October 7, 2026

Justice News

ਅਵਾਮ ਦੀ ਆਵਾਜ਼

ਭਾਸ਼ਾ ਵਿਭਾਗ ਵੱਲੋਂ ਪ੍ਰਤਾਪ ਕਾਲਜ ਆੱਫ ਐਜੂਕੇਸ਼ਨ ਵਿਖੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ

ਲੁਧਿਆਣਾ,
( ਵਿਜੇ ਭਾਂਬਰੀ )
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਸਥਾਨਕ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਗਵਾਈ ਵਿੱਚ ਵਿਭਾਗ ਦੁਆਰਾ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
ਸਮਾਗਮਾਂ ਦੀ ਇਸੇ ਕੜੀ ਵਿੱਚ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਵਿੱਚ ਰੁਚੀ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ਼ ਪੰਜਾਬੀ ਸਾਹਿਤ ਅਤੇ ਵਿਰਸੇ ਨਾਲ਼ ਸਬੰਧਤ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਮੁਕਾਬਲੇ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫੇਰ ਜ਼ਿਲ੍ਹਿਆ ਵਿੱਚੋਂ ਜੇਤੂ ਵਿਦਿਆਰਥੀਆਂ ਦੇ ਮੁਕਾਬਲੇ ਰਾਜ ਪੱਧਰ ਉੱਤੇ ਕਰਵਾਏ ਜਾਂਦੇ ਹਨ।
ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ਼ ਹਿੱਸਾ ਲਿਆ। ਮੁਕਾਬਲਿਆਂ ਦੇ ਸੰਚਾਲਨ ਵਿੱਚ ਕਾਲਜ ਪ੍ਰਸ਼ਾਸਨ ਦੁਆਰਾ ਸੁਹਿਰਦ ਭੂਮਿਕਾ ਨਿਭਾਈ ਗਈ। ਮੁਕਾਬਲਿਆਂ ਲਈ ਤਿੰਨ ਵਰਗ ਨਿਰਧਾਰਿਤ ਕੀਤੇ ਗਏ ਹਨ। ਵਰਗ ਓ ਵਿੱਚ ਅੱਠਵੀਂ ਤੱਕ, ਵਰਗ ਅ ਵਿੱਚ ਨੌਵੀਂ ਤੋਂ ਬਾਰ੍ਹਵੀਂ ਅਤੇ ਵਰਗ ਈ ਵਿੱਚ ਗਰੇਜੁਏਸ਼ਨ ਤੱਕ ਦੇ ਵਿਦਿਆਰਥੀ ਭਾਗ ਲੈਂਦੇ ਹਨ।
ਲੁਧਿਆਣਾ ਜ਼ਿਲ੍ਹੇ ਦੇ ਮੁਕਾਬਲਿਆਂ ਵਿੱਚ ਓ-ਵਰਗ ਵਿੱਚ ਮਨਵੀਰ ਕੌਰ , ਹਰਨੂਰ ਕੌਰ ਅਤੇ ਸ਼ੁਭਰੀਤ ਕੌਰ ਅਤੇ ਵਰਗ-ਅ ਵਿੱਚ ਮਹਿਕਪ੍ਰੀਤ ਕੌਰ, ਅਰਜੁਨ ਕੁਮਾਰ ਅਤੇ ਏਕਨੂਰ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਦੋਵੇਂ ਵਰਗਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਵੰਬਰ ਵਿੱਚ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ।
ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਇਨਾਮ ਵਜੋਂ ਨਕਦ ਰਾਸ਼ੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਨਾਮ ਪ੍ਰਦਾਨ ਕਰਨ ਵੇਲੇ ਸਮਾਗਮ ਵਿੱਚ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਬਲਵੰਤ ਸਿੰਘ, ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ। ਫੈਕਲਿਟੀ ਮੈਂਬਰ ਡਾ. ਪਰਵੀਨ, ਪ੍ਰੋ ਪ੍ਰਦੀਪ ਸਿੰਘ ਅਤੇ ਸ਼੍ਰੀ ਰੂਪ ਲਾਲ ਵੀ ਮੌਜੂਦ ਸਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮੁਕਾਬਲੇ ਜਿੱਥੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਵਿਦਿਆਰਥੀਆਂ ਦੀ ਸਾਂਝ ਪੈਦਾ ਕਰਦੇ ਹਨ ਉੱਥੇ ਹੀ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਦਾ ਸੰਚਾਰ ਵੀ ਕਰਦੇ ਹਨ।
ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਇਸ ਦੌਰ ਵਿੱਚ ਜਦੋਂ ਭਾਸ਼ਾ ਦੇ ਕੌਸ਼ਲ ਦੀ ਨਿਪੁੰਨਤਾ ਦੇ ਪੱਖੋਂ ਇਨ੍ਹਾਂ ਦੀ ਸਾਰਥਿਕਤਾ ਹੋਰ ਵੀ ਵੱਧ ਜਾਂਦੀ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਬਲਵੰਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਦੀ ਵਿਰਾਸਤੀ ਅਮੀਰੀ ਉੱਤੇ ਹਮੇਸ਼ਾ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਭਵਿੱਖ ਵਿੱਚ ਵੀ ਭਾਸ਼ਾ ਵਿਭਾਗ ਨੂੰ ਅਜਿਹੇ ਕਾਰਜਾਂ ਵਿੱਚ ਪੂਰਨ ਸਹਿਯੋਗ ਦੇਵੇਗੀ।
ਮੰਚ ਸੰਚਾਲਨ ਦੀ ਭੂਮਿਕਾ ਸੀਮਾ ਰਾਣੀ ਨੇ ਨਿਭਾਈ। ਇਸ ਮੌਕੇ ਪ੍ਰੋ ਕਿਰਨ, ਪ੍ਰੋ ਅਲਕਾ, ਪ੍ਰੋ ਪ੍ਰਦੀਪ ਸਿੰਘ, ਮਿਸ ਅੰਕਿਤਾ, ਪ੍ਰੋ ਜਸਪ੍ਰੀਤ ਅਤੇ ਸਿੱਖਿਆ ਵਿਭਾਗ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.