August 17, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ‘ਚ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸ਼ਕਰੀ ਮਾਡਿਊਲ ਦਾ ਪਰਦਾਫ਼ਾਸ਼; ਇੱਕ ਨਾਬਾਲਗ ਸਮੇਤ 6 ਵਿਅਕਤੀ ਛੇ ਪਿਸਤੌਲਾਂ ਨਾਲ ਗ੍ਰਿਫ਼ਤਾਰ 

Oplus_0

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਚੰਡੀਗੜ੍ਹ/ਅੰਮ੍ਰਿਤਸਰ,
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਵੱਲੋਂ ਸੰਚਾਲਿਤ ਹਥਿਆਰ ਤਸ਼ਕਰੀ ਮਾਡਿਊਲ ਦੇ ਛੇ ਕਾਰਕੁਨਾਂ, ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਵੀ ਹੈ, ਨੂੰ ਛੇ ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਨੂੰ ਬੇਅਸਰ ਕੀਤਾ ਹੈ।  ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੋਟਲੀ ਵਸਾਵਾ ਸਿੰਘ ਦੇ ਰਹਿਣ ਵਾਲੇ ਗੁਰਬੀਰ ਸਿੰਘ ਉਰਫ਼ ਸੋਨੂੰ (28), ਗੁਰਪ੍ਰੀਤ ਸਿੰਘ ਉਰਫ਼ ਗੋਪਾ (32), ਗੋਰਕਾ ਸਿੰਘ ਉਰਫ਼ ਗੋਰਾ, ਰਾਜਵਿੰਦਰ ਸਿੰਘ ਉਰਫ਼ ਰਾਜੂ – ਤਿੰਨੇਂ ਵਾਸੀ ਖੇਮਕਰਨ (ਤਰਨ ਤਾਰਨ), ਜਸਪਾਲ ਸਿੰਘ ਉਰਫ਼ ਜੱਸ (24) ਵਾਸੀ ਬੱਚੀਵਿੰਡ (ਅੰਮ੍ਰਿਤਸਰ) ਅਤੇ ਸੁਲਤਾਨਪੁਰ ਲੋਧੀ ਸਥਿਤ 16 ਸਾਲਾ ਨਾਬਾਲਗ ਵਜੋਂ ਹੋਈ ਹੈ । ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਪੰਜ .30 ਬੋਰ ਪਿਸਤੌਲ ਅਤੇ ਇੱਕ 9 ਐਮਐਮ ਪੀਐਕਸ-5 ਪਿਸਤੌਲ ਸ਼ਾਮਲ ਹਨ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਇੱਕ ਹੈਂਡਲਰ ਦੇ ਸਿੱਧੇ ਸੰਪਰਕ ਵਿੱਚ ਸਨ, ਜੋ ਹਥਿਆਰਾਂ ਦੀ ਖੇਪ ਨੂੰ ਪ੍ਰਾਪਤ ਕਰਨ ਅਤੇ ਅੱਗੇ ਸਪਲਾਈ ਕਰਨ ਲਈ ਜਾਣਕਾਰੀ ਸਾਂਝੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਗਠਿਤ ਗਿਰੋਹ ਵੱਲੋਂ ਹਥਿਆਰਾਂ ਦੀਆਂ ਇਹ ਖੇਪਾਂ ਅੱਗੇ ਮਾਂਝਾ-ਦੋਆਬਾ ਖੇਤਰਾਂ ਵਿੱਚ ਸਰਗਰਮ ਅਪਰਾਧੀਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ।
     ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਨੈੱਟਵਰਕ ਦੇ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਅਤੇ ਖੇਪਾਂ ਪ੍ਰਾਪਤ ਕਰਨ ਵਾਲਿਆਂ ਅਤੇ ਵਿੱਤੀ ਚੈਨਲਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।
      ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆਂ ਕਿ ਪਹਿਲੀਂ ਸਫ਼ਲਤਾ ਉਦੋਂ ਮਿਲੀ ਜਦੋਂ ਪੁਲਿਸ ਟੀਮ ਨੇ ਖੁਫ਼ੀਆ ਇਤਲਾਹ ’ਤੇ ਅਧਾਰਤ ਇੱਕ ਕਾਰਵਾਈ ਤਹਿਤ ਸ਼ੱਕੀ ਗੁਰਬੀਰ ਉਰਫ਼ ਸੋਨੂੰ ਅਤੇ ਗੁਰਪ੍ਰੀਤ ਉਰਫ਼ ਗੋਪਾ ਨੂੰ ਦੋ .30 ਬੋਰ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ।
    ਉਨ੍ਹਾਂ ਦੱਸਿਆਂ ਕਿ ਉਕਤ ਮੁਲਜ਼ਮਾਂ ਦੀ ਪੁੱਛਗਿੱਛ ਕਾਰਨ ਸਾਰੇ ਨੈੱਟਵਰਕ ਦਾ ਖੁਲਾਸਾ ਹੋ ਗਿਆ ਹੈ ਅਤੇ ਇਸ ਤੋਂ ਬਾਅਦ ਕੀਤੀਆਂ ਛਾਪੇਮਾਰੀਆਂ ਦੌਰਾਨ ਉਨ੍ਹਾਂ ਦੇ ਸਾਥੀਆਂ- ਗੋਰਕਾ ਸਿੰਘ ਉਰਫ਼ ਗੋਰਾ ਨੂੰ ਇੱਕ .30 ਬੋਰ ਪਿਸਤੌਲ ਸਮੇਤ, ਜਸਪਾਲ ਸਿੰਘ ਉਰਫ਼ ਜੱਸ ਨੂੰ ਇੱਕ .30 ਬੋਰ ਪਿਸਤੌਲ ਅਤੇ ਰਾਜਵਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ 9 ਐਮਐਮ ਪੀਐਕਸ 5 ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਦੌਰਾਨ ਇੱਕ ਨਾਬਾਲਗ ਸਾਥੀ ਨੂੰ ਵੀ ਇੱਕ .30 ਬੋਰ ਪਿਸਤੌਲ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ।ਸੀ.ਪੀ. ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਗੋਰਕਾ ਉਰਫ਼ ਗੋਰਾ ਅਤੇ ਰਾਜਵਿੰਦਰ ਉਰਫ਼ ਰਾਜੂ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਦੇ ਅਪਰਾਧ ਅਤੇ ਬਲਾਤਕਾਰ ਅਤੇ ਪੋਕਸੋ ਐਕਟ ਨਾਲ ਸਬੰਧਤ ਕਈ ਮਾਮਲੇ ਦਰਜ ਹਨ।   ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਦੇ ਦੋ ਵਿਅਕਤੀਆਂ ਦੀ ਪਛਾਣ, ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਵਾਲਿਆਂ ਵਜੋਂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਫ਼ੜਨ ਲਈ ਛਾਪੇ ਮਾਰੇ ਜਾ ਰਹੇ ਹਨ।ਇਸ ਸਬੰਧੀ ਪੁਲਿਸ ਸਟੇਸ਼ਨ ਛਾਉਣੀ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25(6,7,8) ਤਹਿਤ ਐਫਆਈਆਰ ਨੰਬਰ 260 ਮਿਤੀ 30-11-2025 ਅਧੀਨ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.