October 8, 2026

Justice News

ਅਵਾਮ ਦੀ ਆਵਾਜ਼

ਕਲਾ ਸੰਗਮ ਨੀਲੋਂ ਪੁਲ ਵੱਲੋਂ ਬਲਦੇਵ ਝੱਜ ਦੀ ਪੁਸਤਕ ‘ਸਾਬਤਾ ਚੰਦ’ ਲੋਕ-ਅਰਪਣ

ਨੀਲੋਂ ਪੁਲ
( ਜਸਟਿਸ ਨਿਊਜ਼)
ਕਲਾ ਸੰਗਮ ਨੀਲੋਂ ਪੁਲ ਦੀ ਮਹੀਨਾਵਾਰ ਇਕੱਤਰਤਾ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਪਬਲਿਕ ਹਾਇਰ ਸੈਕੰਡਰੀ ਸਕੂਲ, ਨੀਲੋਂ (ਲੁਧਿਆਣਾ) ਵਿਖੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿਵੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਦੌਰਾਨ ਪ੍ਰਸਿੱਧ ਲੇਖਕ ਬਲਦੇਵ ਸਿੰਘ ਝੱਜ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸਾਬਤਾ ਚੰਦ’ ਨੂੰ ਲੋਕ-ਅਰਪਣ ਕੀਤਾ ਗਿਆ। ਸਮਾਗਮ ਦੇ ਆਗਾਜ਼ ਵਿੱਚ ਸਭਾ ਦੇ ਜਨਰਲ ਸਕੱਤਰ ਬੁੱਧ ਸਿੰਘ ਨੀਲੋਂ ਨੇ ਆਏ ਹੋਏ ਸਮੂਹ ਸਾਹਿਤ ਪ੍ਰੇਮੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਪੁਸਤਕ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਝੱਜ ਇੱਕ ਸੁਹਿਰਦ ਇਨਸਾਨ ਹਨ, ਜਿਨ੍ਹਾਂ ਨੇ ਸਮਾਜਿਕ, ਰਾਜਨੀਤਿਕ ਅਤੇ ਸਾਹਿਤਕ ਖੇਤਰਾਂ ਵਿੱਚ ਹਮੇਸ਼ਾ ਹਾਂ-ਪੱਖੀ ਯੋਗਦਾਨ ਪਾਇਆ ਹੈ। ‘ਸਾਬਤਾ ਚੰਦ’ ਚੌਗਿਰਦੇ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਅਤੇ ਗੰਭੀਰ ਚਿੰਤਨ ਵਿੱਚੋਂ ਨਿਕਲਿਆ ਇੱਕ ਤਿੱਖਾ ਵਿਅੰਗ ਹੈ, ਜਿਸ ਦਾ ਆਕਾਰ ਭਾਵੇਂ ਛੋਟਾ ਹੈ ਪਰ ਵਿਸ਼ਾ ਬੇਹੱਦ ਵਿਸ਼ਾਲ ਹੈ।
ਬਲਵੰਤ ਮਾਂਗਟ ਨੇ ਪੁਸਤਕ ’ਤੇ ਚਰਚਾ ਕਰਦਿਆਂ ਕਿਹਾ ਕਿ ਲੇਖਕ ਨੇ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਵੱਡੀਆਂ ਗੱਲਾਂ ਕਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਸਤਕ ਵਿੱਚ ਹਾਂ-ਪੱਖੀ ਅਤੇ ਨਾਂਹ-ਪੱਖੀ ਸ਼ਕਤੀਆਂ—ਯਾਨੀ ਉਸਾਰੂ ਅਤੇ ਵਿਨਾਸ਼ਕਾਰੀ ਰੁਚੀਆਂ ਦੇ ਟਕਰਾਅ ਨੂੰ ਇੱਕ ਰੌਚਕ ਕਹਾਣੀ ਦੇ ਰੂਪ ਵਿੱਚ ਪਰੋਇਆ ਗਿਆ ਹੈ। ਇੱਥੇ ਧਰਤੀ ’ਤੇ ਲਾਹਿਆ ਗਿਆ ਚੰਦ ਅਸਲ ਚੰਦਰਮਾ ਨਹੀਂ, ਸਗੋਂ ਸਾਡੇ ਸਮਾਜਿਕ ਆਲੇ-ਦੁਆਲੇ ਦਾ ਇੱਕ ਗਹਿਰਾ ਪ੍ਰਤੀਕ ਹੈ। ਇਸ ਮੌਕੇ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਅਤੇ ਨੇਤਰ ਮੁਤਿਓਂ ਨੇ ਲੇਖਕ ਨੂੰ ਵਧਾਈ ਦਿੱਤੀ। ਗੁਰਸੇਵਕ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਪੁਸਤਕ ਵਿੱਚ ਪੰਜਾਬੀ ਮਿੱਟੀ ਤੇ ਧਰਾਤਲ ਨਾਲ ਜੁੜੀ ਠੇਠ ਸ਼ਬਦਾਵਲੀ ਨੂੰ ਖੂਬਸੂਰਤੀ ਨਾਲ ਸਾਂਭਿਆ ਗਿਆ ਹੈ। ਪ੍ਰਧਾਨਗੀ ਭਾਸ਼ਣ ਵਿੱਚ ਕਰਨੈਲ ਸਿਵੀਆ ਨੇ ਕਿਹਾ ਕਿ ਬਲਦੇਵ ਸਿੰਘ ਝੱਜ ਹਰ ਹਾਲਾਤ ਵਿੱਚ ਸਹਿਜ ਰਹਿਣ ਵਾਲੀ ਸ਼ਖ਼ਸੀਅਤ ਹਨ ਅਤੇ ਇਹ ਪੁਸਤਕ ਵਾਤਾਵਰਨ ਪ੍ਰੇਮੀਆਂ ਤੇ ਵਿਰੋਧੀਆਂ ਦੇ ਦਵੰਦ ਨੂੰ ਪੇਸ਼ ਕਰਦੀ ਹੋਈ ਸਾਹਿਤ ਜਗਤ ’ਤੇ ਸਾਰਥਕ ਪ੍ਰਭਾਵ ਛੱਡੇਗੀ।ਲੇਖਕ ਬਲਦੇਵ ਸਿੰਘ ਝੱਜ ਨੇ ਸਭਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਹੁਣ ਤੱਕ ਪੰਜ ਪੁਸਤਕਾਂ ਲਿਖ ਚੁੱਕੇ ਹਨ, ਜਿਨ੍ਹਾਂ ਵਿੱਚ ਦੋ ਕਾਵਿ-ਸੰਗ੍ਰਹਿ, ਦੋ ਬਾਲ ਸਾਹਿਤ ਅਤੇ ਇੱਕ ਵਾਰਤਕ ਪੁਸਤਕ ‘ਅੱਖਰ ਅੱਖਰ ਬੋਲਦਾ’ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉਹ ਪਿੰਡ ਦੇ ਸਰਪੰਚ ਅਤੇ ਕੋ-ਆਪਰੇਟਿਵ ਬੈਂਕ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ[
ਪੁਸਤਕ ਲੋਕ-ਅਰਪਣ ਉਪਰੰਤ ਇੱਕ ਭਾਵਪੂਰਤ ਰਚਨਾ-ਦੌਰ ਚੱਲਿਆ। ਇਸ ਦੌਰਾਨ ਗੁਰਸੇਵਕ ਸਿੰਘ ਢਿੱਲੋਂ ਨੇ ‘ਹੱਸਦਾ ਸੀ ਨਾਨਕ ਤਾਂ ਫੁੱਲ ਖਿੜ ਜਾਂਦੇ ਸੀ’, ਇੰਦਰਜੀਤ ਕੌਰ ਲੋਟੇ ਨੇ ‘ਪਰਵਾਸੀ ਲੋਕ ਭਜਾਏ ਨਹੀਂ ਭੱਜਣੇ’, ਮੀਤ ਪਾਨੀਪਤ ਨੇ ‘ਮੇਰੇ ਇਸ਼ਕ ਕੀ ਕੋਈ ਇਬਤਦਾ ਨਾ ਇੰਤਹਾ ਹੈ’, ਨੇਤਰ ਮੁਤਿਓਂ ਨੇ ਕਵਿਤਾ ‘ਲਾਹਨਤ’, ਕਿਰਨਜੀਤ ਸਿੰਘ ਕੁਲਾਰ ਨੇ ‘ਗਰਮ ਨੇ ਮਸਲੇ ਐਪਰ ਠੰਡੇ-ਠੰਡੇ ਲੋਕ’, ਸੁਖਵਿੰਦਰ ਭਾਦਲਾ ਨੇ ਗੀਤ ‘ਕੀ ਨਿਕਲੂ ਮਿੱਤਰਾ ਪਾਣੀ ਵਿੱਚ ਮਧਾਣੀ ਦਾ’, ਬਲਵੰਤ ਮਾਂਗਟ ਨੇ ਮਿੰਨੀ ਕਹਾਣੀ ‘ਕੰਡੇ’, ਬੁੱਧ ਸਿੰਘ ਨੀਲੋਂ ਨੇ ਲੇਖ ‘ਪਵਨ ਦਾ ਰੁਦਨ ਤੇ ਦੀਪ ਦਾ ਹਨੇਰਾ’, ਜ਼ੋਰਾਵਰ ਪੰਛੀ ਨੇ ‘ਤਿਤਲੀ ਜਦੋਂ ਫੁੱਲਾਂ ਦੇ ਕੋਲੋਂ ਲੰਘ ਜਾਂਦੀ ਹੈ ਸ਼ਾਮ ਨੂੰ’ ਅਤੇ ਕਰਨੈਲ ਸਿਵੀਆ ਨੇ ‘ਆਵੋ ਰੁੱਖਾਂ ਨੂੰ ਸੰਭਾਲੀਏ’ ਰਚਨਾਵਾਂ ਪੇਸ਼ ਕੀਤੀਆਂ। ਹਾਜ਼ਰੀਨ ਵੱਲੋਂ ਸਾਰੀਆਂ ਰਚਨਾਵਾਂ ’ਤੇ ਭਰਪੂਰ ਦਾਦ ਦਿੱਤੀ ਗਈ ਅਤੇ ਉਸਾਰੂ ਵਿਚਾਰ-ਚਰਚਾ ਵੀ ਕੀਤੀ ਗਈ।ਇਕੱਤਰਤਾ ਦੌਰਾਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਹਿਤਕ ਸਾਥੀਆਂ—ਟੀ. ਲੋਚਨ, ਅਵਤਾਰ ਉਟਾਲਾਂ, ਕੇ. ਐੱਲ. ਗਰਗ ਅਤੇ ਅਨੂਪ ਸਿੰਘ ਖ਼ਾਨਪੁਰੀ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਅਖ਼ੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਕਰਨੈਲ ਸਿਵੀਆ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬੁੱਧ ਸਿੰਘ ਨੀਲੋਂ ਨੇ ਬਾਖ਼ੂਬੀ ਨਿਭਾਈ।

Leave a Reply

Your email address will not be published. Required fields are marked *

Copyright © All rights reserved. | Newsphere by AF themes.