August 17, 2026

Justice News

ਅਵਾਮ ਦੀ ਆਵਾਜ਼

ਚਿੱਟੇ ਖਿਲਾਫ ਪੋਸਟ ਪਾਉਣ ਤੇ ਪੱਤਰਕਾਰ ਉਪਰ ਜਾਨਲੇਵਾ ਹਮਲਾ

 

 ਭਵਾਨੀਗੜ੍ਹ,  ( ਹੈਪੀ ਸ਼ਰਮਾ ) : ਅੱਜ ਇੱਥੇ ਬਲਿਆਲ ਰੋਡ ਤੇ ਦੁਪਹਿਰ ਵੇਲੇ ਪੱਤਰਕਾਰ ਹਰਵਿੰਦਰ ਕੁਮਾਰ (ਹੈਪੀ ਸ਼ਰਮਾਂ) ਉਪਰ 8-10 ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।
 ਇੱਥੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਪੱਤਰਕਾਰ ਹੈਪੀ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉਤੇ ਬੈਠਾ ਸੀ ਕਿ ਅਚਾਨਕ 8-10 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਉੱਤੇ ਬੇਸਬਾਲਾਂ ਵਗੈਰਾ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਉਸ ਦੀ ਬਾਂਹ ਤੋੜ ਦਿੱਤੀ ਅਤੇ ਸਿਰ ਪਾੜ ਦਿੱਤਾ ਗਿਆ। ਹਮਲਾਵਰਾਂ ਨੇ ਕੁੱਟਮਾਰ ਦੌਰਾਨ ਹੈਪੀ ਸ਼ਰਮਾ ਨੂੰ ਚਿੱਟੇ ਖਿਲਾਫ ਨਾ ਬੋਲਣ ਦੀ ਤਾੜਨਾ ਕੀਤੀ।
ਇਸੇ ਦੌਰਾਨ ਪਤਾ ਲੱਗਦਿਆਂ ਹੀ ਸ਼ਹਿਰ ਦੇ ਸਾਰੇ ਪੱਤਰਕਾਰ, ਕਿਸਾਨ ਆਗੂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਸਪਤਾਲ ਵਿੱਚ ਪਹੁੰਚ ਗਏ। ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ, ਪ੍ਰੈੱਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਗੁਰਵਿੰਦਰ ਸਿੰਘ ਰੋਮੀ, ਸਰਪ੍ਰਸਤ ਮੇਜਰ ਸਿੰਘ ਮੱਟਰਾਂ, ਗੁਰਦਰਸ਼ਨ ਸਿੰਘ ਸਿੱਧੂ ਸਮੇਤ ਸਮੂਹ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਹਮਲਾਵਰਾਂ ਖਿਲਾਫ ਸ਼ਾਮ ਤੱਕ ਕਾਰਵਾਈ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।
 ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਚੇਤ ਸਿੰਘ ਭੱਟੀਵਾਲ, ਲਾਡੀ ਬਖੋਪੀਰ ਅਤੇ ਬ੍ਰਾਹਮਣ ਸਭਾ ਦੇ ਆਗੂ ਡਾ. ਰਿੰਪੀ ਨੇ ਕਿਹਾ ਕਿ ਜੇਕਰ ਇੱਥੇ ਪੱਤਰਕਾਰ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ।
 ਇਸੇ ਦੌਰਾਨ ਡਾ. ਵਿਕਰਮ ਪਾਲ ਸਿੰਘ ਨੇ ਦੱਸਿਆ ਕਿ ਗੰਭੀਰ ਸੱਟਾਂ ਕਾਰਨ ਹੈਪੀ ਸ਼ਰਮਾ ਨੂੰ ਸੰਗਰੂਰ ਰੈਫਰ ਕਰ ਦਿੱਤਾ ਹੈ। ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.