ਅਜਨਾਲਾ, 3 ਜੁਲਾਈ ( ਰਣਜੀਤ ਸਿੰਘ ਮਸੌਣ/ਕਾਲਾ ਸਲਵਾਨ) ਸੂਬੇ ਨੂੰ ਨਸ਼ਿਆਂ ਤੋਂ ਮੁਕੰਮਲ ਤੌਰ ਉੱਤੇ ਮੁਕਤ ਕਰਨ ਲਈ ਪੰਜਾਬ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਸ਼ੇ ਨੂੰ ਮੁਕੰਮਲ ਤੌਰ ਉੱਤੇ ਠੱਲ ਪਾਉਣ ਲਈ ਸਰਹੱਦੀ ਪੱਟੀ ਤੇ ਵਾਸੀਆਂ ਦੇ ਸਾਥ ਦੀ ਲੋੜ ਹੈ। ਐਸ.ਡੀ.ਐਮ ਅਜਨਾਲਾ ਅਰਵਿੰਦਰ ਪਾਲ ਸਿੰਘ ਨੇ ਸਰਹੱਦੀ ਪਿੰਡਾਂ ਦੀ ਰੱਖਿਆ ਲਈ ਬਣਾਈਆਂ ਵਿਸੇਸ ਕਮੇਟੀਆਂ ਨਾਲ ਨਸ਼ਿਆਂ ਦੀ ਮੌਜ਼ੂਦਾ ਸਥਿਤੀ ਬਾਬਤ ਸਿਵਲ, ਪੁਲਿਸ, ਬੀਐਸਐਫ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਦੇ ਕਿਹਾ ਕਿ ਨਸ਼ਿਆਂ ਖਿਲਾਫ਼ ਲੜਾਈ ਵਿੱਚ ਸਮੂਹ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ।
ਸਰਹੱਦ ਦੇ ਪਿੰਡ ਸੈਦੋਗਾਜੀ ਅਤੇ ਮਾਂਝੀ ਮਿਆ ਵਿਖੇ ਕੀਤੀਆਂ ਮੀਟਿੰਗਾਂ ਦੌਰਾਨ ਅਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਇੱਕ ਅੰਦੋਲਨ ਦੀ ਲੋੜ ਹੈ। ਜਿਸ ਵਿੱਚ ਹਰ ਵਰਗ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ ਤਾਂ ਹੀ ਇਸ ਸਮਾਜਿਕ ਬੁਰਾਈ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕੇਵਲ ਨਸ਼ਾ ਸਮਗਲਰ ਫ਼ੜਨ ਨਾਲ ਇਹ ਮਸਲਾ ਹੱਲ ਨਹੀਂ ਹੋ ਸਕਦਾ, ਇਸ ਲਈ ਨਸ਼ੇ ਦੀ ਮੰਗ ਖਤੁਮ ਕਰਨੀ ਅਤੇ ਨਸ਼ਾ ਲੈ ਰਹੇ ਬੱਚਿਆਂ ਦਾ ਇਲਾਜ਼ ਕਰਵਾਉਣਾ ਵੀ ਜ਼ਰੂਰੀ ਹੈ। ਉਨਾਂ ਕਿਹਾ ਕਿ ਅਸੀਂ ਹਰ ਤਰਾਂ ਨਾਲ ਤਿਆਰ ਹਾਂ, ਪਰ ਲੋਕਾਂ ਦੇ ਸਾਥ ਦੀ ਲੋੜ ਹੈ, ਜੋ ਕਿ ਨਸ਼ੇ ਖਿਲਾਫ਼ ਅਵਾਜ਼ ਬੁਲੰਦ ਕਰਨ। ਉਹਨਾਂ ਕਿਹਾ ਕਿ ਜਦੋਂ ਵੀ ਸਰਹੱਦ ਪਾਰੋਂ ਡਰੋਨ ਦੀ ਆਮਦ ਦਾ ਪਤਾ ਲੱਗੇ ਤਾਂ ਤੁਸੀਂ ਤੁਰੰਤ ਸਾਨੂੰ ਪੁਲਿਸ ਜਾਂ ਬੀਐਸਐਫ ਨੂੰ ਦੱਸੋ। ਇਸ ਤੋਂ ਇਲਾਵਾ ਜੇਕਰ ਕੋਈ ਪਿੰਡ ਵਿੱਚ ਨਸ਼ੇ ਵੇਚਦਾ ਹੈ ਤਾਂ ਉਸਦਾ ਨਾਂ ਵੀ ਦੱਸੋ , ਅਸੀਂ ਤੁਹਾਡਾ ਨਾਂ ਗੁਪਤ ਰੱਖਦੇ ਹੋਏ ਕਰਵਾਈ ਕਰਾਂਗੇ।
ਇਸ ਮੌਕੇ ਡੀਐਸਪੀ ਰਾਜ ਕੁਮਾਰ ਨੇ ਕਿਹਾ ਕਿ ਸਮਾਜ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਭੋਲੇ ਭਾਲੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਸਰਹੱਦੀ ਪੱਟੀ ਦੇ ਪਿੰਡ ਅਤੇ ਸ਼ਹਿਰ ਵਿੱਚ ਪੁਲਿਸ ਜਨਤਕ ਸਹਿਯੋਗ ਦੇ ਨਾਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹਨ। ਉਨ੍ਹਾਂ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਨਸ਼ਾ ਤੱਸਕਰ ਦੀ ਮੱਦਦ ਕਰਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਕੇਸ ਦਰਜ ਕਰਨ ਦੇ ਨਾਲ-ਨਾਲ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਐਸਡੀਐਮ ਨੇ ਕਿਹਾ ਕਿ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦਾ ਇਲਾਜ਼ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇ। ਇਸ ਮੌਕੇ ਬੀਐਸਐਫ ਦੇ ਕੰਪਨੀ ਕਮਾਂਡਰ ਹਰੀ ਓਮ ਸੁਆਮੀ, ਤਹਿਸੀਲਦਾਰ ਰਾਜ ਪ੍ਰਿਤਪਾਲ ਝਾਵਰ, ਨਾਇਬ ਤਹਸੀਲਧਰ ਅਕਸੇ ਕੁੰਦਰਾ, ਬੀਡੀਪੀਓ ਸੁਖਜੀਤ ਸਿੰਘ ਬਾਜਵਾ ਅਤੇ ਪਿੰਡਾਂ ਦੇ ਮੋਹਤਬਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।
ਕੈਪਸਨ
Leave a Reply