October 31, 2026

Justice News

ਅਵਾਮ ਦੀ ਆਵਾਜ਼

6 ਨਵੰਬਰ ਨੂੰ ਡਾ. ਗੁਰਪ੍ਰੀਤ ਕੌਰ ਮਾਨ ਕਰਨਗੇ ਮੁੱਖ ਮਹਿਮਾਨ ਵਜੋਂ ਸ਼ਿਰਕਤ, 3 ਨਵੰਬਰ ਨੂੰ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਕਰਨਗੇ ਉਦਘਾਟਨ

 

 

ਹੁਸ਼ਿਆਰਪੁਰ /ਮਾਹਿਲਪੁਰ

 

(ਤਰਸੇਮ ਦੀਵਾਨਾ)

ਵਿਦਿਆਰਥੀਆਂ ਦੀਆਂ ਕਲਾਤਮਿਕ ਪ੍ਰਤਿਭਾਵਾਂ ਨੂੰ ਉਭਾਰਨ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਉਦੇਸ਼ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ 3 ਤੋਂ 6 ਨਵੰਬਰ ਤੱਕ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਹੈ। ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਹੋਣ ਵਾਲੇ ਇਸ ਚਾਰ ਰੋਜ਼ਾ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੁਸ਼ਿਆਰਪੁਰ ਜ਼ੋਨ-5 ਨਾਲ ਸਬੰਧਤ 30 ਕਾਲਜਾਂ ਦੇ ਵਿਦਿਆਰਥੀ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।

ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਨਾਲ ਚੱਲ ਰਹੀਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ 3 ਨਵੰਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ 6 ਨਵੰਬਰ ਨੂੰ ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਲੋਕ ਨਾਚਾਂ, ਸੰਗੀਤ, ਥੀਏਟਰ, ਭਾਸ਼ਣ, ਵਿਚਾਰ-ਚਰਚਾ ਅਤੇ ਵੱਖ-ਵੱਖ ਸਿਰਜਣਾਤਮਿਕ ਤੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਆਪਸੀ ਸਾਂਝ, ਸਦਭਾਵਨਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ। ਮੇਲੇ ਵਿੱਚ ਰਾਜਨੀਤਿਕ, ਖੇਡ, ਸਮਾਜ ਸੇਵਾ, ਸਿੱਖਿਆ ਅਤੇ ਪ੍ਰਸ਼ਾਸਨਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਨਗੀਆਂ।

ਪ੍ਰਿੰਸੀਪਲ ਨੇ ਦੱਸਿਆ ਕਿ ਇਸ ਮੇਲੇ ਦਾ ਵਿਸ਼ਾ ‘ਪ੍ਰਤੀਯੋਗਤਾ ਤੋਂ ਪਾਰ; ਸਿਰਜਣਾ ਅਤੇ ਆਪਸੀ ਮਿਲਵਰਤਨ ਦਾ ਜਸ਼ਨ’ ਰੱਖਿਆ ਗਿਆ ਹੈ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਜਿੱਤ-ਹਾਰ ਦੀ ਭਾਵਨਾ ਤੋਂ ਉੱਪਰ ਉਠਾ ਕੇ ਕਲਾ, ਸਿਰਜਣਾਤਮਿਕਤਾ ਅਤੇ ਆਪਸੀ ਭਾਈਚਾਰੇ ਨਾਲ ਜੋੜਨਾ ਹੈ। ਇਹ ਸਮਾਗਮ ਕਾਲਜ ਦੇ ਬਾਨੀ ਸੰਸਥਾਪਕ ਸੰਤ ਬਾਬਾ ਹਰੀ ਸਿੰਘ ਕਹਾਰਪੁਰੀ ਅਤੇ ਬਾਨੀ ਪ੍ਰਿੰਸੀਪਲ ਹਰਭਜਨ ਸਿੰਘ ਦੀ ਯਾਦ ਨੂੰ ਸਮਰਪਿਤ ਹੋਣਗੇ।

ਉਨ੍ਹਾਂ ਹੋਰ ਦੱਸਿਆ ਕਿ ਜ਼ੋਨਲ ਮੇਲੇ ਤੋਂ ਬਾਅਦ ਜੇਤੂ ਵਿਦਿਆਰਥੀਆਂ ਲਈ 10 ਤੋਂ 13 ਨਵੰਬਰ ਤੱਕ ਇਸੇ ਕਾਲਜ ਵਿੱਚ ਇੰਟਰ-ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਵੀ ਕਰਵਾਇਆ ਜਾਵੇਗਾ।

ਇਸ ਮੌਕੇ ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਵਿਕਰਾਂਤ ਸਿੰਘ ਰਾਣਾ, ਡਾ. ਦੇਵ ਕੁਮਾਰ, ਡਾ. ਜੇ.ਬੀ. ਸੇਖੋਂ, ਡਾ. ਰਾਕੇਸ਼ ਕੁਮਾਰ, ਡਾ. ਵਰਿੰਦਰ, ਪ੍ਰੋ. ਰੋਹਿਤ ਪੁਰੀ ਸਮੇਤ ਕਾਲਜ ਦੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.