August 17, 2026

Justice News

ਅਵਾਮ ਦੀ ਆਵਾਜ਼

ਵਿਸ਼ਵ ਵਾਤਾਵਰਣ ਦਿਵਸ ਮੌਕੇ ਲੁਧਿਆਣਾ ਨੇ ਦਿਖਾਈ ਏਕਤਾ, ਪਲੌਗਰਜ਼ ਡਰਾਈਵ 2.0 ਵਿੱਚ 1300 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ,ਡੀਸੀ ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਧਾਇਆ ਭਾਗੀਦਾਰਾਂ ਦਾ ਹੌਸਲਾ

ਲੁਧਿਆਣ
(ਜਸਟਿਸ ਨਿਊਜ਼)
ਵਿਸ਼ਵ ਵਾਤਾਵਰਣ ਦਿਵਸ ਮੌਕੇ ਫਿਲੈਂਥਰੋਪੀ ਕਲੱਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਲੁਧਿਆਣਾ ਅਤੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ਆਯੋਜਿਤ ਪਲੌਗਰਜ਼ ਡਰਾਈਵ 2.0 ਰਾਹੀਂ ਸ਼ਹਿਰ ਵਾਸੀਆਂ ਨੇ ਪਲਾਸਟਿਕ ਪ੍ਰਦੂਸ਼ਣ ਖ਼ਿਲਾਫ਼ ਇਕਜੁੱਟ ਹੋ ਕੇ ਸਾਫ਼ ਅਤੇ ਹਰਿਆ-ਭਰਿਆ ਲੁਧਿਆਣਾ ਬਣਾਉਣ ਦਾ ਸੰਦੇਸ਼ ਦਿੱਤਾ।
ਇਸ ਮੁਹਿੰਮ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ, ਏਡੀਸੀ (ਜਨਰਲ) ਪਾਇਲ ਗੋਇਲ ਅਤੇ ਜੁਆਇੰਟ ਕਮਿਸ਼ਨਰ ਜਸਦੇਵ ਸੇਖੋਂ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਅਭਿਆਨ ਵਿੱਚ 1300 ਤੋਂ ਵੱਧ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਵੇਰੇ 5:30 ਵਜੇ ਸ਼ਹਿਰ ਦੇ 25 ਤੋਂ ਵੱਧ ਵੱਖ-ਵੱਖ ਰੂਟਾਂ ਤੋਂ ਭਾਗੀਦਾਰਾਂ ਨੇ ਜੌਗਿੰਗ ਕਰਦੇ ਹੋਏ ਪਲਾਸਟਿਕ ਕਚਰਾ ਇਕੱਠਾ ਕੀਤਾ। ਇਕੱਠੇ ਕੀਤੇ ਕਚਰੇ ਨੂੰ ਰੋਜ਼ ਗਾਰਡਨ ਦੇ ਬਾਹਰ ਨਗਰ ਨਿਗਮ ਵੱਲੋਂ ਨਿਰਧਾਰਿਤ ਸਥਾਨ ‘ਤੇ ਜਮ੍ਹਾਂ ਕਰਵਾਇਆ ਗਿਆ। ਇਸ ਮੁਹਿੰਮ ਵਿੱਚ ਲਗਭਗ 35 ਐਨਜੀਓਜ਼, ਸਕੂਲਾਂ, ਕਾਲਜਾਂ, ਕਾਰਪੋਰੇਟ ਸੰਸਥਾਵਾਂ ਅਤੇ ਸਿੱਖਿਆ ਸੰਸਥਾਵਾਂ ਨੇ ਭਾਗ ਲਿਆ।
ਫਿਲੈਂਥਰੋਪੀ ਕਲੱਬ ਦੀ ਸੰਸਥਾਪਕ ਲਖਮਿੰਦਰ ਕੌਰ (ਡਿੱਕੀ ਛਾਬੜਾ) ਨੇ ਦੱਸਿਆ ਕਿ ਮੁਹਿੰਮ ਤਹਿਤ ਸਰਾਭਾ ਨਗਰ, ਮਲਹਾਰ ਰੋਡ, ਘੁਮਾਰ ਮੰਡੀ, ਮਾਡਲ ਟਾਊਨ, ਸ਼ਿਮਲਾਪੁਰੀ, ਸਾਊਥ ਸਿਟੀ ਰੋਡ, ਦੁੱਗਰੀ, ਪੀਏਯੂ ਰੋਡ, ਮਾਲ ਰੋਡ, ਪ੍ਰੀਤ ਪੈਲੇਸ ਅਤੇ ਭਾਰਤ ਨਗਰ ਚੌਕ ਸਮੇਤ ਵੱਖ-ਵੱਖ ਇਲਾਕਿਆਂ ਵਿੱਚ 35 ਟੀਮਾਂ ਨੇ ਪਲਾਸਟਿਕ ਕਚਰਾ ਇਕੱਠਾ ਕੀਤਾ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਤਲੁਜ ਕਲੱਬ ਤੋਂ ਇੱਕ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਵਾਤਾਵਰਣ ਸੰਭਾਲ ਲਈ ਸਮੂਹਿਕ ਭਾਗੀਦਾਰੀ ਦੀ ਲੋੜ ‘ਤੇ ਜ਼ੋਰ ਦਿੱਤਾ। ਉੱਥੇ ਹੀ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਨੇ ਸ਼੍ਰੀ ਰਾਮ ਗਲੋਬਲ ਪ੍ਰੀ ਸਕੂਲ, ਮਾਲ ਰੋਡ ਤੋਂ ਇੱਕ ਹੋਰ ਟੀਮ ਨੂੰ ਰਵਾਨਾ ਕੀਤਾ।
ਹਿਮਾਂਸ਼ੂ ਜੈਨ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਵਿਸ਼ਵ ਵਾਤਾਵਰਣ ਦਿਵਸ ‘ਤੇ ਲੋਕਾਂ ਦੀ ਭਰਪੂਰ ਭਾਗੀਦਾਰੀ ਇਹ ਸਾਬਤ ਕਰਦੀ ਹੈ ਕਿ ਲੁਧਿਆਣਾ ਸਾਫ਼ ਅਤੇ ਹਰਿਆਲੇ ਭਵਿੱਖ ਲਈ ਤਿਆਰ ਹੈ।
ਡਾ. ਨੀਰੂ ਕਤਿਆਲ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਅਤੇ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਜਨ ਭਾਗੀਦਾਰੀ ਬਹੁਤ ਜ਼ਰੂਰੀ ਹੈ। ਅਜਿਹੀਆਂ ਮੁਹਿੰਮਾਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਦੀਆਂ ਹਨ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਅਭਿਆਨ ਦੌਰਾਨ ਪਲਾਸਟਿਕ ਪ੍ਰਦੂਸ਼ਣ ਬਾਰੇ ਜਾਗਰੂਕਤਾ ਫੈਲਾਉਣ ਲਈ ਬੱਚਿਆਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਬਿੰਦੀਆ ਸੂਦ ਵੱਲੋਂ ਵਿਸ਼ੇਸ਼ ਨ੍ਰਿਤ ਪ੍ਰਸਤੁਤੀ ਅਤੇ ਯੋਗਾ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਸਭ ਤੋਂ ਵੱਧ ਕਚਰਾ ਇਕੱਠਾ ਕਰਨ ਵਾਲੀਆਂ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਰੋਜ਼ ਗਾਰਡਨ ਵਿੱਚ ਲਗਾਇਆ ਗਿਆ ਈਕੋ ਮੇਲਾ ਇਸ ਮੁਹਿੰਮ ਦਾ ਖਾਸ ਆਕਰਸ਼ਣ ਰਿਹਾ, ਜਿੱਥੇ ਵਾਤਾਵਰਣ ਸੰਭਾਲ, ਕਚਰਾ ਪ੍ਰਬੰਧਨ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਾਲੇ ਸਟਾਲ ਲਗਾਏ ਗਏ। ਭਾਗੀਦਾਰਾਂ ਨੇ “ਸਸਟੇਨੇਬਿਲਟੀ ਚੈਂਪੀਅਨ” ਬਣਨ ਲਈ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਉਡਾਣ, ਗੀਤਾਂਜਲੀ ਸਕਸੈੱਸ ਅਕੈਡਮੀ, ਰਾਧੇ-ਰਾਧੇ ਜੁਐਲਰਜ਼, ਸਸਟੇਨੇਬਿਲਟੀ ਚੈਂਪੀਅਨਜ਼,ਵ੍ਹੀਲ ਬਿਲੀਵ, ਕੈਸੀਆ ਓਵਰਸੀਜ਼, ਗੱਪੀ ਮੌਮਜ਼  ਅਤੇ 3ਡੀ ਕਰਿਸ਼ਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਸਮਾਗਮ ਦਾ ਸਮਾਪਨ ਇਸ ਸੰਦੇਸ਼ ਨਾਲ ਕੀਤਾ ਗਿਆ ਕਿ ਸਾਂਝੇ ਯਤਨ ਅਤੇ ਜਨ ਭਾਗੀਦਾਰੀ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾ ਸਕਦੇ ਹਨ।
ਇਸ ਮੌਕੇ ਵਿਮਮੀ ਬਜਾਜ, ਅਨੂ ਗੁਪਤਾ, ਪ੍ਰੀਤੀ ਕਪੂਰ, ਜੈਜ਼ ਭੋਗਲ, ਅਰਵਿੰਦਰ ਪੱਡਾ, ਸਿਮਰਤ ਕਥੂਰੀਆ, ਸ਼ਵੇਤਾ ਮਿਗਲਾਨੀ, ਰਮਨਦੀਪ, ਜਯੰਤ ਅਰੋੜਾ ਸਮੇਤ ਕਈ ਹੋਰ ਸ਼ਖਸੀਅਤਾਂ ਅਤੇ ਵਲੰਟੀਅਰ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.