ਗੈਸ ਫੈਕਟਰੀ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਪਿੰਡ ਅਖਾੜਾ ਵਾਸੀਆਂ ਵੱਲੋਂ ਵੋਟਾਂ ਦਾ ਪੂਰਨ ਬਾਈਕਾਟ

ਜਗਰਾਉਂ, :::::::::ਪਿਛਲੇ 32 ਦਿਨ ਤੋਂ ਅਖਾੜਾ ਭੰਮੀਪੁਰਾ ਸੜਕ ਤੇ ਉਸਾਰੀ ਅਧੀਨ ਬਾਈਓ ਗੈਸ ਫੈਕਟਰੀ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਲੋਕ ਸੰਘਰਸ਼ ਅੱਜ ਵਿਰਾਟ ਰੂਪ ਧਾਰਨ ਕਰ ਗਿਆ। ਇੱਕ ਮਹੀਨੇ ਤੋਂ ਉੱਪਰ ਸਮੇਂ ਤੋਂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਮਸਲੇ ਪ੍ਰਤੀ ਧਾਰੀਂ ਸਾਜ਼ਸ਼ੀ ਚੁੱਪ ਤੇ ਲੋਕ ਵਿਰੋਧੀ ਰਵੱਈਏ ਨੇ ਲੋਕਾਂ ਨੂੰ ਵੋਟ ਸਿਸਟਮ ਤੋਂ ਬਾਗ਼ੀ ਹੋਣ ਦੇ ਰਾਹ ਤੋਰ ਦਿੱਤਾ। ਹਾਲਾਤ ਦਾ ਦੁਖਦ ਪਹਿਲੂ ਇਹ ਹੈ ਕਿ ਮਸਲੇ ਦਾ ਪੱਕਾ ਹੱਲ ਕਰਨ ਦੀ ਥਾਂ ਲੋਕਲ ਪ੍ਰਸ਼ਾਸ਼ਨ ਥੁੱਕ ਨਾਲ ਵੜੇ ਪਕਾਉਂਦਾ ਰਿਹਾ। ਅਖਾੜਾ ਪਿੰਡ ਦੇ ਲੋਕਾਂ ਨੇ ਸਥਾਨਕ ਐੱਸ ਡੀ ਐੱਮ ਵੱਲੋਂ ਬਿਨਾਂ ਪੜਤਾਲ ਕੀਤੇ ਫੈਕਟਰੀ ਮਾਲਕ ਦੇ ਹੱਕ ਚ ਪਾਈ ਵੀਡੀਓ ਨੇ ਅੰਦੋਲਨਕਾਰੀ ਪਿੰਡ ਵਾਸੀਆਂ ਦੇ ਜ਼ਖ਼ਮਾਂ ਤੇ ਲੂਣ ਛਿੜਕ ਦਿੱਤਾ। ਪੂਰੇ ਪਿੰਡ ਦੀ ਗੈਸ ਫੈਕਟਰੀ ਵਿਰੋਧੀ 19.ਮੈਂਬਰੀ ਸੰਘਰਸ਼ ਕਮੇਟੀ, ਪਿੰਡ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਇਲਾਕੇ ਦੇ ਦਸ ਪਿੰਡਾਂ ਚ ਤਪਦੀ ਗਰਮੀ ਚ ਔਰਤਾਂ ਤੇ ਮਰਦਾਂ ਨੇ ਟਰੈਕਟਰ ਟਰਾਲੀ ਮਾਰਚ ਕਰਕੇ ਇਲਾਕੇ ਦੇ ਲੋਕਾਂ ਨੂੰ ਨਾਲ ਜੋੜਿਆ। ਬੀਤੀ ਸ਼ਾਮ ਪਿੰਡ  ਚ ਲਾਮਿਸਾਲ ਜਾਗਰੂਕਤਾ ਮਾਰਚ ਕਰਕੇ ਸਮੁੱਚੇ ਪਿੰਡ ਨੂੰ ਇੱਕਜੁੱਟ ਕਰਕੇ ਧੜੇਬੰਦੀ ਲਈ ਮਸ਼ਹੂਰ ਪਿੰਡ ਨੇ ਇੱਕ ਨਵਾਂ ਤੇ ਸਜਰਾ ਇਤਿਹਾਸ ਸਿਰਜਿਆ ਹੈ। ਭੂੰਦੜੀ, ਘੁੰਗਰਾਲੀ ਰਾਜਪੂਤਾਂ ਅਤੇ ਨਾਲ ਲਗਦੇ ਚਾਰ ਪਿੰਡਾਂ ਕਿਸ਼ਨਗੜ, ਗਾਜੀਪੁਰ, ਨਵਾਂ ਪਿੰਡ (ਖੰਨਾ ਤਹਿਸੀਲ) ਅਤੇ ਮੁਸ਼ਕਾਬਾਦ (ਸਮਰਾਲਾ ਤਹਿਸੀਲ) ‘ਚ ਵੋਟਾਂ ਦੇ ਪੂਰਨ ਬਾਈਕਾਟ ਨੇ ਜਿਲਾ ਪ੍ਰਸ਼ਾਸ਼ਨ ਲਈ ਸਿਰਦਰਦੀ ਤਾਂ ਖੜੀ ਕੀਤੀ ਪਰ ਦਵਾਦਾਰੂ ਕਰਕੇ ਮਸਲਾ ਹੱਲ ਕਰਨ ਦੀ ਇੱਛਾ ਸ਼ਕਤੀ ਤੋ ਪ੍ਰਸ਼ਾਸ਼ਨ ਸੱਖਣਾ ਜਾਪਿਆ। ਅਖੇ ਤੁਸੀਂ ਵੋਟ ਬਾਈਕਾਟ ਨਾ ਕਰੋ, ਵੋਟਾਂ ਤੋਂ ਬਾਦ ਤੁਹਾਡਾ ਮਸਲਾ ਹੱਲ ਕਰ ਦਿਆਂਗੇ, ਪਰ ਲੋਕਾਂ ਨੂੰ ਪਤਾ ਹੈ ਕਿ ਬਗਲੇ ਪੰਜੀ ਸਾਲ਼ੀ ਹੀ ਪਰਤਦੇ ਹਨ। ਇੰਨਾਂ ਨੂੰ ਪਹਿਲਾਂ ਲੀਹ ਤੇ ਲਿਆਉਣ ਲਈ ਤੇਰਾਂ ਤੇਰਾਂ ਮਹੀਨੇ ਵੀ ਸੰਘਰਸ਼ ਕਰਨਾ ਪੈ ਸਕਦਾ ਹੈ। ਇਹੀ ਗੱਲ ਮਿੱਥ ਕੇ ਅੰਦੋਲਨਕਾਰੀ ਲ਼ੰਮੇ ਤੇ ਵਿਸ਼ਾਲ ਸੰਘਰਸ਼ ਦੇ ਰਾਹ ਤੁਰੇ ਹੋਏ ਹਨ। ਨੇੜੇ ਆਈ ਜੰਨ ਵਿੰਨੋ ਕੁੜੀ ਦੇ ਕੰਨ ਦੇ ਅਖਾਣ ਵਾਂਗ ਕੱਲ ਏ ਡੀ ਸੀ ਲੁਧਿਆਣਾ ਮੇਜਰ ਅਮਿਤ ਸਰੀਨ ਨੇ  ਭੂੰਦੜੀ ਸੰਘਰਸ਼ ਕਮੇਟੀ ਨੂੰ ਤੇ ਅੱਜ ਅਖਾੜਾ ਪਿੰਡ ਦੇ ਦਰਵਾਜ਼ੇ ਤੇ ਮੁੱਖ ਚੌਂਕ ‘ਚ ਬੈਠੇ ਅੰਦੋਲਨਕਾਰੀਆਂ ਨੂੰ ਪਤਿਆਉਣ ਦੀ ਕੋਸ਼ਿਸ਼ ਕੀਤੀ ਕਿ ‘ਤੁਸੀਂ ਵੋਟਾਂ ਪਾ ਦਿਓ ਭਾਵੇ ਨੋਟਾਂ ਦਾ ਬਟਨ ਦਬਾ ਦਿੳ।” ਪਰ ਸੰਘਰਸ਼ ਦੇ ਆਗੂਆਂ ਨੇ ਠੋਕ ਵਜਾ ਕੇ ਕਿਹਾ ਕਿ ਫੈਕਟਰੀ ਮਾਲਕ ਤੋਂ ਅਸ਼ਟਾਮ ਪੇਪਰ ਤੇ ਲਿਖਾ ਕੇ ਦੇ ਦਿਓ ਕਿ ਉਹ ਫੈਕਟਰੀ ਦੀ ਉਸਾਰੀ ਨਹੀ ਕਰੇਗਾ ਅਤੇ ਇੱਥੋਂ ਸਾਰਾ ਕੁੱਝ ਸਮੇਟ ਲਵੇਗਾ ਤਾਂ ਵਿਰੋਧ ਹੁਣੇ ਹੀ ਖਤਮ ਕਰ ਦਿਆਂਗੇ, ਪਰ ਜਿਲਾ ਅਧਿਕਾਰੀ ਇਸ ਮੰਗ ਤੇ ਨਿਰੁਤੱਰ ਜਾਪਿਆ।
ਇਸ ਸਮੇਂ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂਆਂ ਜਗਤਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ ਨੇ ਅਖਾੜਾ ਵਾਸੀਆਂ ਨੂੰ ਇਸ ਸ਼ਾਨਦਾਰ ਤੇ ਕਾਮਯਾਬ ਪੂਰਨ ਬਾਈਕਾਟ ਲਈ ਮੁਬਾਰਕਬਾਦ ਦਿੱਤੀ। ਇਸ ਸਮੇਂ ਸਮੁੱਚੀ ਸੰਘਰਸ਼ ਕਮੇਟੀ, ਗ੍ਰਾਮ ਪੰਚਾਇਤ ਅਤੇ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਹਾਜਰ ਸੀ। ਸੰਘਰਸ਼ ਦੇ ਮੁੱਖ ਆਗੂਆਂ ‘ਚ ਸ਼ਾਮਲ ਗੁਰਤੇਜ ਸਿੰਘ ਤੇਜ, ਨੰਨੂ ਗਿੱਲ, ਤਾਰਾ ਸਿੰਘ, ਬਲਜੀਤ ਕੌਰ, ਨਸੀਬ ਕੌਰ, ਸਵਰਨਜੀਤ ਕੌਰ, ਸਰਪੰਚ ਜਸਵਿੰਦਰ ਕੋਰ, ਰਛਪਿੰਦਰ ਕੋਰ, ਹਰਦੇਵ ਸਿੰਘ, ਸੁਖਦੇਵ ਸਿੰਘ, ਜਗਦੇਵ ਸਿੰਘ, ਪਾਲ਼ਾ ਸਿੰਘ, ਡਾ. ਇਕਬਾਲ ਸਿੰਘ, ਬਲਜਿੰਦਰ ਬਰਿਆਰ, ਜਸਪਾਲ ਸਿੰਘ ਸਮਰਾ, ਜੀਤਾ ਸਮਰਾ, ਜਸਵੀਰ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਅੰਮ੍ਰਿਤਪਾਲ ਸਿੰਘ ਲੋਹਟ, ਬਲਵਿੰਦਰ ਸਿੰਘ, ਭਗਵੰਤ ਸਿੰਘ, ਸੁੱਖ ਸਮਰਾ, ਮਨਿੰਦਰ ਸਿੰਘ, ਦਰਸ਼ਨ ਸਿੰਘ ਆਦਿ ਪੂਰਾ ਸਮਾਂ ਬਾਈਕਾਟ ਲਾਗੂ ਕਰਾਉਣ ਲਈ ਇੱਕ ਪੈਰ ਤੇ ਖੜ੍ਹੇ ਰਹੇ। ਇਸ ਸਮੇਂ ਪਿੰਡ ਵਾਸੀਆਂ ਨੇ ਅਤੁੱਟ ਲੰਗਰ ਵਰਤਾਇਆ ਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਸੁੱਖ ਤੇ ਪਿਆਰ ਸਮੇਤ ਠੰਡ ਵੰਡਦੀ ਰਹੀ।

Leave a Reply

Your email address will not be published.


*