August 17, 2026

Justice News

ਅਵਾਮ ਦੀ ਆਵਾਜ਼

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ 

ਅੰਮ੍ਰਿਤਸਰ, 3 ਜੁਲਾਈ‌ (ਰਣਜੀਤ ਸਿੰਘ ਮਸੌਣ) ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਜਿਸ ਵਿੱਚ ਉਹਨਾਂ ਦੀ ਧੀ ਗਲੋਰੀ ਬਾਵਾ ਸ਼ਾਮਿਲ ਹੈ, ਉਸ ਨੂੰ ਆਪਣੀ ਤਨਖ਼ਾਹ ਵਿੱਚੋਂ ਇੱਕ ਲੱਖ ਰੁਪਏ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਿੱਤੇ। ਇਸ ਮੌਕੇ ਉਹਨਾਂ ਨੇ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਵੀ ਇੱਕ ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਅਤੇ ਹੋਰ ਅਧਿਕਾਰੀ ਵੀ ਉਹਨਾਂ ਨਾਲ ਸਨ ।
         ਲੋਕ ਗਾਇਕਾ ਗੁਰਮੀਤ ਬਾਵਾ ਦੇ ਘਰ ਪਹੁੰਚੇ ਮੰਤਰੀ ਧਾਲੀਵਾਲ ਨੇ ਪਰਿਵਾਰ ਨੂੰ ਵਿੱਤੀ ਯੋਗਦਾਨ ਦਿੰਦੇ ਹੋਏ ਬੜੇ ਦੁੱਖੀ ਮਨ ਨਾਲ ਕਿਹਾ ਕਿ ਸਾਡੀ ਉਹ ਗਾਇਕਾ ਜਿਸ ਨੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਦੇ ਘਰੇਲੂ ਹਾਲਾਤ ਕੁੱਝ ਕੁਦਰਤੀ ਕਾਰਨਾਂ ਕਰਨ ਇੰਨੇਂ ਖ਼ਰਾਬ ਹੋ ਗਏ ਕਿ ਉਹਨਾਂ ਦੀ ਧੀ ਗਲੋਰੀ ਬਾਵਾ ਨੇ ਸੋਸ਼ਲ ਮੀਡੀਆ ਉੱਤੇ ਇਸ ਗੱਲ ਦਾ ਜ਼ਿਕਰ ਕੀਤਾ। ਜਿਸ ਨੂੰ ਪੜ੍ਹ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਅੱਜ ਪਰਿਵਾਰ ਦਾ ਸਾਥ ਦੇਣ ਲਈ ਅੱਗੇ ਆਇਆ, ਪਰ ਇੱਥੇ ਆ ਕੇ ਇਹ ਸੁਣ ਕੇ ਮਨ ਹੋਰ ਵੀ ਬਹੁਤ ਦੁੱਖੀ ਹੋਇਆ ਕਿ ਪਰਿਵਾਰ ਦੀਆਂ ਪੰਜ ਦੁਕਾਨਾਂ ਜੋ ਕਿ ਇਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ, ਉੱਤੇ ਵੀ ਕੁੱਝ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਹ ਲੋਕ ਨਾ ਤਾਂ ਕਿਰਾਇਆ ਦੇ ਰਹੇ ਹਨ ਅਤੇ ਨਾ ਹੀ ਦੁਕਾਨਾਂ ਖਾਲੀ ਕਰ ਰਹੇ ਹਨ। ਮੰਤਰੀ ਧਾਲੀਵਾਲ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਉੱਤੇ ਚੱਲਣ ਵਾਲੇ ਪੰਜਾਬੀ ਅਤੇ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਵਾਸੀ ਪੰਜਾਬੀ ਅੱਜ ਕਿਹੜੇ ਰਾਹ ਪੈ ਗਏ ਕਿ ਆਪਣੇ ਹੀ ਲੋਕਾਂ ਦੀ ਜਾਇਦਾਦਾਂ ਉੱਤੇ ਕਬਜ਼ੇ ਕਰ ਰਹੇ ਹਨ।
ਉਹ ਬੱਚੀ ਜੋ ਕਿ ਆਪਣੀ ਭੈਣ ਡੌਲੀ ਦੀ ਮੌਤ ਤੋਂ ਬਾਅਦ ਦੋ ਪਰਿਵਾਰਾਂ ਦਾ ਪਾਲਣ ਪੋਸਣ ਕਰ ਰਹੀ ਹੈ ਅਤੇ ਇਹ ਦੁਕਾਨਾਂ ਦੀ ਆਮਦਨ ਉਸ ਦਾ ਗੁਜ਼ਾਰਾ ਕਰ ਸਕਦੀ ਹੈ, ਉਹ ਵੀ ਕਰਾਇਆ ਦੇਣ ਨੂੰ ਤਿਆਰ ਨਹੀਂ । ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਭਲੇਮਾਣਸੀ ਨਾਲ ਇਹਨਾਂ ਦੁਕਾਨਾਂ ਦਾ ਕਿਰਾਇਆ ਦੇਣਾ ਸ਼ੁਰੂ ਕਰਨ ਜਾਂ ਦੁਕਾਨਾਂ ਖ਼ਾਲੀ ਕਰਨ ਨਹੀਂ ਤਾਂ ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ।
ਮੰਤਰੀ ਧਾਲੀਵਾਲ ਨੇ ਇਸ ਮੌਕੇ ਪੰਜਾਬ ਦੇ ਗਾਇਕਾਂ ਖਾਸ ਕਰਕੇ ਨਵੇਂ ਪੀੜੀ ਦੇ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰਮੀਤ ਬਾਵਾ ਦੇ ਪਰਿਵਾਰ ਦਾ ਖੁੱਲ ਕੇ ਸਾਥ ਦੇਣ ਤਾਂ ਜੋ ਪਰਿਵਾਰ ਨੂੰ ਇਸ ਔਖੀ ਘੜੀ ਵਿੱਚੋਂ ਕੱਢਿਆਂ ਜਾ ਸਕੇ।
ਇਸ ਮੌਕੇ ਐਸ.ਡੀ.ਐਮ ਲਾਲ ਵਿਸ਼ਵਾਸ਼, ਡੀ.ਸੀ.ਪੀ‌ ਵਿਜੇ ਆਲਮ ਸਿੰਘ, ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਮਨੀਸ਼ ਅਗਰਵਾਲ, ਅਰਵਿੰਦਰ ਭੱਟੀ ਅਤੇ ਰੈਡ ਕਰਾਸ ਦੇ ਸਕੱਤਰ ਸੈਮਸਨ ਮਸੀਹ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.