August 17, 2026

Justice News

ਅਵਾਮ ਦੀ ਆਵਾਜ਼

ਸਿੱਖਿਆ ਤੇ ਸਿਹਤ ਦੇ ਖੇਤਰ ਲਈ ਸਰਕਾਰ ਕੋਲ ਫੰਡ ਦੀ ਨਹੀਂ ਘਾਟ-ਸਪੀਕਰ ਕੁਲਤਾਰ ਸਿੰਘ ਸੰਧਵਾਂ

ਬਾਘਾਪੁਰਾਣਾ (ਮੋਗਾ)
( ਮਨਪ੍ਰੀਤ ਸਿੰਘ /ਗੁਰਜੀਤ ਸੰਧੂ   )
ਸਭ ਤੋਂ ਉੱਤਮ ਕਾਰਜ ਸੇਵਾ ਹੈ ਸਾਨੂੰ ਸਾਰਿਆਂ ਨੂੰ ਸੇਵਾ ਦੇ ਨਜ਼ਰੀਏ ਨਾਲ ਕੰਮ ਕਰਨਾ ਚਾਹੀਦਾ ਹੈ ਖਾਸ ਕਰਕੇ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਹੋਣਾ ਬਹੁਤ ਜਰੂਰੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਵੀ ਸੇਵਾ ਭਾਵਨਾ ਨਾਲ ਕਰਕੇ ਅੱਗੇ ਜਿਸ ਖੇਤਰ ਵਿੱਚ ਕੰਮ ਕਰਨਾ ਹੈ ਸੇਵਾ ਭਾਵਨਾ ਨਹੀਂ ਛੱਡਣੀ ਚਾਹੀਦੀ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ.ਗੜ੍ਹ (ਮੋਗਾ) ਵਿਖੇ ਰੱਖੇ ਗਏ ਸਲਾਨਾ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਦੌਰਾਨ ਕੀਤਾ। ਇਸ ਮੌਕੇ ਬਾਘਾ ਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੀ ਉਨ੍ਹਾਂ ਦੇ ਨਾਲ ਸਨ ।
ਸ੍ਰੀ ਸੰਧਵਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੀ ਕਾਮਯਾਬੀ ਲਈ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦਾ ਰੱਖਣ ਲਈ ਪ੍ਰੇਰਨਾ ਦਿੱਤੀ।
ਉਹਨਾਂ ਕਿਹਾ ਕਿ ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਉਪ-ਕੁਲਪਤੀ,ਇੰਜੀਨੀਅਰ,ਡਾਕਟਰ,ਅਧਿਆਪਕ ਅਤੇ ਪ੍ਰੋਫ਼ੈਸ਼ਨਲ ਕਿੱਤਿਆਂ ਨਾਲ ਜੁੜ ਕੇ ਦੇਸ਼-ਵਿਦੇਸ਼ ਦੀ ਧਰਤੀ ਤੇ ਮਾਣ ਸਨਮਾਨ ਕਮਾ ਰਹੇ ਹਨ। ਇਸ ਸੰਸਥਾਂ ਨਾਲ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਹਨਾਂ ਸਾਬਕਾ ਵਿਦਿਆਰਥੀਆਂ ਵੱਲੋਂ ਇਸ ਸੰਸਥਾ ਦੀ ਬਿਹਤਰੀ ਵਾਸਤੇ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਰਜਿਸਟਰਡ ਕਰਵਾ ਕੇ ਸਕੂਲ ਤੇ ਲਗਭਗ ਦੋ ਕਰੋੜ ਰੁਪਏ ਤੋਂ ਵੱਧ ਫੰਡ ਖਰਚ ਕੀਤੇ ਜਾ ਚੁੱਕੇ ਹਨ।
ਸਕੂਲ ਲਈ ਮਲਟੀਪਰਪਜ਼ ਹਾਲ,14 ਕਮਰੇ, ਕੰਪਿਊਟਰ ਲੈਬ, ਨਵੇਂ ਵਾਸ਼ਰੂਮ ( ਲੜਕੇ ਅਤੇ ਲੜਕੀਆਂ ਲਈ) ਬਣਾਏ ਜਾ ਚੁੱਕੇ ਹਨ। ਇਸ ਤੋਂ ਬਿਨਾਂ ਸਕੂਲ ਵਿੱਚ ਰਿਪੇਅਰ ਦਾ ਕੰਮ ਵੀ ਪਿਛਲੇ 3 ਸਾਲ ਤੋਂ ਚੱਲ ਰਿਹਾ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਕੂਲ ਵਿੱਚ ਚਾਲੂ ਕੀਤੇ ਕਮਰਸ ਗਰੁੱਪ ਲਈ ਕਮਰਸ ਬਲਾਕ ਲਈ ਗਰਾਂਟ ਜਾਰੀ ਕਰਨ, ਸਕੂਲ ਵਿੱਚ ਖੇਤੀਬਾੜੀ ਦਾ ਗਰੁੱਪ ਚਾਲੂ ਕਰਨ, ਸਟੇਡੀਅਮ ਨੂੰ ਰੈਨੋਵੇਟ ਕਰਨ ਆਦਿ ਮੰਗਾਂ ਨੂੰ ਮੌਕੇ ਉੱਪਰ ਹੀ ਪ੍ਰਵਾਨ ਕਰਦਿਆਂ ਕਿਹਾ ਕਿ ਸਿਹਤ ਅਤੇ ਸਿੱਖਿਆ ਖੇਤਰ ਲਈ ਸਰਕਾਰ ਕੋਲ਼ ਕਿਸੇ ਵੀ ਗ੍ਰਾਂਟ ਦੀ ਕੋਈ ਕਮੀ ਨਹੀਂ ਹੈ।
ਉਹਨਾਂ ਕਿਹਾ ਕਿ ਜਿਸ ਗ੍ਰਾਂਟ ਨਾਲ਼ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੈ ਉਸਨੂੰ ਜਾਰੀ ਕਰਨ ਲਈ ਸਰਕਾਰ ਬਿਲਕੁਲ ਵੀ ਦੇਰੀ ਨਹੀਂ ਕਰਦੀ। ਉਹਨਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਗਏ ਵਿਕਾਸ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿਉਕਿ ਪਿੰਡ ਪਿੰਡ ਦੇ ਲੋਕਾਂ ਨੂੰ ਭਲੀ ਭਾਂਤੀ ਪਤਾ ਹੈ ਕਿ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਕਰੋੜਾਂ ਰੁਪਏ ਖਰਚੇ ਗਏ ਹਨ ਅਤੇ ਅੱਗੇ ਵੀ ਖਰਚ ਰਹੀ ਹੈ। ਉਹਨਾਂ ਸ਼੍ਰੀ ਗੁਰੂ ਤੇਗ ਬਹਾਦਰ ਵੈਲਫੇਅਰ ਸੋਸਾਇਟੀ ਰੋਡੇ ਦੇ ਕੰਮਾਂ ਦੀ ਪ੍ਰਸੰਸਾ ਕੀਤੀ। ਉਹਨਾਂ ਸਕੂਲੀ ਵਿਦਿਆਰਥੀਆਂ ਨੂੰ ਸਿੱਖੀ ਸਰੂਪ ਸੋਹਣੀਆਂ ਪੱਗਾਂ ਵਿੱਚ ਦੇਖ਼ ਕੇ ਪੱਗ ਵਾਲ਼ੇ ਵਿਦਿਅਰਥੀਆਂ ਦੀ ਹੌਂਸਲਾ ਅਫ਼ਜਾਈ ਲਈ 500-500 ਰੁਪਏ ਦੇਣ ਦਾ ਵੀ ਐਲਾਨ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.