ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਓਲੰਪਿਕ ਖੇਡਾਂ ਵਿੱਚੋਂ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਨੇ ਪੰਜਾਬ ਸਰਕਾਰ ਵੱਲੋਂ ਜੀ ਆਇਆ ਕਿਹਾ ਅਤੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਇਸ ਮੌਕੇ ਹਾਕੀ ਖਿਡਾਰੀਆਂ ਦੇ ਮਾਤਾ-ਪਿਤਾ ਹਾਕੀ ਪ੍ਰੇਮੀ ਅਤੇ ਹਾਕੀ ਪੰਜਾਬ ਦੇ ਸੀਨੀਅਰ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੰਤਰੀ ਧਾਲੀਵਾਲ ਨੇ ਇਸ ਮੌਕੇ ਹਾਕੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਹਾਡੀ ਜੇਤੂ ਟੀਮ ਦੇ ਹਰੇਕ ਖਿਡਾਰੀ ਨੂੰ ਇੱਕ-ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸਾਨੂੰ ਤੁਹਾਡੇ ਉੱਤੇ ਮਾਣ ਹੈ, ਜਿਨਾਂ ਨੇ ਲੰਮੇ ਸਮੇਂ ਬਾਅਦ ਹਾਕੀ ਵਿੱਚ ਭਾਰਤ ਦੀ ਵਾਪਸੀ ਕਰਵਾਈ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪਿੰਡ ਪੱਧਰ ਉੱਤੇ ਵਿਕਸਿਤ ਕਰਨ ਲਈ ਯਤਨ ਕਰ ਰਹੀ ਹੈ ਅਤੇ ਆਉਣ ਵਾਲਾ ਸਮਾਂ ਸਾਡੇ ਖਿਡਾਰੀਆਂ ਅਤੇ ਖੇਡਾਂ ਲਈ ਬਹੁਤ ਸੁਖਾਵਾਂ ਮਾਹੌਲ ਦੇਵੇਗਾ, ਜਿਸ ਨਾਲ ਪੰਜਾਬ ਵਿੱਚ ਵੱਡੇ ਖਿਡਾਰੀ ਪੈਂਦਾ ਹੋਣਗੇ। ਇਸ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਨੂੰ ਆਪਣੇ ਹਾਕੀ ਖਿਡਾਰੀਆਂ ਉੱਤੇ ਸਦਾ ਮਾਣ ਰਹੇਗਾ, ਜਿਨਾਂ ਨੇ ਦੇਸ਼ ਲਈ ਮੈਡਲ ਜਿੱਤ ਕੇ ਲੰਮੇ ਸਮੇਂ ਬਾਅਦ ਹਾਕੀ ਵਿੱਚ ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਖਿਡਾਰੀਆਂ ਨੇ ਪੰਜਾਬ ਉੱਤੇ ਲੱਗਾ ਨਸ਼ੇ ਦਾ ਕਲੰਕ ਆਪਣੀ ਖੇਡ ਨਾਲ ਦੂਰ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਖੇਡਾਂ ਵਿੱਚ ਦੇਸ਼ ਦੀ ਅਗਵਾਈ ਕਰਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਰੀਤ ਜਾਰੀ ਰਹੇਗੀ, ਜਿਸ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਡਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੁੰਦਾ ਹੈ। ਜਦੋਂ ਸਾਡੇ ਪੰਜਾਬ ਦੇ ਖਿਡਾਰੀ ਓਲੰਪਿਕ ਵਿੱਚ ਦੇਸ਼ ਦੀ ਤਰਜ਼ਮਾਨੀ ਕਰ ਰਹੇ ਹੁੰਦੇ ਹਨ। ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੇ ਯਤਨਾਂ ਨਾਲ ਭਵਿੱਖ ਵਿੱਚ ਪੰਜਾਬ ਖੇਡਾਂ ਦੀ ਨਰਸਰੀ ਕਰਕੇ ਜਾਣਿਆ ਜਾਵੇਗਾ।
ਅੱਜ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ ਓਲੰਪਿਕ ਖਿਡਾਰੀਆਂ ਵਿੱਚ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਜਰਮਨ ਪ੍ਰੀਤ ਸਿੰਘ ਬੱਲ, ਸੁਖਜੀਤ ਸਿੰਘ ਅਤੇ ਜੁਗਰਾਜ ਸਿੰਘ ਦੇ ਨਾਮ ਵਰਨਨ ਯੋਗ ਹਨ।
ਇਸ ਮੌਕੇ ਰਜਤ ਉਬਰਾਏ ਪ੍ਰਸ਼ਾਸਕ ਡੀ ਏ, ਸਾਬਕਾ ਹਾਕੀ ਓਲੰਪੀਅਨ ਪ੍ਰਗਟ ਸਿੰਘ, ਹਰਪ੍ਰੀਤ ਸਿੰਘ ਮੰਡੇਰ, ਬਲਵਿੰਦਰ ਸਿੰਘ ਸ਼ੰਮੀ, ਸੰਜੀਵ ਕੁਮਾਰ, ਜੁਗਰਾਜ ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਜਨਰਲ ਸਕੱਤਰ ਅਮਰੀਕ ਸਿੰਘ ਪਵਾਰ, ਚੇਅਰਮੈਨ ਸਲਾਹਕਾਰ ਬੋਰਡ ਪ੍ਰਗਟ ਸਿੰਘ, ਖਜ਼ਾਨਚੀ ਸੰਜੀਵ ਕੁਮਾਰ, ਕਾਰਜਕਾਰੀ ਮੈਂਬਰ ਕੁਲਬੀਰ ਸਿੰਘ, ਮੈਂਬਰ ਗੁਰਮੀਤ ਸਿੰਘ, ਗੁਨਦੀਪ ਸਿੰਘ ਕਪੂਰ, ਚੇਅਰਮੈਨ ਅੰਪਾਇਰਿੰਗ ਕਮੇਟੀ ਗੁਰਿੰਦਰ ਸਿੰਘ ਸੰਘਾ, ਆਫ਼ਿਸ ਇੰਚਾਰਜ਼ ਕੰਚਨ ਅਤੇ ਸੀਨੀਅਰ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਜੀ ਆਇਆ ਕਿਹਾ।
Leave a Reply