August 17, 2026

Justice News

ਅਵਾਮ ਦੀ ਆਵਾਜ਼

ਰੀਲ ਲਾਈਫ ਬਨਾਮ ਰੀਅਲ ਲਾਈਫ : ਅਸਲ ਰਿਸ਼ਤਿਆਂ ਨੂੰ ਖਾ ਰਹੀ ਹੈ ‘ਬਣਾਵਟੀ ਦੁਨੀਆ’ ਦੀ ਹੋੜ

ਸੋਸ਼ਲ ਮੀਡੀਆ ਦੀ ਚਮਕ ਹੇਠਾਂ ਦਬਦੇ ਪਤੀ-ਪਤਨੀ ਦੇ ਰਿਸ਼ਤੇ
  ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਸੋਸ਼ਲ ਮੀਡੀਆ ਨੇ ਦੁਨੀਆ ਨੂੰ ਨੇੜੇ ਲਿਆਂਦਾ ਹੈ, ਉੱਥੇ ਹੀ ਇਸ ਨੇ ਸਾਡੇ ਨਿੱਜੀ ਰਿਸ਼ਤਿਆਂ, ਖਾਸ ਕਰਕੇ ਪਤੀ-ਪਤਨੀ ਦੇ ਸਬੰਧਾਂ ਵਿੱਚ ਦੂਰੀਆਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ-ਕੱਲ੍ਹ ਲੋਕ ਆਪਣੀ ‘ਰੀਅਲ ਲਾਈਫ’ (ਅਸਲ ਜ਼ਿੰਦਗੀ) ਨੂੰ ਦੂਜਿਆਂ ਦੀ ‘ਰੀਲ ਲਾਈਫ’ (ਬਣਾਵਟੀ ਜ਼ਿੰਦਗੀ) ਨਾਲ ਤੋਲਣ ਲੱਗ ਪਏ ਹਨ, ਜਿਸਦਾ ਨਤੀਜਾ ਘਰੇਲੂ ਕਲੇਸ਼ ਅਤੇ ਮਾਨਸਿਕ ਤਣਾਅ ਵਜੋਂ ਨਿਕਲ ਰਿਹਾ ਹੈ।
   ਸੋਸ਼ਲ ਮੀਡੀਆ ‘ਤੇ ਅਸੀਂ ਜੋ ਰੀਲਾਂ ਦੇਖਦੇ ਹਾਂ, ਉਹ ਅਕਸਰ ਅਸਲੀਅਤ ਤੋਂ ਕੋਹਾਂ ਦੂਰ ਹੁੰਦੀਆਂ ਹਨ। ਇੰਸਟਾਗ੍ਰਾਮ ਜਾਂ ਫੇਸਬੁੱਕ ‘ਤੇ ਦਿਖਾਈ ਦੇਣ ਵਾਲੇ ਜੋੜੇ ਸਿਰਫ ਖੁਸ਼ੀ ਦੇ ਪਲ, ਮਹਿੰਗੇ ਹੋਟਲਾਂ ਦੇ ਡਿਨਰ, ਵਿਦੇਸ਼ੀ ਯਾਤਰਾਵਾਂ ਅਤੇ ਕੀਮਤੀ ਤੋਹਫ਼ੇ ਹੀ ਸਾਂਝੇ ਕਰਦੇ ਹਨ। ਇਹ ਸਭ ਕੁਝ 30 ਸੈਕਿੰਡ ਦੀ ਵੀਡੀਓ ਲਈ “ਸੈੱਟ” ਕੀਤਾ ਗਿਆ ਹੁੰਦਾ ਹੈ। ਕੋਈ ਵੀ ਆਪਣੇ ਲੜਾਈ-ਝਗੜੇ, ਆਰਥਿਕ ਤੰਗੀ ਜਾਂ ਬੁਰੇ ਹਾਲਾਤ ਕੈਮਰੇ ਅੱਗੇ ਨਹੀਂ ਦਿਖਾਉਂਦਾ। ਪਰ ਆਮ ਇਨਸਾਨ ਇਸ ਅਧੂਰੇ ਸੱਚ ਨੂੰ ਹੀ ਪੂਰੀ ਜ਼ਿੰਦਗੀ ਮੰਨ ਲੈਂਦਾ ਹੈ।
  ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪਤੀ ਜਾਂ ਪਤਨੀ ਆਪਣੇ ਸਾਥੀ ਦੀ ਤੁਲਨਾ ਸਕਰੀਨ ‘ਤੇ ਦਿਖਣ ਵਾਲੇ ਜੋੜਿਆਂ ਨਾਲ ਕਰਨ ਲੱਗਦੇ ਹਨ।
“ਫਲਾਣੇ ਨੇ ਆਪਣੀ ਪਤਨੀ ਨੂੰ ਇੰਨੀ ਮਹਿੰਗੀ ਗੱਡੀ ਲੈ ਕੇ ਦਿੱਤੀ, ਤੁਸੀਂ ਕੀ ਕੀਤਾ?”
“ਉਹ ਹਰ ਵੀਕੈਂਡ ‘ਤੇ ਘੁੰਮਣ ਜਾਂਦੇ ਹਨ, ਸਾਡੀ ਜ਼ਿੰਦਗੀ ਤਾਂ ਬੋਰਿੰਗ ਹੈ।”
ਅਜਿਹੇ ਤਾਨੇ-ਮਿਹਣੇ ਰਿਸ਼ਤੇ ਵਿੱਚ ਕੜਵਾਹਟ ਭਰ ਦਿੰਦੇ ਹਨ। ਸਾਥੀ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਹ ਕਾਫੀ ਨਹੀਂ ਹੈ, ਜਿਸ ਨਾਲ ਹੀਣ ਭਾਵਨਾ ਪੈਦਾ ਹੁੰਦੀ ਹੈ।
  ਰੀਲਾਂ ਵਿੱਚ ਦਿਖਾਈ ਜਾਂਦੀ ਲਗਜ਼ਰੀ ਜੀਵਨ ਸ਼ੈਲੀ ਅਕਸਰ ਆਮਦਨ ਦੇ ਸਰੋਤਾਂ ਤੋਂ ਵੱਧ ਹੁੰਦੀ ਹੈ। ਜਦੋਂ ਇੱਕ ਸਾਧਾਰਨ ਮੱਧ-ਵਰਗੀ ਪਰਿਵਾਰ ਉਸ ਲਾਈਫਸਟਾਈਲ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਘਰ ਦਾ ਬਜਟ ਹਿੱਲ ਜਾਂਦਾ ਹੈ।
ਦਿਖਾਵੇ ਲਈ ਮਹਿੰਗੇ ਕੱਪੜੇ ਖਰੀਦਣਾ ਜਾਂ ਔਕਾਤ ਤੋਂ ਵੱਧ ਖਰਚ ਕਰਨਾ ਕਰਜ਼ੇ ਦਾ ਕਾਰਨ ਬਣਦਾ ਹੈ।
  ਜਦੋਂ ਪੈਸੇ ਦੀ ਤੰਗੀ ਆਉਂਦੀ ਹੈ, ਤਾਂ ਘਰ ਵਿੱਚ ਲੜਾਈਆਂ ਹੁੰਦੀਆਂ ਹਨ ਅਤੇ ਸਭ ਕੁਝ “ਗੜਬੜਾ” ਜਾਂਦਾ ਹੈ। ਸਕੂਨ ਖਤਮ ਹੋ ਜਾਂਦਾ ਹੈ ਅਤੇ ਤਣਾਅ ਵਧ ਜਾਂਦਾ ਹੈ।
  ਸਾਨੂੰ ਇਹ ਸਮਝਣਾ ਪਵੇਗਾ ਕਿ ਸੋਸ਼ਲ ਮੀਡੀਆ ਇੱਕ ਮੰਡੀ ਹੈ, ਜਿੱਥੇ ਹਰ ਕੋਈ ਆਪਣੀ ‘ਵਧੀਆ ਤਸਵੀਰ’ ਵੇਚ ਰਿਹਾ ਹੈ। ਅਸਲ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇੱਕ ਚੰਗਾ ਰਿਸ਼ਤਾ ਉਹ ਨਹੀਂ ਜੋ ਮਹਿੰਗੇ ਤੋਹਫ਼ਿਆਂ ‘ਤੇ ਟਿਕਿਆ ਹੋਵੇ, ਬਲਕਿ ਉਹ ਹੈ ਜਿੱਥੇ ਦੁੱਖ-ਸੁੱਖ ਵਿੱਚ ਇੱਕ ਦੂਜੇ ਦਾ ਸਾਥ ਹੋਵੇ।
  ਆਪਣੇ ਘਰ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ‘ਰੀਲ ਲਾਈਫ’ ਦੇ ਪ੍ਰਭਾਵ ਤੋਂ ਬਾਹਰ ਨਿਕਲੀਏ। ਖੁਸ਼ੀ ਮਹਿੰਗੀਆਂ ਗੱਡੀਆਂ ਜਾਂ ਹੋਟਲਾਂ ਵਿੱਚ ਨਹੀਂ, ਬਲਕਿ ਪਰਿਵਾਰ ਨਾਲ ਬਿਤਾਏ ਪਿਆਰ ਭਰੇ ਪਲਾਂ ਵਿੱਚ ਹੈ। ਆਪਣੇ ਸਾਥੀ ਦੀ ਤੁਲਨਾ ਕਿਸੇ ਅਜਨਬੀ ਨਾਲ ਨਾ ਕਰੋ, ਕਿਉਂਕਿ ਜੋ ਸਕਰੀਨ ‘ਤੇ ਚਮਕਦਾ ਹੈ, ਉਹ ਹਮੇਸ਼ਾ ਸੋਨਾ ਨਹੀਂ ਹੁੰਦਾ।
ਚਾਨਣਦੀਪ ਸਿੰਘ ਔਲਖ, ਪਿੰਡ ਗੁਰਨੇ ਖ਼ੁਰਦ (ਮਾਨਸਾ), ਸੰਪਰਕ 9876888177

Leave a Reply

Your email address will not be published. Required fields are marked *

Copyright © All rights reserved. | Newsphere by AF themes.