September 2, 2026

Justice News

ਅਵਾਮ ਦੀ ਆਵਾਜ਼

ਮੌਤ ਤੋਂ ਪਹਿਲਾਂ ਜੀਉਣਾ ਸਿੱਖੀਏ

“ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਜੀਵਨ ਮੌਜ਼ੂਦ ਹੈ ਜਾਂ ਨਹੀਂ। ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਉਂਦੇ ਹੋ ਜਾਂ ਨਹੀਂ।” ਇਹ ਲਾਈਨਾਂ ਮਨੁੱਖੀ ਜੀਵਨ ਦੀ ਇੱਕ ਡੂੰਘੀ ਸੱਚਾਈ ਨੂੰ ਬਿਆਨ ਕਰਦੀਆਂ ਹਨ। ਅਕਸਰ ਮਨੁੱਖ ਆਪਣੀ ਪੂਰੀ ਜ਼ਿੰਦਗੀ ਭਵਿੱਖ ਦੀ ਚਿੰਤਾ, ਪਿਛਲੇ ਸਮੇਂ ਦੇ ਪਛਤਾਵਿਆਂ ਅਤੇ ਲੋਕਾਂ ਦੀਆਂ ਉਮੀਦਾਂ ਵਿੱਚ ਗੁਜ਼ਾਰ ਦਿੰਦਾ ਹੈ। ਉਹ ਇਹ ਭੁੱਲ ਜਾਂਦਾ ਹੈ ਕਿ ਅਸਲ ਜੀਵਨ ਤਾਂ ਇਸ ਮੌਜੂਦਾ ਪਲ ਵਿੱਚ ਹੈ। ਜੀਉਣਾ ਸਿਰਫ਼ ਸਾਹ ਲੈਣ ਦਾ ਨਾਮ ਨਹੀਂ, ਸਗੋਂ ਹਰ ਪਲ ਨੂੰ ਮਹਿਸੂਸ ਕਰਨਾ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਅਤੇ ਖੁਸ਼ੀ ਨਾਲ ਜੀਵਨ ਬਤੀਤ ਕਰਨਾ ਹੀ ਅਸਲ ਜੀਵਨ ਹੈ।
ਅੱਜ ਦਾ ਮਨੁੱਖ ਬਹੁਤ ਵਿਅਸਤ ਹੋ ਗਿਆ ਹੈ। ਸਵੇਰ ਤੋਂ ਸ਼ਾਮ ਤੱਕ ਦੌੜ-ਭੱਜ, ਪੈਸੇ ਦੀ ਚਿੰਤਾ, ਸਮਾਜ ਵਿੱਚ ਆਪਣੀ ਪਛਾਣ ਬਣਾਉਣ ਦੀ ਹੋੜ—ਇਹ ਸਭ ਕੁਝ ਉਸ ਨੂੰ ਅੰਦਰੋਂ ਖਾਲੀ ਕਰ ਰਿਹਾ ਹੈ। ਬਹੁਤ ਲੋਕਾਂ ਕੋਲ ਵੱਡੇ ਘਰ, ਮਹਿੰਗੀਆਂ ਗੱਡੀਆਂ ਅਤੇ ਬੇਅੰਤ ਸਹੂਲਤਾਂ ਹਨ, ਪਰ ਮਨ ਦੀ ਸ਼ਾਂਤੀ ਨਹੀਂ। ਉਹ ਜੀਵਨ ਬਤੀਤ ਤਾਂ ਕਰ ਰਹੇ ਹਨ, ਪਰ ਜੀ ਨਹੀਂ ਰਹੇ। ਉਹਨਾਂ ਦੀ ਜ਼ਿੰਦਗੀ ਇੱਕ ਮਸ਼ੀਨ ਵਾਂਗ ਬਣ ਗਈ ਹੈ, ਜਿਸ ਵਿੱਚ ਭਾਵਨਾਵਾਂ, ਖੁਸ਼ੀਆਂ ਅਤੇ ਰਿਸ਼ਤਿਆਂ ਦੀ ਗਰਮੀ ਘੱਟਦੀ ਜਾ ਰਹੀ ਹੈ।
ਅਸਲ ਵਿੱਚ ਜੀਉਣਾ ਉਹ ਹੈ ਜਦੋਂ ਮਨੁੱਖ ਆਪਣੇ ਮਨ ਦੀ ਸੁਣਦਾ ਹੈ। ਜਦੋਂ ਉਹ ਛੋਟੀਆਂ-ਛੋਟੀਆਂ ਖੁਸ਼ੀਆਂ ਵਿੱਚ ਵੀ ਖੁਸ਼ ਰਹਿਣਾ ਸਿੱਖ ਲੈਂਦਾ ਹੈ। ਇੱਕ ਬੱਚੇ ਦੀ ਮੁਸਕਰਾਹਟ, ਮਾਪਿਆਂ ਦਾ ਪਿਆਰ, ਦੋਸਤਾਂ ਨਾਲ ਬਿਤਾਇਆ ਸਮਾਂ, ਕੁਦਰਤ ਦੀ ਖੂਬਸੂਰਤੀ—ਇਹ ਸਭ ਜੀਵਨ ਦੇ ਉਹ ਰੰਗ ਹਨ ਜੋ ਸਾਨੂੰ ਅਸਲ ਜੀਉਣ ਦਾ ਅਹਿਸਾਸ ਕਰਵਾਉਂਦੇ ਹਨ। ਪਰ ਅਫਸੋਸ, ਅੱਜ ਮਨੁੱਖ ਕੋਲ ਇਹ ਸਭ ਮਹਿਸੂਸ ਕਰਨ ਲਈ ਸਮਾਂ ਹੀ ਨਹੀਂ।
ਕਈ ਲੋਕ ਆਪਣੀ ਜ਼ਿੰਦਗੀ “ਕਦੇ” ਦੇ ਇੰਤਜ਼ਾਰ ਵਿੱਚ ਗੁਜ਼ਾਰ ਦਿੰਦੇ ਹਨ। ਉਹ ਸੋਚਦੇ ਹਨ ਕਿ ਜਦੋਂ ਵਧੀਆ ਨੌਕਰੀ ਮਿਲੇਗੀ, ਫਿਰ ਖੁਸ਼ ਰਹਾਂਗੇ; ਜਦੋਂ ਪੈਸਾ ਹੋਵੇਗਾ, ਫਿਰ ਜੀਵਨ ਦਾ ਆਨੰਦ ਲਵਾਂਗੇ; ਜਦੋਂ ਸਮਾਂ ਮਿਲੇਗਾ, ਫਿਰ ਆਪਣੇ ਮਨ ਦੀਆਂ ਗੱਲਾਂ ਕਰਾਂਗੇ। ਪਰ ਇਹ “ਕਦੇ” ਕਦੇ ਨਹੀਂ ਆਉਂਦਾ। ਸਮਾਂ ਚੁੱਪਚਾਪ ਲੰਘ ਜਾਂਦਾ ਹੈ ਅਤੇ ਮਨੁੱਖ ਦੇ ਹੱਥਾਂ ਵਿੱਚ ਸਿਰਫ਼ ਪਛਤਾਵੇ ਰਹਿ ਜਾਂਦੇ ਹਨ। ਇਸ ਲਈ ਜੀਵਨ ਨੂੰ ਕੱਲ੍ਹ ਲਈ ਨਹੀਂ ਛੱਡਣਾ ਚਾਹੀਦਾ। ਜੋ ਖੁਸ਼ੀ ਅੱਜ ਮਿਲ ਸਕਦੀ ਹੈ, ਉਸਨੂੰ ਅੱਜ ਹੀ ਮਹਿਸੂਸ ਕਰਨਾ ਚਾਹੀਦਾ ਹੈ।
ਮੌਤ ਜੀਵਨ ਦਾ ਅਟੱਲ ਸੱਚ ਹੈ। ਜੋ ਇਸ ਦੁਨੀਆ ਵਿੱਚ ਆਇਆ ਹੈ, ਉਸ ਨੇ ਇੱਕ ਦਿਨ ਜਾਣਾ ਵੀ ਹੈ। ਪਰ ਮਹੱਤਵਪੂਰਨ ਗੱਲ ਇਹ ਨਹੀਂ ਕਿ ਅਸੀਂ ਕਿੰਨਾ ਲੰਮਾ ਜੀਏ, ਸਗੋਂ ਇਹ ਹੈ ਕਿ ਅਸੀਂ ਕਿਵੇਂ ਜੀਏ। ਕੁਝ ਲੋਕ ਛੋਟੀ ਉਮਰ ਵਿੱਚ ਵੀ ਅਜਿਹਾ ਜੀਵਨ ਜੀ ਜਾਂਦੇ ਹਨ ਕਿ ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿੰਦੇ ਹਨ। ਦੂਜੇ ਪਾਸੇ ਕਈ ਲੋਕ ਲੰਮੀ ਉਮਰ ਬਤੀਤ ਕਰਕੇ ਵੀ ਕੋਈ ਅਸਰ ਨਹੀਂ ਛੱਡਦੇ। ਇਸ ਲਈ ਜੀਵਨ ਦੀ ਕਦਰ ਉਸਦੀ ਲੰਬਾਈ ਨਾਲ ਨਹੀਂ, ਉਸਦੀ ਗਹਿਰਾਈ ਨਾਲ ਹੁੰਦੀ ਹੈ।
ਅੱਜ ਦੀ ਪੀੜ੍ਹੀ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਬਹੁਤ ਖੋ ਗਈ ਹੈ। ਲੋਕ ਆਪਣੀ ਅਸਲੀ ਖੁਸ਼ੀ ਤੋਂ ਵੱਧ ਦਿਖਾਵੇ ਨੂੰ ਮਹੱਤਵ ਦੇ ਰਹੇ ਹਨ। ਹਰ ਕੋਈ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਲੱਗਾ ਹੋਇਆ ਹੈ। ਇਸ ਦੌੜ ਵਿੱਚ ਉਹ ਆਪਣੇ ਆਪ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਸਮਝਣਾ ਛੱਡ ਦਿੰਦਾ ਹੈ, ਤਦ ਉਹ ਜੀਉਣਾ ਵੀ ਛੱਡ ਦਿੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਕੁਝ ਸਮਾਂ ਆਪਣੇ ਲਈ ਵੀ ਕੱਢੀਏ, ਆਪਣੇ ਮਨ ਨਾਲ ਗੱਲਾਂ ਕਰੀਏ ਅਤੇ ਉਹ ਕੰਮ ਕਰੀਏ ਜੋ ਸਾਨੂੰ ਅਸਲ ਖੁਸ਼ੀ ਦਿੰਦੇ ਹਨ।
ਜੀਵਨ ਦਾ ਮਤਲਬ ਸਿਰਫ਼ ਆਪਣੀਆਂ ਖ਼ੁਸ਼ੀਆਂ ਤੱਕ ਸੀਮਿਤ ਨਹੀਂ। ਦੂਜਿਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਉਣਾ ਵੀ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਦੁਖੀ ਮਨੁੱਖ ਨੂੰ ਹੌਸਲਾ ਦਿੰਦੇ ਹਾਂ ਜਾਂ ਕਿਸੇ ਦੇ ਜੀਵਨ ਵਿੱਚ ਚਾਨਣ ਬਣਦੇ ਹਾਂ, ਤਦ ਅਸੀਂ ਅਸਲ ਮਾਇਨਿਆਂ ਵਿੱਚ ਜੀ ਰਹੇ ਹੁੰਦੇ ਹਾਂ। ਮਨੁੱਖਤਾ, ਪਿਆਰ ਅਤੇ ਸਹਿਯੋਗ ਹੀ ਜੀਵਨ ਨੂੰ ਸੁੰਦਰ ਬਣਾਉਂਦੇ ਹਨ।
ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਜੀਵਨ ਬਹੁਤ ਕੀਮਤੀ ਹੈ। ਇਸਨੂੰ ਸਿਰਫ਼ ਕੱਟਣ ਲਈ ਨਹੀਂ, ਸਗੋਂ ਖੁੱਲ੍ਹ ਕੇ ਜੀਉਣ ਲਈ ਮਿਲਿਆ ਹੈ। ਮੌਤ ਤੋਂ ਬਾਅਦ ਕੀ ਹੋਵੇਗਾ, ਇਹ ਕਿਸੇ ਨੂੰ ਪਤਾ ਨਹੀਂ, ਪਰ ਮੌਤ ਤੋਂ ਪਹਿਲਾਂ ਦਾ ਹਰ ਪਲ ਸਾਡੇ ਹੱਥ ਵਿੱਚ ਹੈ। ਇਸ ਲਈ ਡਰ, ਚਿੰਤਾ ਅਤੇ ਨਫ਼ਰਤ ਵਿੱਚ ਜੀਵਨ ਗੁਜ਼ਾਰਨ ਦੀ ਬਜਾਏ ਪਿਆਰ, ਖੁਸ਼ੀ ਅਤੇ ਉਮੀਦ ਨਾਲ ਜੀਉਣਾ ਚਾਹੀਦਾ ਹੈ। ਕਿਉਂਕਿ ਅਸਲ ਸਫਲਤਾ ਇਹ ਨਹੀਂ ਕਿ ਅਸੀਂ ਕਿੰਨਾ ਕਮਾਇਆ, ਸਗੋਂ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੰਨਾ ਮਹਿਸੂਸ ਕੀਤਾ।
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਸਸਸਸ ਹਾਕੂਵਾਲਾ
ਸ੍ਰੀ ਮੁਕਤਸਰ ਸਾਹਿਬ
79860-27454

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.