ਰੀਲਾਂ’ ਵੇਖਣ ’ਚ ਮਸਤ ਖਾਕੀ: DC ਦਫ਼ਤਰ ‘ਚ ਝੋਲੇ ਚੁੱਕ ‘ਨਕਲੀ ਸਾਧ’ ਵੰਡਦਾ ਫਿਰੇ ਅਸ਼ੀਰਵਾਦ ਤੇ ਮੰਗਦਾ ਫਿਰੇਂ ਭੀਖ
ਸੰਗਰੂਰ /
( ਜਸਟਿਸ ਨਿਊਜ਼ )
ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਨੂੰ ‘ਭਿਖਾਰੀ ਮੁਕਤ’ ਬਣਾਉਣ ਲਈ ਕਰੋੜਾਂ ਰੁਪਏ ਫੂਕ ਕੇ ਵੱਡੇ-ਵੱਡੇ ਹੋਰਡਿੰਗਾਂ ਅਤੇ ਇਸ਼ਤਿਹਾਰਾਂ ਰਾਹੀਂ ਦਾਅਵੇ ਠੋਕ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸੰਗਰੂਰ ਪ੍ਰਸ਼ਾਸਨ ਦੇ ਨੱਕ ਹੇਠ ਸਰਕਾਰੀ ਸੁਰੱਖਿਆ ਪ੍ਰਬੰਧਾਂ ਦਾ ਜੋ ‘ਜਲੂਸ’ ਨਿਕਲਿਆ ਹੈ, ਉਸ ਨੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ।
ਸੀਨੀਅਰ ਪੱਤਰਕਾਰ ਚਰਨਜੀਵ ਕੌਂਸਲ ਵੱਲੋਂ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਨੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਭੂਚਾਲ ਲਿਆ ਦਿੱਤਾ ਹੈ। ਤਸਵੀਰਾਂ ਸਾਫ਼ ਬਿਆਨ ਕਰਦੀਆਂ ਹਨ ਕਿ ਹੁਣ ਮੰਗਣ ਵਾਲਿਆਂ ਅਤੇ ਸ਼ੱਕੀ ਲੋਕਾਂ ਨੇ ਆਮ ਸੜਕਾਂ ਛੱਡ ਕੇ ਸਿੱਧਾ ਸਰਕਾਰੀ ਦਫ਼ਤਰਾਂ ’ਤੇ ਕਬਜ਼ੇ ਕਰ ਲਏ ਹਨ।
ਬੰਬ ਧਮਾਕਿਆਂ ਦੇ ਖ਼ੌਫ਼ ‘ਚ ਵੀ ਸੁੱਤੀ ‘ਸੁਰੱਖਿਆ’, ਝੋਲੇ ਚੁੱਕ ਕੇ ਬਾਬਾ ਫਿਰੇ ‘ਅਜ਼ਾਦ’
ਅੱਜ-ਕੱਲ੍ਹ ਪੂਰੇ ਪੰਜਾਬ ਦੀਆਂ ਸਰਕਾਰੀ ਇਮਾਰਤਾਂ, ਸਕੂਲਾਂ, ਕਾਲਜਾਂ ਅਤੇ ਕੋਰਟ ਕੰਪਲੈਕਸਾਂ ਨੂੰ ਈਮੇਲਾਂ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੁਲਿਸ ਹਾਈ ਅਲਰਟ ਦੇ ਦਾਅਵੇ ਕਰਦੀ ਨਹੀਂ ਥੱਕਦੀ। ਪਰ ਸੰਗਰੂਰ ਦੇ ਡੀਸੀ ਕੰਪਲੈਕਸ ਦੀ ਤੀਜੀ ਮੰਜ਼ਿਲ ਦਾ ਨਜ਼ਾਰਾ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ। ਇੱਥੇ ਇੱਕ ‘ਨਕਲੀ ਸਾਧ’ ਵੱਡੇ-ਵੱਡੇ ਸ਼ੱਕੀ ਝੋਲੇ ਚੁੱਕ ਕੇ ਬਿਨਾਂ ਕਿਸੇ ਰੋਕ-ਟੋਕ ਦੇ ਇੰਨੀ ਸ਼ਾਨ ਨਾਲ ਫੇਰੀਆਂ ਪਾ ਰਿਹਾ ਸੀ, ਜਿਵੇਂ ਡੀਸੀ ਦਫ਼ਤਰ ਨਾ ਹੋਵੇ, ਕੋਈ ਧਾਰਮਿਕ ਮੇਲਾ ਹੋਵੇ!
‘ਮੰਤਰ’ ਨਾਲ ਫਾਈਲ ਕਲੀਅਰ ਕਰਾਉਣ ਦਾ ਜੁਗਾੜ?
ਭਗਵੇਂ ਵਸਤਰ ਪਾ ਕੇ ਅਤੇ ਹੱਥਾਂ ’ਚ ਭਾਰੀ ਝੋਲੇ ਚੁੱਕੀ ਇਹ ‘ਝੋਲਾ-ਛਾਪ ਬਾਬਾ’ ਇੱਕ ਦਫ਼ਤਰ ਤੋਂ ਨਿਕਲਦਾ ਹੈ, ਦੂਜੇ ਦਾ ਦਰਵਾਜ਼ਾ ਖੜਕਾਉਂਦਾ ਹੈ ਅਤੇ ਬਿਨਾਂ ਕਿਸੇ ਅਪੁਆਇੰਟਮੈਂਟ ਦੇ ਸਾਹਿਬਾਨ ਦੀਆਂ ਕੁਰਸੀਆਂ ਤੱਕ ਪਹੁੰਚ ਜਾਂਦਾ ਹੈ। ਦਫ਼ਤਰਾਂ ‘ਚ ਬੈਠੇ ਅਫ਼ਸਰ ਵੀ ਸ਼ਾਇਦ ਇਹ ਸੋਚ ਕੇ ਮੱਥਾ ਟੇਕ ਰਹੇ ਹੋਣਗੇ ਕਿ ਪਤਾ ਨਹੀਂ ਕਿਹੜੇ ‘ਜਾਦੂਈ ਮੰਤਰ’ ਨਾਲ ਅਟਕੀਆਂ ਫਾਈਲਾਂ ਕਲੀਅਰ ਹੋ ਜਾਣ! ਪਰ ਸਭ ਤੋਂ ਵੱਡਾ ਤੇ ਗੰਭੀਰ ਸਵਾਲ ਇਹ ਹੈ ਕਿ ਉਸ ਭਾਰੀ ਝੋਲੇ ਵਿੱਚ ਅਸ਼ੀਰਵਾਦ ਸੀ ਜਾਂ ਕੋਈ ਖ਼ਤਰਨਾਕ ਧਮਾਕਾਖੇਜ਼ ਸਮੱਗਰੀ?
ਖਾਕੀ ਦਾ ‘ਇੰਸਟਾਗ੍ਰਾਮ ਪ੍ਰੇਮ’: ਰੀਲਾਂ ‘ਚ ਗੁੰਮ ਹੋਈ ਜ਼ਿਲ੍ਹੇ ਦੀ ਸੁਰੱਖਿਆ
ਜਦੋਂ ਇਸ ‘ਜਾਦੂਈ’ ਘੁਸਪੈਠ ਬਾਰੇ ਗੇਟ ’ਤੇ ਤਾਇਨਾਤ ਹੈੱਡ ਕਾਂਸਟੇਬਲ ਤੋਂ ਪੁੱਛਿਆ ਗਿਆ, ਤਾਂ ਸਾਹਿਬ ਬੜੇ ਇਤਮੀਨਾਨ ਨਾਲ ਕੁਰਸੀ ’ਤੇ ਲੱਤ ‘ਤੇ ਲੱਤ ਧਰ ਕੇ ਮੋਬਾਈਲ ‘ਤੇ ‘ਰੀਲਾਂ’ (Instagram Reels) ਦੇ ਨਜ਼ਾਰੇ ਲੁੱਟ ਰਹੇ ਸਨ।
ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਇਹ ਸ਼ੱਕੀ ਸਾਧ ਅੰਦਰ ਕਿਵੇਂ ਦਾਖਲ ਹੋ ਗਿਆ, ਤਾਂ ਖਾਕੀ ਵਰਦੀਧਾਰੀ ਦਾ ਬੇਪ੍ਰਵਾਹ ਜਵਾਬ ਸੀ: “ਓ ਜੀ, ਦੂਜੇ ਦਰਵਾਜ਼ੇ ਤੋਂ ਵੜਿਆ ਹੋਵੇਗਾ!”
ਕਮਾਲ ਦੀ ਗੱਲ ਇਹ ਹੈ ਕਿ ਉਹ ‘ਦੂਜਾ ਦਰਵਾਜ਼ਾ’ ਵੀ ਸਾਹਿਬ ਦੀ ਕੁਰਸੀ ਦੇ ਐਨ ਸਾਹਮਣੇ ਸੀ। ਲੱਗਦਾ ਹੈ ਸੁਰੱਖਿਆ ਕਰਮੀ ਰੀਲਾਂ ਦੀ ਦੁਨੀਆ ‘ਚ ਇੰਨੇ ਲੀਨ ਸਨ ਕਿ ਜੇਕਰ ਸਾਧ ਉਨ੍ਹਾਂ ਦੀ ਛਾਤੀ ਤੋਂ ਲੰਘ ਕੇ ਵੀ ਚਲਾ ਜਾਂਦਾ, ਤਾਂ ਉਨ੍ਹਾਂ ਨੇ ਉਸ ਨੂੰ ਕੋਈ ‘ਇੰਸਟਾਗ੍ਰਾਮ ਫਿਲਟਰ’ ਹੀ ਸਮਝਣਾ ਸੀ।
ਜਨਤਾ ਦਾ ਸਿੱਧਾ ਸਰਕਾਰ ਨੂੰ ਸਵਾਲ: ਕੀ ਰਾਮ ਭਰੋਸੇ ਹੈ ਪੰਜਾਬ?
ਜੇਕਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਦਫ਼ਤਰ ਦੀ ਤੀਜੀ ਮੰਜ਼ਿਲ ਤੱਕ ਕੋਈ ਵੀ ਸ਼ੱਕੀ ਵਿਅਕਤੀ ਬਿਨਾਂ ਚੈਕਿੰਗ ਝੋਲੇ ਚੁੱਕ ਕੇ ਪਹੁੰਚ ਸਕਦਾ ਹੈ, ਤਾਂ ਆਮ ਜਨਤਾ ਦੀ ਸੁਰੱਖਿਆ ਦੀ ਆਸ ਕਿਸ ਤੋਂ ਰੱਖੀ ਜਾਵੇ?
-
ਕੀ ਸਰਕਾਰ ਵੱਲੋਂ ‘ਕਰੋੜਾਂ ਰੁਪਏ’ ਖਰਚ ਕੇ ਲਗਾਏ ਨੋਡਲ ਅਫ਼ਸਰ ਸਿਰਫ਼ ਕਾਗਜ਼ਾਂ ‘ਚ ਹੀ ਭਿਖਾਰੀ ਹਟਾ ਰਹੇ ਹਨ?
-
ਕੀ ਪੰਜਾਬ ਦੀ ਸੁਰੱਖਿਆ ਹੁਣ ਪੁਲਿਸ ਦੇ ਹੱਥਾਂ ‘ਚ ਨਹੀਂ, ਬਲਕਿ ‘ਸੋਸ਼ਲ ਮੀਡੀਆ ਦੀਆਂ ਰੀਲਾਂ’ ਦੇ ਭਰੋਸੇ ਚੱਲ ਰਹੀ ਹੈ?
ਹੁਣ ਦੇਖਣਾ ਇਹ ਹੋਵੇਗਾ ਕਿ ‘ਬਦਲਾਅ’ ਦਾ ਦਾਅਵਾ ਕਰਨ ਵਾਲਾ ਪ੍ਰਸ਼ਾਸਨ ਇਸ ‘ਰੀਲ-ਪ੍ਰੇਮੀ’ ਸੁਰੱਖਿਆ ਕਰਮੀ ਅਤੇ ‘ਝੋਲਾ-ਛਾਪ ਸਾਧ’ ‘ਤੇ ਕੋਈ ਠੋਸ ਕਾਰਵਾਈ ਕਰਦਾ ਹੈ, ਜਾਂ ਫਿਰ ਅਗਲੀ ਕਿਸੇ ਵੱਡੀ ਘਟਨਾ ਅਤੇ ਅਗਲੀ ਵਾਇਰਲ ਰੀਲ ਦਾ ਇੰਤਜ਼ਾਰ ਕੀਤਾ ਜਾਵੇਗਾ।