ਭਵਾਨੀਗੜ੍ਹ ( ਹੈਪੀ ਸ਼ਰਮਾ ) : ਨੇੜਲੇ ਪਿੰਡ ਭੜੋ ਵਿਖੇ ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀ ’ਚ ਖੁੱਲੇ ਅਸਮਾਨ ਹੇਠ ਕਣਕ ਦੀਆਂ ਖਰਾਬ ਹੋ ਰਹੀਆਂ ਬੋਰੀਆਂ ਨੂੰ ਲੈ ਕੇ ਕਿਸਾਨਾਂ-ਮਜਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਮਾਰਕੀਟ ਕਮੇਟੀ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚੋਂ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀ ’ਤੇ ਲੇਬਰ ਬਹੁਤ ਪ੍ਰੇਸ਼ਾਨ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ’ਤੇ ਲਗਾਤਾਰ ਮੀਹ ਪੈਣ ਕਾਰਨ ਕਣਕ ਖਰਾਬ ਹੋ ਰਹੀ ਹੈ ਅਤੇ ਖਰਾਬ ਕਣਕ ਨੂੰ ਖਰੀਦ ਏਜੰਸੀਆਂ ਆਪਣੇ ਗੁਦਾਮਾਂ ਵਿੱਚ ਲਹਾਉਣ ਤੋਂ ਇਨਕਾਰ ਕਰ ਰਹੀਆਂ ਹਨ। ਜਿਸ ਕਾਰਨ ਮਜ਼ਦੂਰ ਵੇਹਲੇ ਬੈਠੇ ਹਨ ਅਤੇ ਆਪਣੇ ਪੱਲਿਓ ਖਰਚਾ ਕਰਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਇਸ ਮੌਕੇ ਹਾਜ਼ਰ ਮਜ਼ਦੂਰਾਂ ਨੇ ਦੱਸਿਆ ਕਿ ਬਲੈਕ ਆਊਟ ਕਾਰਨ ਰਾਤ ਸਮੇੰ ਕਣਕ ਵੀ ਚੋਰੀ ਹੋ ਰਹੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਹਰੇਕ ਸੀਜ਼ਨ ਦੌਰਾਨ ਇੱਥੇ ਮੰਡੀ ਵਿਚ ਪ੍ਰਬੰਧਾਂ ਦੀ ਘਾਟ ਹੁੰਦੀ ਹੈ ਜਿਸ ਪਾਸੇ ਅਧਿਕਾਰੀ ਬਿਲਕੁੱਲ ਵੀ ਧਿਆਨ ਨਹੀੰ ਦਿੰਦੇ।
ਉਨ੍ਹਾਂ ਮੁੱਖ ਮੰਤਰੀ ਮਾਨ ’ਤੇ ਹਲਕਾ ਵਿਧਾਇਕ ਭਰਾਜ ਨੂੰ ਅਪੀਲ ਕੀਤੀ ਕਿ ਮੰਡੀ ਦੇ ਪ੍ਰਬੰਧਾਂ ’ਚ ਸੁਧਾਰ ਲਿਆਂਦਾ ਜਾਵੇ ਅਜਿਹਾ ਨਹੀੰ ਹੋਣ ’ਤੇ ਕਿਸਾਨ-ਮਜਦੂਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੀਰਥ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ ਫੁੰਮਣਵਾਲ, ਗੁਰਜੀਤ ਸਿੰਘ, ਸਮੇਤ ਹੋਰ ਵੀ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ। ਓਧਰ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਸੈਕਟਰੀ ਦਾ ਕਹਿਣਾ ਸੀ ਕਿ ਗੁਆਂਢੀ ਸੂਬੇ ਹਰਿਆਣੇ ’ਚ ਲੇਬਰ ਦੇ ਰੇਟ ਜਿਆਦਾ ਹੋਣ ਕਾਰਨ ਯੂ.ਪੀ, ਬਿਹਾਰ ’ਚੋਂ ਆਉਣ ਵਾਲੀ ਲੇਬਰ ਪੰਜਾਬ ਦੀ ਬਜਾਏ ਹਰਿਆਣੇ ’ਚ ਮਜਦੂਰੀ ਕਰਨ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ’ਚ ਮਾਲ ਬਾਹਰ ਪਿਆ ਹੈ, ਖਰਾਬ ਕਣਕ ਨੂੰ ਬਾਹਰ ਰੱਖਿਆ ਜਾਵੇਗਾ। ਉਨ੍ਹਾਂ ਵੱਲੋਂ ਮਾਲ ਨੂੰ ਚੁਕਾਉਣ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇਗਾ।
ਫੋਟੋ-
Leave a Reply