਕਰਕੇ ਆਪਣੀ ਯੋਗਤਾ ਸਾਬਤ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸ਼ਰਮਿੰਦਗੀ ਤੋਂ ਬਚਣ ਲਈ ਬਿੱਟੂ ਹੁਣ ਆਪਣੇ ਆਪ ਨੂੰ ਪੰਜਾਬ ਦਾ “ਮਸੀਹਾ” ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸਾਬਕਾ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਪ੍ਰਧਾਨ ਨੇ ਬਿੱਟੂ ਤੋਂ ਇਹ ਵੀ ਪੁੱਛਿਆ ਕਿ ਲੋਕ ਸਭਾ ਵਿੱਚ ਆਪਣੇ 15 ਸਾਲਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਨੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੀ ਕੀਤਾ ਹੈ? ਦੀਵਾਨ ਨੇ ਇਨ੍ਹਾਂ ਨੂੰ ਇੱਕ ਖੋਖਲਾ ਅਤੇ ਮੌਕਾਪ੍ਰਸਤ ਆਗੂ ਕਰਾਰ ਦਿੱਤਾ ਹੈ, ਜਿਸਨੇ ਮੌਕਾ ਆਉਣ ਤੇ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਸੀ, ਜਦੋਂ ਕਿ ਇਨ੍ਹਾਂ ਦੇ ਦਾਦਾ ਜੀ ਨੇ ਪੰਜਾਬ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਅਤੇ ਕਾਂਗਰਸ ਨੇ ਇਨ੍ਹਾਂ ਨੂੰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵੱਡੇ ਜੱਥੇਬੰਦਕ ਅਹੁਦੇ ਦਿੱਤੇ ਸਨ ਅਤੇ ਤਿੰਨ ਵਾਰ ਸੰਸਦ ਮੈਂਬਰ ਬਣਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਬਿੱਟੂ ਨੂੰ ਸਿਰਫ਼ ਆਪਣੇ ਸਿਆਸੀ ਭਵਿੱਖ ਦੀ ਚਿੰਤਾ ਹੈ ਅਤੇ ਲੋਕਾਂ ਦੀ ਭਲਾਈ ਨਾਲ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਬਿੱਟੂ ਦੇ ਸਿਆਸੀ ਭਵਿੱਖ ਬਾਰੇ ਭਵਿੱਖਬਾਣੀ ਕਰਦਿਆਂ ਦੀਵਾਨ ਨੇ ਕਿਹਾ ਕਿ ਇਨ੍ਹਾਂ ਦੇ ਰਿਕਾਰਡ, ਸੰਸਦ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਲੋਕਾਂ ਲਈ ਅਣਪਹੁੰਚੇ ਰਹਿਣ ਅਤੇ ਜਨਤਾ ਦੇ ਮੁੱਦੇ ਹੱਲ ਕਰਨ ਵਿੱਚ ਨਾਕਾਮ ਰਹਿਣ ਨੂੰ ਦੇਖਦੇ ਹੋਏ ਕੰਧ ’ਤੇ ਲਿਖਿਆ ਸਾਫ਼ ਨਜ਼ਰ ਆ ਰਿਹਾ ਹੈ। ਇਹ 117 ਵਿੱਚੋਂ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਲੈਣ, ਇਨ੍ਹਾਂ ਦੀ ਹਾਰ ਨਿਸ਼ਚਿਤ ਹੈ। ਪੰਜਾਬ ਦੇ ਲੋਕਾਂ ਸਾਹਮਣੇ ਇਨ੍ਹਾਂ ਦਾ ਅਸਲੀ ਚਿਹਰਾ ਬੇਨਕਾਬ ਹੋ ਚੁੱਕਾ ਹੈ ਅਤੇ ਹੁਣ ਇਨ੍ਹਾਂ ਦਾ ਸਿਆਸੀ ਗ੍ਰਾਫ ਸਿਰਫ਼ ਹੇਠਾਂ ਵੱਲ ਹੀ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.