September 6, 2026

Justice News

ਅਵਾਮ ਦੀ ਆਵਾਜ਼

ਪੰਜਾਬ ਸਰਕਾਰ ਵਲੋਂ ਐਸ.ਆਈ.ਟੀ. ਦੀ ਰਿਪੋਰਟ ਜਨਤਕ-ਇਨਸਾਫ ਕਿਵੇਂ ਮਿਲੇਗਾ?

ਪੰਜਾਬ ਸਰਕਾਰ ਵਲੋਂ ਐਸ.ਆਈ.ਟੀ. ਦੀ ਰਿਪੋਰਟ ਜਨਤਕ-ਇਨਸਾਫ ਕਿਵੇਂ ਮਿਲੇਗਾ?

ਲੰਬੇ ਸਮੇਂ ਤੋਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਦਾ ਮਾਮਲਾ ਜੋ ਕਿ ਇਨਸਾਫ ਲਈ ਸਿਸਕੀਆਂ ਲੈ ੋਿਰਹਾ ਸੀ ਅਤੇ ਲੋਕਾਂ ਦਾ ਖੂਨ ਰਹਿ ਰਹਿ ਕੇ ਉਬਾਲੇ ਖਾ ਰਿਹਾ ਸੀ ਉਹ ਅੱਜ ਉਸ ਸਮੇਂ ਨਾ ਤਾਂ ਆਪਣੇ ਆਪ ਨੂੰ ਸ਼ਾਂਤ ਕਰ ਸਕਿਆ ਅਤੇ ਨਾ ਹੀ ਉਬਾਲ ਵੱਲ ਲੈ ਜਾ ਸਕਿਆ ਜਦੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ), ਜੋ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਵਾਪਰੀਆਂ ਬੇਅਦਬੀ ਦੀਆਂ ਤਿੰਨ ਘਟਨਾਵਾਂ ਦੀ ਜਾਂਚ ਕਰ ਰਹੀ ਸੀ, ਨੇ ਆਪਣੀ ਅੰਤਿਮ ਰਿਪੋਰਟ ਵਿਚ ਡੇਰਾ ਸਿਰਸਾ ਨੂੰ ਇਨ੍ਹਾਂ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਹੈ । ਜਾਂਚ ਟੀਮ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਕਈ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਸਾਜਿਸ਼ਕਰਤਾ ਦੱਸਿਆ ਹੈ । ਇਨ੍ਹਾਂ ਵਿਚੋਂ ਤਿੰਨ ਡੇਰਾ ਪ੍ਰੇਮੀ ਫ਼ਰਾਰ ਹਨ । ਇਹ ਰਿਪੋਰਟ ਅੱਜ ਉਸ ਸਮੇਂ ਜਨਤਕ ਕੀਤੀ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਸ. ਆਈ. ਟੀ. ਦੀ 467 ਪੰਨਿਆਂ ਦੀ ਰਿਪੋਰਟ ਸਿੱਖ ਆਗੂਆਂ ਜਿਨ੍ਹਾਂ ‘ਚ ਚਮਕੌਰ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਮੇਜਰ ਸਿੰਘ ਪੰਡੋਰੀ ਸ਼ਾਮਿਲ ਸਨ, ਨੂੰ ਸੌਂਪੀ । ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਆਈ. ਜੀ. ਐਸ. ਪੀ. ਐਸ. ਪਰਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ) ਨੇ ਆਪਣੀ ਰਿਪੋਰਟ 21 ਅਪ੍ਰੈਲ ਨੂੰ ਡੀ. ਜੀ. ਪੀ ਨੂੰ ਸੌਂਪੀ ਸੀ । ਰਿਪੋਰਟ ਮੁਤਾਬਿਕ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਦੀਆਂ ਤਿੰਨ ਘਟਨਾਵਾਂ ‘ਚ ਨਾਮਜ਼ਦ ਕੀਤਾ ਗਿਆ ਹੈ । ਰਿਪੋਰਟ ਅਨੁਸਾਰ ਤਿੰਨਾਂ ਮਾਮਲਿਆਂ ਪਿਛਲੇ ਮਕਸਦ ਦਾ ਡੇਰਾ ਸਿਰਸਾ ਨਾਲ ਸਿੱਧਾ ਸੰਬੰਧ ਹੈ ਅਤੇ ਇਨ੍ਹਾਂ ਮਾਮਲਿਆਂ ‘ਚ ਸ਼ਾਮਿਲ ਦੋਸ਼ੀ ਉਕਤ ਡੇਰੇ ਦੇ ਪ੍ਰੇਮੀ ਹਨ । ਐਸ. ਆਈ. ਟੀ. ਵਲੋਂ ਇਕੱਤਰ ਕੀਤੀ ਸਮੱਗਰੀ/ਸਬੂਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਦੋਸ਼ੀਆਂ ਦਾ ਡੇਰੇ ਦੇ ਪ੍ਰਬੰਧਕਾਂ ਨਾਲ ਸਿੱਧਾ ਸੰਬੰਧ ਸੀ ।

ਘਟਨਾਵਾਂ ਦੇ ਪਿੱਛੇ ਦਾ ਮਕਸਦ ਫ਼ਿਲਮ ‘ਐਮ ਐਸ ਜੀ-2’ ਨਾਲ ਵੀ ਜੁੜਿਆ ਹੋਇਆ ਸੀ । ਡੇਰੇ ਦੇ ਪ੍ਰੇਮੀ ਡੇਰਾ ਮੁਖੀ ਦੀ ਫ਼ਿਲਮ ਦੇ ਰਿਲੀਜ਼ ਨਾ ਹੋਣ ‘ਤੇ ਨਾਰਾਜ਼ ਸਨ । ਇਨ੍ਹਾਂ ਤਿੰਨਾਂ ਮਾਮਲਿਆਂ ਦੇ ਹੋਰ ਮੁਲਜ਼ਮਾਂ ਵਿਚ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ ਉਰਫ਼ ਨੀਲਾ, ਰਣਜੀਤ ਸਿੰਘ ਉਰਫ਼ ਭੋਲਾ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਅਤੇ ਪਰਦੀਪ ਸਿੰਘ ਸ਼ਾਮਲ ਹਨ । ਤਿੰਨ ਹੋਰ ਮੁਲਜ਼ਮ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ ਅਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ । ਇਨ੍ਹਾਂ ਮਾਮਲਿਆਂ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ 2019 ਵਿਚ ਨਾਭਾ ਜੇਲ੍ਹ ‘ਚ ਦੋ ਕੈਦੀਆਂ ਨੇ ਹੱਤਿਆ ਕਰ ਦਿੱਤੀ ਸੀ । ਐਸ. ਆਈ. ਟੀ. ਨੇ ਇਨ੍ਹਾਂ ਘਟਨਾਵਾਂ ਸੰਬੰਧੀ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਸੀ । ਹਾਲਾਂਕਿ ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਨੇ ਜਾਂਚ ਦੌਰਾਨ ਸਹਿਯੋਗ ਨਹੀਂ ਕੀਤਾ । ਬੇਅਦਬੀ ਦੇ ਤਿੰਨਾਂ ਮਾਮਲਿਆਂ ਦੀ ਫ਼ਰੀਦਕੋਟ ਦੀ ਅਦਾਲਤ ‘ਚ ਸੁਣਵਾਈ ਚੱਲ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਅਗਲੀ ਤਰੀਕ 29 ਜੁਲਾਈ ਹੈ । ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਸੀ.ਬੀ.ਆਈ ਨੇ 2015 ਦੀਆਂ ਘਟਨਾਵਾਂ ਨਾਲ ਸੰਬੰਧਿਤ ਦਸਤਾਵੇਜ਼ ਅਤੇ ਫਾਈਲਾਂ ਪੰਜਾਬ ਪੁਲਿਸ ਦੀ ਐਸ.ਆਈ.ਟੀ ਨੂੰ ਸੌਂਪ ਦਿੱਤੀਆਂ ਸਨ । 2015 ਵਿਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਤਿੰਨਾਂ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਸੀ । ਪੰਜਾਬ ਸਰਕਾਰ ਨੇ ਸਤੰਬਰ 2018 ਵਿਚ ਵਿਧਾਨ ਸਭਾ ‘ਚ ਮਤਾ ਪਾਸ ਕਰਨ ਤੋਂ ਬਾਅਦ ਜਾਂਚ ਪੰਜਾਬ ਪੁਲਿਸ ਦੀ ਐਸ. ਆਈ. ਟੀ. ਦੇ ਹਵਾਲੇ ਕਰ ਦਿੱਤੀ ਸੀ ।

ਹੁਣ ਕੀ ਬਣੇਗਾ ? ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲੋਕਾਂ ਦੇ ਦਿਮਾਗ ਵਿਚ ਉਸ ਕੜਛੀ ਦੇ ਵਾਂਗੂੰ ਉਦੋਂ ਤੱਕ ਵੱਜਦਾ ਰਹੇਗਾ ਜੋ ਕਿ ਸਵਾਲੀਆ ਨਿਸ਼ਾਨ ਦਾ ਰੂਪ ਹੈ ਜਦੋਂ ਤੱਕ ਕਿ ਇਸ ਪ੍ਰਤੀ ਇਨਸਾਫ ਕਿਸੇ ਮੁਕਾਮ ਤੇ ਨਹੀਂ ਪਹੁੰਚਦਾ। ਕਿੰਨਾ ਹੈਰਾਨੀਜਨਕ ਤੱਥ ਹੈ ਕਿ ਪੰਜਾਬ ਦੀ ਰਾਜਨੀਤੀ ਜੋ ਕਿ ਇਸ ਮਸਲੇ ਦੇ ਆਲੇ-ਦੁਆਲੇ ਘੁੰਮਦੀ ਰਹੀ, ਸ਼੍ਰੌੰਮਣੀ ਅਕਾਲੀ ਦਲ ਵਲੋਂ ਹਰ ਆਉਣ ਵਾਲੀ ਰਿਪੋਰਟ ਦਾ ਡਟਵਾਂ ਵਿਰੋਧ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਈ.ਪੀ,ਐਸ. ਦੀ ਨੌਕਰੀ ਇਸ ਦੀ ਭੇਂਟ ਚੜ੍ਹੀ ਅਤੇ ਹੁਣ ਜੋ ਇਹ ਰਿਪੋਰਟ ਜਿਨ੍ਹਾਂ ਦੇ ਆਲੇ-ਦੁਆਲੇ ਘੁੰਮ ਰਹੀ ਹੈ ਅਤੇ ਡੇਰਾ ਮੁਖੀ ਕਿਵੇਂ ਅੱਜ ਏਡਾ ਵੱਡਾ ਬਵਾਲ ਖੜ੍ਹਾ ਕਰਨ ਵਾਲਾ ਆਦਮੀ ਬਾਰ-ਬਾਰ ਪੈਰੋਲ ਤੇ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਅਤੇ ਜਿਸ ਤਰ੍ਹਾਂ ਦਾ ਉਹ ਅੱਗੇ ਇਨਸਾਫ ਦਾ ਸੰਤਾਪ ਭੋਗ ਰਿਹਾ ਹੈ ਉਸ ਕਿਸੇ ਤੋਂ ਛੁਪਿਆ ਨਹੀਂ?

ਪਰ ਜਿਸ ਤਰ੍ਹਾਂ ਦੇਸ਼ ਵਿਚ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਤੇ ਅੱਗੋਂ ਵੀ ਉਡਾਇਆ ਜਾਂਦਾ ਰਹੇਗਾ ਉਸ ਨੂੰ ਕਦੀ ਵੀ ਠੱਲ੍ਹ ਨਹੀਂ ਪੈ ਸਕੇਗੀ ਜੇਕਰ ਇਨਸਾਫ ਇਸ ਤਰ੍ਹਾਂ ਤੜਫਦਾ ਰਿਹਾ। ਹੁਣ ਅੱਗੋਂ ਇਸ ਰਿਪੋਰਟ ਤੇ ਕੀ ਹੋਵੇਗਾ ਇਸ ਦਾ ਤਾਂ ਪਤਾ ਨਹੀਂ । ਦੇਖਿਓ ਕਿਤੇ ਇਹ ਰਿਪੋਰਟ ਵੀ ਕਿਸੇ ਅਲਮਾਰੀ ਦੀ ਉਹ ਕਿਤਾਬ ਨਾ ਬਣ ਕੇ ਰਹਿ ਜਾਵੇ ਜਿਸ ਨੂੰ ਕਦੇ ਵੀ ਕੋਈ ਨਾ ਦੇਖੇ ਤੇ ਨਾ ਪੜ੍ਹੇ। ਇਸ ਤੋਂ ਅਗਲੀ ਬਹਿਬਲ ਕਲਾਂ ਦੀ ਜਾਂਚ ਆਉਣੀ ਬਾਕੀ ਹੈ ਪਤਾ ਨਹੀਂ ਉਹ ਜਨਤਕ ਹੋਵੇਗੀ ਜਾਂ ਨਹੀਂ। ਕਾਨੂੰਨੀ ਪ੍ਰਕਿਿਰਆ ਦਾ ਹੈਰਾਨੀਜਨਕ ਤੱਥ ਤਾਂ ਬੀਤੀ ਕੱਲ੍ਹ ਉਦੋਂ ਸਾਹਮਣੇ ਆ ਗਿਆ ਜਦੋਂ ਮਹਾਂਰਾਸ਼ਟਰ ਦਾ ਇੱਕ ਵਿਅਕਤੀ 350 ਰੁਪਿਆ ਰਿਸ਼ਵਤ ਲੈਣ ਬਦਲੇ 24 ਸਾਲ ਬਾਅਦ ਅਦਾਲਤ ਵਿਚੋਂ ਬਰੀ ਹੋ ਗਿਆ । ਜਦ ਤੱਕ ਇਹਨਾਂ ਬੇਅਦਬੀ ਦੇ ਮਾਮਲਿਆਂ ਨੂੰ ਇਨਸਾਫ ਮਿਲੇਗਾ ਤੱਦ ਤੱਕ ਅੱਧੇ ਨਾਲੋਂ ਜਿਆਦਾ ਜਿੰਦਗੀ ਦਾ ਹਰ ਸੁੱਖ ਸਰਕਾਰੀ ਛੱਤਰ-ਛਾਇਆ ਹੇਠ ਭੋਗ ਕੇ ਮਰ ਮੱੁਕ ਗਏ ਹੋਣਗੇ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published. Required fields are marked *

Copyright © All rights reserved. | Newsphere by AF themes.