August 17, 2026

Justice News

ਅਵਾਮ ਦੀ ਆਵਾਜ਼

ਫਗਵਾੜਾ ‘ਚ ਗਰਜੇ ਬਿਕਰਮ ਮਜੀਠੀਆ, ਕਿਹਾ- ਮੇਰੀ ਆਵਾਜ਼ ਨੂੰ ਦਬਾਅ ਨਹੀਂ ਸਕਦੀ ਭਗਵੰਤ ਮਾਨ ਸਰਕਾਰ 

 (ਸ਼ਿਵ ਕੌੜਾ)
ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਮਾਣਯੋਗ ਅਦਾਲਤ ਤੋਂ ਜਮਾਨਤ ਮਿਲਣ ਉਪਰੰਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੇ ਸਮੇਂ ਫਗਵਾੜਾ ਬਾਈਪਾਸ ਰੋਡ ‘ਤੇ ਪਾਰਟੀ ਵਰਕਰਾਂ ਦੇ ਰੂ-ਬ-ਰੂ ਹੋਏ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿਧਾਨਸਭਾ ਹਲਕਾ ਫਗਵਾੜਾ ਸ਼ਹਿਰੀ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਸਰਦਾਰ ਰਾਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਸਮੂਹ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਬੋਲੇ ਸੋ ਨਿਹਾਲ ਅਤੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਅਕਾਸ਼ ਗੁੰਜਾਊ ਜੈਕਾਰੇ ਤੇ ਨਾਅਰੇ ਲਗਾ ਕੇ ਸਰਦਾਰ ਮਜੀਠੀਆ ਦਾ ਫੁੱਲਾਂ ਦੇ ਹਾਰ ਪਾ ਕੇ ਜੋਰਦਾਰ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਵਿੱਚ ਜਿਲ੍ਹਾ ਪ੍ਰਧਾਨ (ਸ਼ਹਿਰੀ) ਸਰਦਾਰ ਜਰਨੈਲ ਸਿੰਘ ਵਾਹਦ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਪਾਰਟੀ ਵਰਕਰਾਂ ਦੀਆਂ ਦੁਆਵਾਂ ਅਤੇ ਪਰਮਾਤਮਾ ਦੀ ਮਿਹਰ ਸਦਕਾ ਉਹਨਾਂ ਨੂੰ ਜਮਾਨਤ ਮਿਲੀ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਪ੍ਰਤੀ ਹਮਲਾਵਰ ਹੁੰਦਿਆਂ ਕਿਹਾ ਕਿ ਸਰਕਾਰ ਦੀ ਹੱਥਠੋਕਾ ਬਣੇ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਦਿਮਾਗੀ ਤੌਰ ‘ਤੇ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇੱਥੋਂ ਤੱਕ ਕੇ ਪਰਿਵਾਰ ਨੂੰ ਵੀ ਮਿਲਣ ਤੋਂ ਰੋਕਿਆ ਜਾਂਦਾ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਾ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਕਿ ਮੈਨੂੰ ਨਸ਼ੇ ਦੇ ਕੇਸ ਵਿੱਚ ਗਿਰਫਤਾਰ ਕੀਤਾ ਹੈ, ਜਦਕਿ ਐਫ.ਆਈ.ਆਰ. ਵਿੱਚ ਕਿਸੇ ਨਸ਼ੇ ਦਾ ਕੋਈ ਜਿਕਰ ਨਹੀਂ ਬਲਕਿ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਪਾਇਆ ਗਿਆ ਸੀ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜਿੰਨੇ ਮਰਜੀ ਝੂਠੇ ਕੇਸ ਪਾ ਲਵੇ ਪਰ ਉਹਨਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕੇਗੀ। ਨਾ ਕਦੇ ਉਹ ਸਰਕਾਰ ਅੱਗੇ ਝੂਕੇ ਹਨ, ਤੇ ਨਾ ਝੁਕਣਗੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੱਕ ਸੱਚ ਦੀ ਗੱਲ ਕੀਤੀ ਹੈ ਤੇ ਕਰਦੇ ਰਹਾਂਗੇ। ਉਹਨਾਂ ਜੋਰ ਦੇ ਕੇ ਕਿਹਾ ਕਿ ਅੱਜ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਆਮ ਆਦਮੀ ਦਾ ਮੁਖੌਟਾ ਪਾ ਕੇ ਪੰਜਾਬ ਨੂੰ ਲੁੱਟ ਰਹੇ ਇਸ ਕੇਜਰੀਵਾਲ ਦੇ ਟੋਲੇ ਤੋਂ ਦੁਖੀ ਹਨ। ਪੰਜਾਬੀਆਂ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਉਹਨਾਂ ਨੇ ਪੰਜਾਬ ਨੂੰ ਇਕ ਧੋਖੇਬਾਜ ਪਾਰਟੀ ਦੇ ਹਵਾਲੇ ਕਰਕੇ ਬਹੁਤ ਵੱਡੀ ਗਲਤੀ ਕੀਤੀ ਸੀ। ਜਿਸ ਨੂੰ ਅਗਲੇ ਸਾਲ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਸੁਧਾਰਦੇ ਹੋਏ ਦੁਬਾਰਾ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ। ਮਜੀਠੀਆ ਨੂੰ ਆਮ ਆਦਮੀ ਪਾਰਟੀ ਸਰਕਾਰ ਉੱਪਰ ਸਰਕਾਰੀ ਜਾਇਦਾਦਾਂ ਨੂੰ ਵੇਚਣ ਅਤੇ ਵੱਡੇ ਘੋਟਾਲੇ ਕਰਨ ਦਾ ਦੋਸ਼ ਵੀ ਲਗਾਇਆ ਅਤੇ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦੱਲ ਦੀ ਸਰਕਾਰ ਬਣਨ ‘ਤੇ ਭਗਵੰਤ ਮਾਨ ਅਤੇ ਆਪ ਪਾਰਟੀ ਤੋਂ ਸਾਰਾ ਹਿਸਾਬ ਵਸੂਲ ਕੀਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪੰਜਾਬ ਦੀ ਮੋਜੂਦਾ ਕਾਨੂੰਨ ਵਿਵਸਥਾ ਵੀਹ ਸਾਲ ਪੁਰਾਣੇ ਯੂ.ਪੀ. ਬਿਹਾਰ ਦੀ ਤਸਵੀਰ ਪੇਸ਼ ਕਰ ਰਹੀ ਹੈ। ਇੱਥੋਂ ਦਾ ਉੱਥੋਂ ਦੇ ਹਾਲ ਜੰਗਲਰਾਜ ਤੋਂ ਵੀ ਜਿਆਦਾ ਮਾੜਾ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰ ਅਤੇ ਸਮਰਥਕ ਹਾਜਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.