August 17, 2026

Justice News

ਅਵਾਮ ਦੀ ਆਵਾਜ਼

ਖੰਨਾ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਪੰਜਾਬ ਸਟੇਟ ਟਰੇਡ ਕਮਿਸ਼ਨ ਦੀ ਹੋਈ ਮੀਟਿੰਗ

ਖੰਨਾ, ਲੁਧਿਆਣਾ
:(ਜਸਟਿਸ ਨਿਊਜ਼)
ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਮੈਂਬਰ ਧਰਮਿੰਦਰ ਸਿੰਘ ਰੂਪਰਾਏ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੇਨ ਬਾਜ਼ਾਰ ਖੰਨਾ ਵਿਖੇ ਬੀਤੇ ਕੱਲ੍ਹ ਪੰਜਾਬ ਸਟੇਟ ਟਰੇਡ ਕਮਿਸ਼ਨ ਵੱਲੋਂ ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਸਟੇਟ ਟਰੇਡ ਕਮਿਸ਼ਨ ਵੱਲੋਂ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆ ਅਤੇ ਹੱਲ ਕਰਵਾਈਆਂ ਗਈਆਂ ਅਤੇ ਰਹਿੰਦੀਆਂ ਮੁਸ਼ਕਿਲਾਂ ਸਬੰਧੀ ਜਲਦ ਨਿਪਟਾਰੇ ਦਾ ਵੀ ਭਰੋਸਾ  ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਹਲਕਾ ਖੰਨਾ ਤੋਂ ਕੋਆਰਡੀਨੇਟਰ ਵਿਕਾਸ ਅਗਰਵਾਲ ਵੀ ਮੌਜੂਦ ਸਨ।
ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਮੈਂਬਰ ਧਰਮਿੰਦਰ ਸਿੰਘ ਰੂਪਰਾਏ ਦੇ ਨਾਲ ਖੰਨਾ ਦੀਆਂ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਬਾਜ਼ਾਰ ਵਿੱਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਦਰੁਸਤ ਕੀਤਾ ਜਾਵੇ, ਬਾਜ਼ਾਰ ਵਿੱਚ ਸੁਰੱਖਿਆ ਦੀ ਘਾਟ ਨੂੰ ਪੂਰਾ ਕਰਨ ਲਈ ਪੀ.ਸੀ.ਆਰ ਦੀ ਲਗਾਤਾਰ ਗਸ਼ਤ ਕਰਵਾਈ ਜਾਵੇ ਅਤੇ ਬਾਜ਼ਾਰ ਵਿੱਚ ਸਟਰੀਟ ਲਾਈਟਾਂ ਘੱਟ ਹਨ ਜਿਸ ਕਰਕੇ ਬਜ਼ਾਰ ਵਿੱਚ ਰੌਸ਼ਨੀ ਘੱਟ ਹੁੰਦੀ ਹੈ ਇਸ ਲਈ ਨਗਰ ਕੌਂਸਲ ਖੰਨਾ ਤੋਂ ਹੋਰ ਸਟਰੀਟ ਲਾਈਟਾਂ ਲਗਾਉਣ ਮੰਗ ਰੱਖੀ ਗਈ। ਇਸ ਤੋਂ ਇਲਾਵਾ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਇਹ ਵੀ ਮੰਗ ਰੱਖੀ ਗਈ ਕਿ ਹਾਈਵੇਅ ਦੇ ਨਾਲ ਸਰਵਿਸ ਰੋਡ ਬਣਾਈ ਜਾਵੇ ਤਾਂ ਜੋ ਬਜ਼ਾਰ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਮੈਂਬਰ ਵੱਲੋਂ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਰਾਬਤਾ ਕਾਇਮ ਕਰਕੇ ਇਹ ਸਾਰੇ ਮੁੱਦੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ ਤਾਂ ਜੋ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਧਰਮਿੰਦਰ ਸਿੰਘ ਰੂਪਰਾਏ ਨੇ ਨਗਰ ਕੌਂਸਲ ਖੰਨਾ, ਪੁਲਿਸ ਵਿਭਾਗ, ਪੀ.ਐਸ.ਪੀ.ਸੀ.ਐਲ, ਲੇਬਰ ਵਿਭਾਗ, ਜੀ.ਐਸ.ਟੀ, ਪ੍ਰਦੂਸ਼ਣ ਕੰਟਰੋਲ ਬੋਰਡ, ਫੂਡ ਸਪਲਾਈ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਵਪਾਰੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ ਅਤੇ ਵਪਾਰੀਆਂ ਨੂੰ ਬਿਨ੍ਹਾਂ ਕਿਸੇ ਠੋਸ ਕਾਰਨ ਖੱਜਲ-ਖੁਆਰ ਨਾ ਕੀਤਾ ਜਾਵੇ ਕਿਉਂਕਿ ਉਦਯੋਗਪਤੀਆਂ ਨੂੰ ਸੂਬੇ ਦੀ ਆਰਥਿਕਤਾ ਦਾ ਧੁਰਾ ਮੰਨਿਆ ਜਾਂਦਾ ਹੈ ਜੋ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਪੈਦਾ ਕਰਦੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗ ਨੂੰ ਮੁੜ ਪੈਰਾਂ ਸਿਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਅਣਥੱਕ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬੀਤੇ ਸਾਲਾਂ ਦੌਰਾਨ ਪੰਜਾਬ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਲਿਆਂਦਾ ਗਿਆ ਜਿਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਹਲਕਾ ਸੰਗਠਨ ਇੰਚਾਰਜ ਮਾਸਟਰ ਅਵਤਾਰ ਸਿੰਘ ਦੈਹਿੜੂ, ਪੀ.ਏ ਮਹੇਸ਼ ਕੁਮਾਰ, ਪੁਨੀਤ ਖੱਟਰ, ਗੌਰਵ ਮੌਦਗਿੱਲ, ਕੁਲਵੰਤ ਸਿੰਘ ਮਹਿਮੀ, ਹਰਜੀਤ ਸਿੰਘ ਭਾਟੀਆ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਪਾਰੀ ਅਤੇ ਦੁਕਾਨਦਾਰ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.