August 17, 2026

Justice News

ਅਵਾਮ ਦੀ ਆਵਾਜ਼

ਚੇਅਰਪਰਸਨ ਪੰਜਾਬ ਰਾਜ ਮਹਿਲਾਂ ਕਮਿਸ਼ਨ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੀ ਕੇਂਦਰੀ ਜ਼ੇਲ੍ਹ ਦਾ ਕੀਤਾ ਦੌਰਾ

ਅੰਮ੍ਰਿਤਸਰ   (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਚੇਅਰਪਰਸਨ ਪੰਜਾਬ ਰਾਜ ਮਹਿਲਾਂ ਕਮਿਸ਼ਨ ਸ਼੍ਰੀਮਤੀ ਰਾਜ ਲਾਲੀ ਗਿੱਲ ਵੱਲੋਂ ਅੱਜ ਜ਼ਿਲ੍ਹੇ ਦੀ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਅਤੇ ਮਹਿਲਾਂ ਕ਼ੈਦੀਆਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਜਾਇਜ਼ਾ ਲੈਂਦੇ ਹੋਏ ਕੇਂਦਰੀ ਜ਼ੇਲ੍ਹ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਹਿਲਾਂ ਕ਼ੈਦੀਆਂ ਦਾ ਸਮੇਂ-ਸਮੇਂ ਸਿਰ ਮੈਡੀਕਲ ਜਾਂਚ ਕਰਵਾਈ ਜਾਵੇ ਅਤੇ ਮਹਿਲਾਂ ਬੰਦੀਆਂ ਨੂੰ ਕਾਨੂੰਨੀ, ਡਾਕਟਰੀ ਤੇ ਸਿੱਖਿਆ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਮਿਲ ਰਹੀਆਂ ਸਹੂਲਤਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਬਿਹਤਰ ਕੀਤਾ ਜਾਵੇ।
ਸ੍ਰੀਮਤੀ ਰਾਜ ਲਾਲੀ ਗਿੱਲ ਨੇ ਮਹਿਲਾਂ ਬੰਦੀਆਂ ਦੀਆਂ ਮੁਸ਼ਕਿਲਾਂ ਨੂੰ ਡੁੰਘਾਈ ਨਾਲ ਸੁਣਿਆਂ ਅਤੇ ਉਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਤੁਹਾਡੀਆਂ ਜਾਇਜ਼ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਕੁੱਝ ਮਹਿਲਾਂ ਬੰਦੀਆਂ ਵੱਲੋਂ ਆਪਣੇ ਅੰਡਰ ਟ੍ਰਾਇਲ ਕੇਸਾਂ ਨੂੰ ਲੈ ਕੇ ਕਮਿਸ਼ਨ ਨੂੰ ਕਿਹਾ ਕਿ ਲੰਬੇ ਸਮੇਂ ਤੋਂ ਉਨਾਂ ਦੇ ਕੇਸਾਂ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਚੇਅਰਪਰਸਨ ਮਹਿਲਾਂ ਕਮਿਸ਼ਨ ਨੇ ਜ਼ੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੰਬੇ ਸਮੇਂ ਤੋਂ ਅੰਡਰ ਟ੍ਰਾਇਲ ਚਲ ਰਹੇ ਕੇਸਾਂ ਦੀ ਰਿਪੋਰਟ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਕੇਸਾਂ ਤੇ ਸਮੇਂ ਬੱਧ ਢੰਗ ਨਾਲ ਕਾਰਵਾਈ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਕਮਿਸ਼ਨ ਦਾ ਫਰਜ਼ ਬਣਦਾ ਹੈ ਕਿ ਤੁਹਾਡੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇ ਅਤੇ ਤੁਹਾਨੂੰ ਪੇਸ਼ ਆ ਰਹੀ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾ ਸਕੇ।
ਚੇਅਰਪਰਸਨ ਮਹਿਲਾਂ ਕਮਿਸ਼ਨ ਨੇ ਮਹਿਲਾਂ ਬੰਦੀਆਂ ਵੱਲੋਂ ਤਿਆਰ ਕੀਤੇ ਗਏ ਉਤਪਾਦ ਵੀ ਦੇਖੇ ਅਤੇ ਕਿਹਾ ਕਿ ਜ਼ੇਲ੍ਹ ਪ੍ਰਸ਼ਾਸਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਮਹਿਲਾਂ ਬੰਦੀਆਂ ਵੱਲੋਂ ਤਿਆਰ ਕਰਵਾਏ ਗਏ ਸੂਟ, ਬੱਚਿਆਂ ਦੇ ਖਿਡੌਣੇ, ਟੈਡੀ ਬੀਅਰ ਆਦਿ ਬਜ਼ਾਰ ਵਿੱਚ ਵੇਚੇ ਜਾਂਦੇ ਹਨ। ਜਿਸ ਨਾਲ ਮਹਿਲਾਂ ਬੰਦੀਆਂ ਦੀ ਹੌਂਸਲਾ ਅਫ਼ਜਾਈ ਵੀ ਹੁੰਦੀ ਹੈ। ਸ੍ਰੀਮਤੀ ਰਾਜ ਲਾਲੀ ਗਿੱਲ ਨੇ ਮਹਿਲਾਂ ਬੰਦੀਆਂ ਦੇ ਬੱਚਿਆਂ ਨੂੰ ਗਿਫ਼ਟ ਵੀ ਵੰਡੇ।
ਇਸ ਮੌਕੇ ਚੇਅਰਮੈਨ ਬਾਲ ਕਮਿਸ਼ਨ ਕੰਵਰਦੀਪ ਸਿੰਘ ਵੱਲੋਂ ਮਹਿਲਾਂ ਬੰਦੀਆਂ ਦੇ ਬੱਚਿਆਂ ਨੂੰ ਲੈ ਕੇ ਜ਼ੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਇਹਨਾਂ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇ।
ਇਸ ਉਪਰੰਤ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਅਤੇ ਚੇਅਰਮੈਨ ਬਾਲ ਕਮਿਸ਼ਨ ਨੇ ਜ਼ੇਲ੍ਹ ਵਿਖੇ ਮੌਜ਼ੂਦ ਹਸਪਤਾਲ, ਰਸੋਈ, ਲਾਇਬ੍ਰੇਰੀ ਅਤੇ ਵੱਖ-ਵੱਖ ਬੈਰਕਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਸਮੀਖਿਆ ਕੀਤੀ ਅਤੇ ਲੰਗਰ ਹਾਲ ਵਿੱਚ ਕ਼ੈਦੀਆਂ ਲਈ ਬਣੇ ਹੋਏ ਭੋਜਨ ਨੂੰ ਖਾਂ ਕੇ ਉਸ ਦੀ ਸਮੀਖਿਆ ਵੀ ਕੀਤੀ ਅਤੇ ਸੰਤੁਸ਼ਟੀ ਪ੍ਰਗਟਾਈ। ਉਨਾਂ ਜ਼ੇਲ੍ਹ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ੇਲ੍ਹ ਵਿੱਚ ਸਾਫ਼ ਸਫ਼ਾਈ, ਭੋਜਨ ਦੇ ਪੁੱਖਤਾ ਪ੍ਰਬੰਧ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਕਈ ਮਹਿਲਾਵਾਂ ਨੇ ਆਪਣੀ ਨਿੱਜੀ ਸਮੱਸਿਆ ਨੂੰ ਦੱਸਿਆਂ ਜਿਸ ਨੂੰ ਯਕੀਨਨ ਤੌਰ ਉੱਤੇ ਹੱਲ ਕੀਤਾ ਜਾਵੇਗਾ।
 ਉਨ੍ਹਾਂ ਕਿਹਾ ਕਿ ਜ਼ੇਲ੍ਹ ਵਿਖੇ ਮੌਜ਼ੂਦ ਹਸਪਤਾਲ ਵਿੱਚ ਕੁੱਝ ਮਸ਼ੀਨਰੀਆਂ ਦੀ ਘਾਟ ਪਾਈ ਗਈ ਜਿਸ ਉੱਤੇ ਉਨ੍ਹਾਂ ਸਬੰਧਿਤ ਅਧਿਕਾਰੀ ਨੂੰ ਇਸ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਜ਼ੇਲ੍ਹ ਸੁਪਰਡੈਂਟ ਸ੍ਰੀ ਅਨੁਰਾਗ ਕੁਮਾਰ ਅਜ਼ਾਦ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਮਹਿਲਾਂ ਕ਼ੈਦੀਆਂ ਦੀ ਕੁੱਲ ਕੈਪੇਸਟੀ 260 ਹੈ ਅਤੇ ਇਸ ਵੇਲੇ ਜੇਲ੍ਹ ਅੰਦਰ 183 ਮਹਿਲਾਂ ਕੈਂਦੀ ਬੰਦੀ ਹਨ ਜਿਨ੍ਹਾਂ ਵਿੱਚੋਂ 22 ਮਹਿਲਾਂ ਕ਼ੈਦੀਆਂ ਨੂੰ ਸਜ਼ਾ ਹੋ ਚੁੱਕੀ ਹੈ ਅਤੇ 153 ਅੰਡਰ ਟ੍ਰਾਇਲ, 5 ਵਿਦੇਸ਼ੀ, 1 ਵਿਦੇਸ਼ੀ ਦੋਸ਼ੀ ਅਤੇ 2 ਵਿਦੇਸ਼ੀ ਅੰਡਰ ਟ੍ਰਾਇਲ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੇਡੀਜ਼ ਵਾਰਡ ਵਿੱਚ 8 ਬੱਚੇ ਵੀ ਮਹਿਲਾਂ ਬੰਦੀਆਂ ਦੇ ਹਨ।
ਕੇਂਦਰੀ ਜ਼ੇਲ੍ਹ ਦਾ ਦੌਰਾ ਕਰਨ ਉਪਰੰਤ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਅਤੇ ਚੇਅਰਮੈਨ ਬਾਲ ਕਮਿਸ਼ਨ ਕੰਵਰਦੀਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ।
ਇਸ ਮੌਕੇ ਡਿਪਟੀ ਸੁਪਰਡੈਂਟ ਸੁਰੱਖਿਆਂ ਜੀ.ਐਸ.ਬਰਾੜ, ਡਿਪਟੀ ਸੁਰਪਡੈਂਟ ਜ਼ੇਲ੍ਹ ਸ਼ਿਆਮਲ ਜੋਤੀ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਅਤੇ ਹੋਰ ਜੇਲ੍ਹ ਸਟਾਫ ਮੈਂਬਰ ਹਾਜ਼ਰ ਰਹੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.