October 5, 2026

Justice News

ਅਵਾਮ ਦੀ ਆਵਾਜ਼

ਪਾਵਰ ਗ੍ਰਿੱਡ ਨੇ ਸੀਐੱਸਆਰ ਪਹਿਲ ਦੇ ਤਹਿਤ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ‘ਪਾਵਰ ਗ੍ਰਿੱਡ ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕੀਤਾ



ਚੰਡੀਗੜ੍ਹ

( ਜਸਟਿਸ ਨਿਊਜ਼  )

ਬਿਜਲੀ ਮੰਤਰਾਲਾ, ਭਾਰਤ ਸਰਕਾਰ ਅਧੀਨ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਦੇ ਉੱਦਮ, ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (ਪਾਵਰ ਗ੍ਰਿੱਡ) ਨੇ ਆਪਣੇ ਉੱਤਰੀ ਖੇਤਰ -।। ਰੀਜ਼ਨਲ ਹੈੱਡਕੁਆਰਟਰ, ਜੰਮੂ ਰਾਹੀਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲ ਅਧੀਨ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਵਿਖੇ ‘ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ’ ਦੀ ਸਥਾਪਨਾ ਕੀਤੀ ਹੈ।

ਇਹ ਪ੍ਰੋਜੈਕਟ ਪਾਵਰ ਗ੍ਰਿੱਡ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੇ ਵਿਚਕਾਰ ਲਗਭਗ 17.19 ਕਰੋੜ ਰੁਪਏ ਦੀ ਲਾਗਤ ਨਾਲ 06, ਜੂਨ, 2025 ਵਿੱਚ ਹਸਤਾਖਰਸ਼ੁਦਾ ਇੱਕ ਸਮਝੌਤਾ ਪੱਤਰ (ਐੱਮਓਯੂ) ਅਧੀਨ ਲਾਗੂ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਬਿਜਲੀ ਖੇਤਰ ਵਿੱਚ ਨਵੀਨਤਾ, ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣਾ, ਸਮਕਾਲੀ ਤਕਨੀਕੀ ਚੁਣੌਤੀਆਂ ਦਾ ਹੱਲ ਕਰਨਾ ਅਤੇ ਉਦਯੋਗ ਦੀਆਂ ਉਭਰਦੀਆਂ ਜ਼ਰੂਰਤਾਂ ਦੇ ਅਨੁਸਾਰ ਇੱਕ ਕੁਸ਼ਲ ਕਾਰਜਬਲ ਤਿਆਰ ਕਰਨਾ ਹੈ।

ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਨਾਲ ਵਿਦਿਅਕ ਮਿਆਰਾਂ ਵਿੱਚ ਵਾਧਾ, ਨਵੀਨਤਾ ਨੂੰ ਪ੍ਰੋਤਸਾਹਨ ਅਤੇ ਟਿਕਾਊ ਕਾਰਜ ਪ੍ਰਣਾਲੀਆਂ ਨੂੰ ਹੁਲਾਰਾ ਦੇ ਕੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿਦਿਅਕ ਅਤੇ ਖੋਜ ਮਾਹੌਲ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣ ਦੀ ਉਮੀਦ ਹੈ। ਇਸ ਪਹਿਲ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹੋਰ ਖੇਤਰਾਂ ਦੇ ਵਿਦਿਆਰਥੀਆਂ ਸਮੇਤ ਖੋਜਕਰਤਾਵਾਂ ਅਤੇ ਵਿਦਿਅਕ ਭਾਈਚਾਰੇ ਨੂੰ ਵਿਆਪਕ ਲਾਭ ਪ੍ਰਾਪਤ ਹੋਵੇਗਾ। ਪੰਜਾਬ ਇੰਜੀਨੀਅਰਿੰਗ ਕਾਲਜ, ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਵੱਖ-ਵੱਖ ਵਿਸ਼ਿਆਂ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੀ ਇੱਕ ਵਿਸਤ੍ਰਿਤ ਲੜੀ ਪ੍ਰਦਾਨ ਕਰਦਾ ਹੈ।

ਹੈਂਡਓਵਰ ਸੈਰੇਮਨੀ ਦੌਰਾਨ, ਪਾਵਰ ਗ੍ਰਿੱਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਵਾਮਸੀ ਰਾਮਮੋਹਨ ਬੁਰਾ ਨੇ ਰਸਮੀ ਤੌਰ ‘ਤੇ ਇਹ ‘ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ’ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਚੰਡੀਗੜ੍ਹ ਦੇ ਡਾਇਰੈਕਟਰ, ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ ਨੂੰ ਸੌਂਪਿਆ। ਇਹ ਸਮਾਗਮ ਡਾ. ਯਤੀਂਦ੍ਰ ਦ੍ਵਿਵੇਦੀ, ਡਾਇਰੈਕਟਰ (ਪਰਸੋਨਲ), ਪਾਵਰ ਗ੍ਰਿੱਡ; ਸ਼੍ਰੀ ਅਖਿਲੇਸ਼ ਪਾਠਕ, ਡਾਇਰੈਕਟਰ (ਪ੍ਰੋਜੈਕਟਸ), ਪਾਵਰ ਗ੍ਰਿੱਡ; ਸ਼੍ਰੀ ਨਵੀਨ ਕੁਮਾਰ, ਮੁੱਖ ਚੌਕਸੀ ਅਧਿਕਾਰੀ (ਚੀਫ ਵਿਜੀਲੈਂਸ ਅਫਸਰ), ਪਾਵਰ ਗ੍ਰਿੱਡ; ਅਤੇ ਸ਼੍ਰੀ ਤਰੁਣ ਬਜਾਜ, ਪ੍ਰਬੰਧ ਨਿਦੇਸ਼ਕ, ਪਾਵਰ ਗ੍ਰਿੱਡ ਉੱਤਰੀ ਖੇਤਰ -।। ਦੇ ਨਾਲ-ਨਾਲ ਪਾਵਰ ਗ੍ਰਿੱਡ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮਾਣਮੱਤੇ ਮੌਜੂਦਗੀ ਵਿੱਚ ਸੰਪੰਨ ਹੋਇਆ। ਇਸ ਮੌਕੇ ਨੇ ਉਦਯੋਗ-ਵਿਦਿਅਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਉੱਤਮਤਾ ਨੂੰ ਹੁਲਾਰਾ ਦੇਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ, ਪਾਵਰ ਗ੍ਰਿੱਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਵਾਮਸੀ ਰਾਮਮੋਹਨ ਬੁਰਾ ਨੇ ਪ੍ਰਭਾਵਸ਼ਾਲੀ ਸੀਐੱਸਆਰ ਪਹਿਲਕਦਮੀਆਂ ਰਾਹੀਂ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਉੱਤਮਤਾ ਨੂੰ ਹੁਲਾਰਾ ਦੇਣ ਲਈ ਕੰਪਨੀ ਦੀ ਅਟੁੱਟ ਵਚਨਬੱਧਤਾ ਦੁਹਰਾਈ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਦਿਅਕ ਅਤੇ ਖੋਜ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਭਵਿੱਖ ਦੀਆਂ ਪ੍ਰਤਿਭਾਵਾਂ ਨੂੰ ਤਰਾਸ਼ਣ, ਤਕਨੀਕੀ ਤਰੱਕੀ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਲਈ ਸਥਾਈ ਮੁੱਲ ਸਿਰਜਣਾ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਰੇਖਾਂਕਿਤ ਕੀਤਾ ਕਿ ਪਾਵਰ ਗ੍ਰਿੱਡ ਰਾਸ਼ਟਰ ਨਿਰਮਾਣ ਅਤੇ ਇੱਕ ਕੁਸ਼ਲ ਅਤੇ ਭਵਿੱਖ ਲਈ ਤਿਆਰ ਕਾਰਜਬਲ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਨਿਰੰਤਰ ਸਮਰਪਿਤ ਹੈ।

ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਦੇ ਡਾਇਰੈਕਟਰ, ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸੰਸਥਾਨ ਦੇ ਵਿਦਿਅਕ ਅਤੇ ਖੋਜ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਪਾਵਰ ਗ੍ਰਿੱਡ ਦੇ ਮਹੱਤਵਪੂਰਨ ਯੋਗਦਾਨ ਲਈ ਹਾਰਦਿਕ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਗੱਲ ਦਾ ਸਮਰਥਨ ਕੀਤਾ ਕਿ ‘ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ’ ਦੀ ਸਥਾਪਨਾ ਨਾਲ ਨਵੀਨਤਾ, ਉੱਨਤ ਖੋਜ, ਕੌਸ਼ਲ ਵਿਕਾਸ ਅਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਖੋਜਕਰਤਾਵਾਂ, ਸਾਰਿਆਂ ਨੂੰ ਸਮਾਨ ਰੂਪ ਨਾਲ ਲਾਭ ਪ੍ਰਾਪਤ ਹੋਵੇਗਾ।

ਪਾਵਰ ਗ੍ਰਿੱਡ ਭਾਈਚਾਰਕ ਵਿਕਾਸ, ਸਿਹਤ ਸੇਵਾ, ਸਿੱਖਿਆ, ਬੁਨਿਆਦੀ ਢਾਂਚਾ ਵਿਕਾਸ ਅਤੇ ਰਾਸ਼ਟਰੀ ਅਤੇ ਸਮਾਜਿਕ ਮਹੱਤਵ ਦੇ ਹੋਰ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲਕਦਮੀਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਇਨ੍ਹਾਂ ਪਹਿਲਕਦਮੀਆਂ ਰਾਹੀਂ ਕੰਪਨੀ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਸਾਰਥਕ ਯੋਗਦਾਨ ਦਿੰਦੇ ਹੋਏ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਨੂੰ ਨਿਰੰਤਰ ਹੁਲਾਰਾ ਦੇ ਰਹੀ ਹੈ।

ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (ਪਾਵਰ ਗ੍ਰਿੱਡ) ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਦਾ ਉੱਦਮ ਹੈ, ਜੋ ਅੰਤਰ-ਰਾਜੀ ਥੋਕ ਬਿਜਲੀ ਸੰਚਾਰ (ਪਾਵਰ ਟ੍ਰਾਂਸਮਿਸ਼ਨ) ਦੇ ਕੰਮ ਵਿੱਚ ਲੱਗੀ ਹੋਈ ਹੈ। ਕੰਪਨੀ 1,86,952 ਸਰਕਟ ਕਿਲੋਮੀਟਰ ਟ੍ਰਾਂਸਮਿਸ਼ਨ ਲਾਈਨ, 292 ਸਬ-ਸਟੇਸ਼ਨਾਂ ਅਤੇ 6,38,566 ਐੱਮਵੀਏ ਤੋਂ ਵੱਧ ਦੀ ਟ੍ਰਾਂਸਫੌਰਮੇਸ਼ਨ ਸਮਰੱਥਾ ਦੀ ਮਾਲਕੀ ਅਤੇ ਸੰਚਾਲਨ ਕਰਦੀ ਹੈ। ਨਵੇਂ ਤਕਨੀਕੀ ਉਪਕਰਣਾਂ ਅਤੇ ਤਕਨੀਕਾਂ ਨੂੰ ਅਪਣਾ ਕੇ ਅਤੇ ਆਟੋਮੇਸ਼ਨ ਅਤੇ ਡਿਜੀਟਲ ਸਮਾਧਾਨਾਂ ਦੀ ਵਰਤੋਂ ਨੂੰ ਵਧਾ ਕੇ, ਪਾਵਰ ਗ੍ਰਿੱਡ ਨੇ 99.81% ਤੋਂ ਵੱਧ ਦੀ ਔਸਤ ਸੰਚਾਰ ਪ੍ਰਣਾਲੀ ਦੀ ਉਪਲਬਧਤਾ ਬਣਾਈ ਰੱਖੀ ਹੈ। ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੇ ਨਾਲ ਹਸਤਾਖ਼ਰ ਕੀਤੇ ਸਹਿਮਤੀ ਪੱਤਰ (MoU) ਵਿੱਚ ਨਿਰਧਾਰਿਤ ਚੁਣੌਤੀਪੂਰਣ ਪ੍ਰਦਰਸ਼ਨ ਮਾਪਦੰਡਾਂ ਨੂੰ ਪ੍ਰਾਪਤ ਕਰਦੇ ਹੋਏ ਕੰਪਨੀ ਦਾ ਪ੍ਰਦਰਸ਼ਨ ਲਗਾਤਾਰ ਸ਼ਾਨਦਾਰ ਬਣਿਆ ਹੋਇਆ ਹੈ।

ਪਾਵਰ ਗ੍ਰਿੱਡ ਦਾ ਉੱਤਰੀ ਖੇਤਰ -।।, ਜਿਸ ਦਾ ਹੈੱਡ ਕੁਆਰਟਰ ਜੰਮੂ ਵਿੱਚ ਹੈ, ਇੱਕ ਵਿਸ਼ਾਲ ਟ੍ਰਾਂਸਮਿਸ਼ਨ ਨੈੱਟਵਰਕ ਦੀ ਦੇਖ-ਰੇਖ ਕਰਦਾ ਹੈ, ਜੋ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ, ਪੰਜਾਬ ਅਤੇ ਹਿਮਾਚਲ ਪ੍ਰਦੇਸ਼, ਰਾਜਾਂ, ਹਰਿਆਣਾ ਦੇ ਕੁਝ ਹਿੱਸਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਫੈਲਿਆ ਹੋਇਆ ਹੈ। ਆਪਣੇ ਸਮਰਪਿਤ ਯਤਨਾਂ ਰਾਹੀਂ, ਪਾਵਰ ਗ੍ਰਿੱਡ ਇਨ੍ਹਾਂ ਖੇਤਰਾਂ ਵਿੱਚ ਭਰੋਸੇਯੋਗ ਅਤੇ ਕੁਸ਼ਲ ਬਿਜਲੀ ਸੰਚਾਰ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਜਿਸ ਨਾਲ ਰਾਸ਼ਟਰ ਦੀ ਊਰਜਾ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਮਿਲ ਰਿਹਾ ਹੈ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.