November 22, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫ਼ਲਤਾ: 3.07 ਕਰੋੜ ਰੁਪਏ ਦੀ ਕੀਮਤ ਦੇ 1,210 ਗੁੰਮ ਹੋਏ ਮੋਬਾਈਲ ਫ਼ੋਨ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪ

 

ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)-
ਗੁੰਮ ਅਤੇ ਚੋਰੀ ਹੋਏ ਮੋਬਾਈਲ ਫ਼ੋਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਅਸਲ ਮਾਲਕਾਂ ਤੱਕ ਵਾਪਸ ਪਹੁੰਚਾਉਣ ਦੀਆਂ ਆਪਣੀਆਂ ਲਗਾਤਾਰ ਕੋਸ਼ਿਸ਼ਾਂ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹੁਣ ਤੱਕ ਕੁੱਲ 1,210 ਮੋਬਾਈਲ ਫ਼ੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਹਨ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ (ਸੀ.ਈ.ਆਈ.ਆਰ.) ਪੋਰਟਲ ਦੀ ਮੱਦਦ ਨਾਲ ਬਰਾਮਦ ਕੀਤੇ ਗਏ ਇਨ੍ਹਾਂ ਮੋਬਾਈਲ ਫ਼ੋਨਾਂ ਦੀ ਕੁੱਲ ਅਨੁਮਾਨਿਤ ਬਾਜ਼ਾਰੀ ਕੀਮਤ ਲਗਭਗ 3.07 ਕਰੋੜ ਰੁਪਏ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਕਮਿਸ਼ਨਰ (ਅੰਮ੍ਰਿਤਸਰ) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦਾ ਸਾਈਬਰ ਕ੍ਰਾਈਮ ਥਾਣਾ ਸੀ.ਈ.ਆਈ.ਆਰ. ਪੋਰਟਲ ਦੀ ਸੁਚੱਜੀ ਵਰਤੋਂ ਰਾਹੀਂ ਗੁੰਮ ਹੋਏ ਮੋਬਾਈਲ ਫ਼ੋਨਾਂ ਨੂੰ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜ ਵਿਸ਼ੇਸ਼ ਸੈਮੀਨਾਰ ਅਤੇ ਕਾਨਫ਼ਰੰਸਾਂ ਕਰਵਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦੌਰਾਨ ਬਰਾਮਦ ਕੀਤੇ ਗਏ ਸਾਰੇ 1,210 ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ।
     ਪੁਲਿਸ ਕਮਿਸ਼ਨਰ ਸ੍ਰ. ਹਰਮਨਬੀਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਬਰਾਮਦ ਕੀਤੇ ਗਏ ਫ਼ੋਨਾਂ ਵਿੱਚ ਲਗਭਗ 30 ਐਪਲ ਆਈਫ਼ੋਨ ਅਤੇ 1,180 ਐਂਡਰਾਇਡ ਫ਼ੋਨ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਅਨੁਮਾਨਿਤ ਬਾਜ਼ਾਰੀ ਕੀਮਤ ਲਗਭਗ 3,07,00,000 ਰੁਪਏ ਬਣਦੀ ਹੈ। ਸਮਰਪਿਤ ਪੁਲਿਸ ਟੀਮਾਂ ਨੇ ਆਧੁਨਿਕ ਤਕਨੀਕੀ ਸਾਧਨਾਂ ਦੀ ਵਰਤੋਂ ਕਰਦਿਆਂ ਅਤੇ ਵੱਖ-ਵੱਖ ਸੂਬਿਆਂ ਦੀਆਂ ਪੁਲਿਸ ਇਕਾਈਆਂ ਨਾਲ ਤਾਲਮੇਲ ਰਾਹੀਂ ਨਾ ਸਿਰਫ਼ ਸਥਾਨਕ ਇਲਾਕਿਆਂ ਵਿੱਚੋਂ, ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਵੀ ਇਨ੍ਹਾਂ ਮੋਬਾਈਲ ਫ਼ੋਨਾਂ ਦਾ ਸਫ਼ਲਤਾਪੂਰਵਕ ਪਤਾ ਲਗਾਇਆ ਹੈ। ਇਨ੍ਹਾਂ ਸੂਬਿਆਂ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ (ਬਰੇਲੀ ਸਮੇਤ), ਦਿੱਲੀ, ਰਾਜਸਥਾਨ, ਹਰਿਆਣਾ ਅਤੇ ਤਾਮਿਲਨਾਡੂ ਸਮੇਤ ਹੋਰ ਥਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਅੰਮ੍ਰਿਤਸਰ ਪੁਲਿਸ ਦੇ ਮਜ਼ਬੂਤ ਅੰਤਰ-ਰਾਜੀ ਤਾਲਮੇਲ, ਤਕਨੀਕੀ ਮੁਹਾਰਤ ਅਤੇ ਸਰਗਰਮ ਯਤਨਾਂ ਨੂੰ ਦਰਸਾਉਂਦੀ ਹੈ।
   ਇਸ ਸਫ਼ਲ ਮੁਹਿੰਮ ਵਿੱਚ ਐਲ.ਆਰ./ਏ.ਐੱਸ.ਆਈ. ਮਨਜਿੰਦਰ ਕੌਰ (ਬੈਲਟ ਨੰਬਰ 496/ਸੀ.ਪੀ.-ਏ.ਐੱਸ.ਆਰ.) ਅਤੇ ਉਨ੍ਹਾਂ ਦੀ ਸਮਰਪਿਤ ਟੀਮ ਨੇ ਅਹਿਮ ਭੂਮਿਕਾ ਨਿਭਾਈ ਹੈ। ਮਨਜਿੰਦਰ ਕੌਰ ਨੇ ਮਾਰਚ 2025 ਵਿੱਚ ਸਾਈਬਰ ਕ੍ਰਾਈਮ ਥਾਣੇ ਵਿੱਚ ਆਪਣੀ ਡਿਊਟੀ ਸੰਭਾਲੀ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਦੀ ਟੀਮ ਆਧੁਨਿਕ ਤਕਨਾਲੋਜੀ ਰਾਹੀਂ ਗੁੰਮ ਹੋਏ ਮੋਬਾਈਲ ਫ਼ੋਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਅਸਲ ਮਾਲਕਾਂ ਤੱਕ ਵਾਪਸ ਪਹੁੰਚਾਉਣ ਲਈ ਲਗਾਤਾਰ ਕਾਰਜਸ਼ੀਲ ਹਨ।
   ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੀ.ਈ.ਆਈ.ਆਰ. ਪੋਰਟਲ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਹੈ, ਜੋ ਗੁੰਮ ਜਾਂ ਚੋਰੀ ਹੋਏ ਮੋਬਾਈਲ ਫ਼ੋਨਾਂ ਨੂੰ ਉਨ੍ਹਾਂ ਦੇ ਵਿਲੱਖਣ ਆਈ.ਐੱਮ.ਈ.ਆਈ. (IMEI) ਨੰਬਰਾਂ ਰਾਹੀਂ ਬਲਾਕ ਅਤੇ ਟਰੇਸ ਕਰਨ ਦੀ ਸਹੂਲਤ ਦਿੰਦੀ ਹੈ। ਇਸ ਪੋਰਟਲ ਦੀ ਪ੍ਰਭਾਵਸ਼ਾਲੀ ਵਰਤੋਂ ਮੋਬਾਈਲ ਫ਼ੋਨਾਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਇਨ੍ਹਾਂ ਨੂੰ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਵਾਪਸ ਸੌਂਪਣ ਵਿੱਚ ਬੇਹੱਦ ਮਦਦਗਾਰ ਸਿੱਧ ਹੋ ਰਹੀ ਹੈ।
    ਆਮ ਲੋਕਾਂ ਨੂੰ ਅਪੀਲ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਨਾਗਰਿਕ ਆਪਣੇ ਮੋਬਾਈਲ ਫ਼ੋਨ ਗੁੰਮ ਜਾਂ ਚੋਰੀ ਹੋਣ ਦੀ ਸੂਰਤ ਵਿੱਚ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਸਾਂਝ ਕੇਂਦਰ ਵਿੱਚ ਰਿਪੋਰਟ ਦਰਜ ਕਰਵਾਉਣ ਅਤੇ ਭਾਰਤ ਸਰਕਾਰ ਦੇ ਸੀ.ਈ.ਆਈ.ਆਰ. ਪੋਰਟਲ ‘ਤੇ ਵੀ ਸ਼ਿਕਾਇਤ ਜ਼ਰੂਰ ਦਰਜ ਕਰਨ, ਤਾਂ ਜੋ ਅਧਿਕਾਰੀਆਂ ਨੂੰ ਗੁੰਮ ਹੋਏ ਫ਼ੋਨਾਂ ਨੂੰ ਬਲਾਕ ਕਰਨ ਅਤੇ ਲੱਭਣ ਵਿੱਚ ਮੱਦਦ ਮਿਲ ਸਕੇ।
     ਅੰਤ ਵਿੱਚ ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਨਾਗਰਿਕ-ਪੱਖੀ ਕਾਰਜਸ਼ੈਲੀ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਦਾ ਮੁੱਖ ਮਿਸ਼ਨ ਲੋਕਾਂ ਨੂੰ ਉਨ੍ਹਾਂ ਦੀਆਂ ਗੁੰਮ ਹੋਈਆਂ ਕੀਮਤੀ ਚੀਜ਼ਾਂ ਵਾਪਸ ਦਿਵਾ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਾਨ ਵਾਪਸ ਲਿਆਉਣਾ ਅਤੇ ਪੁਲਿਸ ਪ੍ਰਤੀ ਜਨਤਾ ਦੇ ਵਿਸ਼ਵਾਸ ਨੂੰ ਹੋਰ ਪੱਕਾ ਕਰਨਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.