September 28, 2026

Justice News

ਅਵਾਮ ਦੀ ਆਵਾਜ਼

ਮਾਝੇ ਦੀ ਧਰਤੀ ਤੋਂ ਉੱਠਿਆ ਸਿਆਸੀ ਤੂਫ਼ਾਨ: ਹਲਕਾ ਰਾਜਾਸਾਂਸੀ ‘ਚ ਅਕਾਲੀ ਦਲ ਦੀ ‘ਪੰਜਾਬ ਬਚਾਓ’ ਰੈਲੀ ‘ਚ ਠਾਠਾਂ ਮਾਰਦਾ ਵਿਸ਼ਾਲ ਇਕੱਠ

ਅੰਮ੍ਰਿਤਸਰ/ ਲੋਪੋਕੇ (ਰਣਜੀਤ ਸਿੰਘ ਮਸੌਣ):
ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਲੋਪੋਕੇ ਸਥਿਤ ‘ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ’ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਯੋਜਿਤ ਕੀਤੀ ਗਈ ‘ਪੰਜਾਬ ਬਚਾਓ ਰੈਲੀ’ ਨੇ ਇਲਾਕੇ ਦੇ ਸਿਆਸੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖ ਦਿੱਤਾ ਹੈ। ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਦੀ ਮਜ਼ਬੂਤ ਤੇ ਦੂਰਅੰਦੇਸ਼ੀ ਅਗਵਾਈ ਹੇਠ ਕਰਵਾਈ ਗਈ ਇਸ ਰੈਲੀ ਦੌਰਾਨ ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਦਾ ਅਜਿਹਾ ਠਾਠਾਂ ਮਾਰਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ, ਜਿਸ ਨੇ ਵਿਰੋਧੀਆਂ ਦੇ ਹੋਸ਼ ਉਡਾ ਦਿੱਤੇ ਹਨ। ਮਾਝੇ ਦੀ ਜਰਖੇਜ਼ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਉੱਠੀ ਸਿਆਸੀ ਲਹਿਰ ਨਾਲ ਪੂਰਾ ਸਟੇਡੀਅਮ ਅਕਾਲੀ ਯੋਧਿਆਂ ਅਤੇ ਸਮਰਥਕਾਂ ਦੇ ਹੜ੍ਹ ਨਾਲ ਨੱਪਿਆ ਗਿਆ। ਇਸ ਇਤਿਹਾਸਕ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਸਰਹੱਦੀ ਖੇਤਰ ਰਾਜਾਸਾਂਸੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਅਜਿੱਤ ਗੜ੍ਹ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ।

‘ਆਪ’ ਸਰਕਾਰ ‘ਤੇ ਸੁਖਬੀਰ ਬਾਦਲ ਦੇ ਤਿੱਖੇ ਹਮਲੇ; ਰੇਤ ਮਾਈਨਿੰਗ ਦੇ ਮੁੱਦੇ ‘ਤੇ ਘੇਰਿਆ

ਰੈਲੀ ਵਿੱਚ ਪਹੁੰਚੇ ਹਜ਼ਾਰਾਂ ਦੇ ਜੋਸ਼ੀਲੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ (‘ਆਪ’) ਸਰਕਾਰ ਵਿਰੁੱਧ ਸਿਆਸੀ ਹਮਲਿਆਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਤੇ ਸਥਾਨਕ ‘ਆਪ’ ਲੀਡਰਸ਼ਿਪ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ।
ਸੁਖਬੀਰ ਬਾਦਲ ਅਤੇ ਜਥੇਦਾਰ ਵੀਰ ਸਿੰਘ ਲੋਪੋਕੇ ਨੇ ‘ਆਪ’ ਸਰਕਾਰ ਅਤੇ ਹਲਕਾ ਰਾਜਾਸਾਂਸੀ ਦੀ ‘ਆਪ’ ਇੰਚਾਰਜ ਨੂੰ ਗੈਰ-ਕਾਨੂੰਨੀ ਰੇਤ ਮਾਈਨਿੰਗ ਦੇ ਮੁੱਦੇ ‘ਤੇ ਆੜੇ ਹੱਥੀਂ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸਿਆਸੀ ਸਰਪ੍ਰਸਤੀ ਹੇਠ ਇਲਾਕੇ ਅੰਦਰ ਰੇਤ ਦੀ ਸ਼ਰੇਆਮ ਨਾਜਾਇਜ਼ ਖੁਦਾਈ (ਮਾਈਨਿੰਗ) ਕਰਕੇ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਰੇਤ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਸਥਾਨਕ ਲੋਕਾਂ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਵਾਤਾਵਰਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਦਕਿ ‘ਆਪ’ ਇੰਚਾਰਜ ਅਤੇ ਪੁਲਿਸ-ਪ੍ਰਸ਼ਾਸਨ ਅੱਖਾਂ ਮੀਟ ਕੇ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਸ਼ੁਰੂ ਕੀਤੀਆਂ ਗਈਆਂ ਜਨ-ਹਿੱਤੂ ਯੋਜਨਾਵਾਂ—ਜਿਵੇਂ ਆਟਾ-ਦਾਲ ਸਕੀਮ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ—ਨੂੰ ਮੌਜੂਦਾ ਸਰਕਾਰ ਨੇ ਬੰਦ ਕਰਕੇ ਗਰੀਬਾਂ ਨਾਲ ਧੋਖਾ ਕੀਤਾ ਹੈ। ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਬਦਤਰ ਹੋ ਚੁੱਕੀ ਹੈ, ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਗੈਂਗਸਟਰਵਾਦ ਵਧਣ ਕਾਰਨ ਪੰਜਾਬ ਦੇ ਵਪਾਰੀ ਪਲਾਇਨ ਕਰਨ ਲਈ ਮਜਬੂਰ ਹਨ।
ਦਿੱਲੀ ਦੀਆਂ ਬਾਹਰੀ ਪਾਰਟੀਆਂ ਨੂੰ ਲਲਕਾਰਦਿਆਂ ਸੁਖਬੀਰ ਬਾਦਲ ਨੇ ਕਿਹਾ:
“ਪੰਜਾਬ ਨੂੰ ਹੁਣ ਕਿਸੇ ਨਵੇਂ ਧੋਖੇ, ਵਾਇਰਸ ਜਾਂ ਤਜ਼ਰਬੇ ਦੀ ਲੋੜ ਨਹੀਂ। ਪੰਜਾਬੀਆਂ ਨੂੰ ਸੁਰੱਖਿਆ, ਭਾਈਚਾਰਕ ਸਾਂਝ, ਰੁਜ਼ਗਾਰ ਅਤੇ ਬੇਮਿਸਾਲ ਵਿਕਾਸ ਚਾਹੀਦਾ ਹੈ, ਜੋ ਸਿਰਫ਼ ਉਨ੍ਹਾਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦੀ ਹੈ।”

2027 ਵਿੱਚ ਅਕਾਲੀ ਸਰਕਾਰ ਬਣਨ ‘ਤੇ ਕੀਤੇ ਗਏ ਵੱਡੇ ਐਲਾਨ

  1. ਕਿਸਾਨਾਂ ਅਤੇ ਮਜ਼ਦੂਰਾਂ ਲਈ ਰਾਹਤ: ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੇ ਮੁਆਵਜ਼ੇ ਵਿੱਚ ਵੱਡਾ ਵਾਧਾ ਕੀਤਾ ਜਾਵੇਗਾ ਅਤੇ ਕੱਚੀਆਂ ਜ਼ਮੀਨਾਂ ‘ਤੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣਗੇ।
  2. ਪਿੰਡਾਂ ਦਾ ਸ਼ਹਿਰਾਂ ਵਾਂਗ ਵਿਕਾਸ: ਅਗਲੇ 5 ਸਾਲਾਂ ਅੰਦਰ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਦੀ ਤਰਜ਼ ‘ਤੇ ਪੱਕੀਆਂ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਦਾ ਨਿਰਮਾਣ ਕੀਤਾ ਜਾਵੇਗਾ।
  3. ਸਮਾਜਿਕ ਭਲਾਈ ਸਕੀਮਾਂ ਦੀ ਬਹਾਲੀ: ਬੇਘਰ ਲੋਕਾਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟ, ਧੀ-ਭੈਣ ਦੇ ਵਿਆਹ ਲਈ 1 ਲੱਖ ਰੁਪਏ ਸ਼ਗਨ ਸਕੀਮ ਅਤੇ ਬੰਦ ਕੀਤੀਆਂ ਪੈਨਸ਼ਨਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।
  4. ਨੌਜਵਾਨਾਂ ਲਈ ਰੁਜ਼ਗਾਰ: ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਬਿਨਾਂ ਵਿਆਜ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।

ਜਥੇਦਾਰ ਵੀਰ ਸਿੰਘ ਲੋਪੋਕੇ ਸੱਤਵੀਂ ਵਾਰ ਉਮੀਦਵਾਰ ਐਲਾਨੇ; ਮਿਲੇਗੀ ਕੈਬਨਿਟ ਵਜ਼ੀਰੀ

ਰੈਲੀ ਦੌਰਾਨ ਉਹ ਇਤਿਹਾਸਕ ਪਲ ਆਇਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਕਰੀਬੀ, ਟਕਸਾਲੀ ਤੇ ਮਿਹਨਤੀ ਨੇਤਾ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਹਲਕਾ ਰਾਜਾਸਾਂਸੀ ਤੋਂ ਸੱਤਵੀਂ ਵਾਰ ਪਾਰਟੀ ਦਾ ਉਮੀਦਵਾਰ ਐਲਾਨਿਆ। ਸੁਖਬੀਰ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਸੀਂ ਲੋਪੋਕੇ ਸਾਹਿਬ ਨੂੰ ਜਿਤਾ ਕੇ ਵਿਧਾਨ ਸਭਾ ਭੇਜੋ, ਇਨ੍ਹਾਂ ਨੂੰ ਮੰਤਰੀ ਬਣਾਉਣਾ ਮੇਰਾ ਕੰਮ ਹੈ।”
ਇਸ ਤੋਂ ਪਹਿਲਾਂ ਯੂਥ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਮੰਚ ‘ਤੇ ਬੋਲਦਿਆਂ ਆਪਣੇ ਪਿਤਾ ਦੀਆਂ ਪਾਰਟੀ ਅਤੇ ਕੌਮ ਪ੍ਰਤੀ 40 ਸਾਲਾਂ ਦੀਆਂ ਬੇਮਿਸਾਲ ਸੇਵਾਵਾਂ ਦਾ ਹਵਾਲਾ ਦਿੱਤਾ। ਰਾਣਾ ਰਣਬੀਰ ਸਿੰਘ ਨੇ ਪੂਰੇ ਜੋਸ਼ ਤੇ ਨਮਰਤਾ ਨਾਲ ਸੁਖਬੀਰ ਸਿੰਘ ਬਾਦਲ ਅੱਗੇ ਝੋਲੀ ਅੱਡ ਕੇ ਆਪਣੇ ਪਿਤਾ ਲਈ ਹਲਕਾ ਰਾਜਾਸਾਂਸੀ ਤੋਂ ਟਿਕਟ ਅਤੇ ਆਉਣ ਵਾਲੀ ਸਰਕਾਰ ਵਿੱਚ ਕੈਬਨਿਟ ਮੰਤਰੀ (ਵਜ਼ੀਰੀ) ਦੇ ਅਹੁਦੇ ਦੀ ਮੰਗ ਕੀਤੀ। ਉਨ੍ਹਾਂ ਦੇ ਇਸ ਭਾਵੁਕ ਬੋਲਾਂ ਦਾ ਪੰਡਾਲ ਵਿੱਚ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਜ਼ੋਰਦਾਰ ਨਾਅਰਿਆਂ ਨਾਲ ਸਮਰਥਨ ਕੀਤਾ। ਇਸ ਮੌਕੇ ਰਾਣਾ ਰਣਬੀਰ ਸਿੰਘ ਨੇ ਅਕਾਲੀ ਸਰਕਾਰ ਸਮੇਂ ਰਾਜਾਸਾਂਸੀ ਹਲਕੇ ਵਿਖੇ ਹੋਏ ਰਿਕਾਰਡ ਵਿਕਾਸ ਕਾਰਜਾਂ ਦਾ ਵੀ ਵਿਸਥਾਰ ਨਾਲ ਵੇਰਵਾ ਦਿੱਤਾ।

ਮਾਝਾ ਅਕਾਲੀ ਦਲ ਦਾ ਮਜ਼ਬੂਤ ਕਿੱਲ੍ਹਾ: ਬਿਕਰਮ ਸਿੰਘ ਮਜੀਠੀਆ

ਮਾਝੇ ਦੇ ਜਰਨੈਲ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਗਰਜਵੇਂ ਭਾਸ਼ਣ ਵਿੱਚ ਕਿਹਾ ਕਿ ਅੱਜ ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਦੇ ਇਸ ਠਾਠਾਂ ਮਾਰਦੇ ਹੜ੍ਹ ਨੇ ਸਾਬਤ ਕਰ ਦਿੱਤਾ ਹੈ ਕਿ ਮਾਝੇ ਦੇ ਸ਼ੇਰ ਪੁੱਤਰ ਧੋਖੇਬਾਜ਼ ਸਰਕਾਰਾਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ, ਫਿਰੌਤੀਆਂ ਅਤੇ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ, ਜਦਕਿ ‘ਆਪ’ ਸਰਕਾਰ ਦੇ ਦਾਅਵੇ ਫੋਕੇ ਸਾਬਤ ਹੋ ਰਹੇ ਹਨ। ਮਜੀਠੀਆ ਨੇ ਝੋਲੀ ਅੱਡ ਕੇ ਲੋਕਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਚੋਣਾਂ ਵਿੱਚ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਜਾਵੇ।

ਜਥੇਦਾਰ ਵੀਰ ਸਿੰਘ ਲੋਪੋਕੇ ਵੱਲੋਂ ਸੰਗਤ ਦਾ ਭਾਵੁਕ ਧੰਨਵਾਦ ਅਤੇ ਰਾਣਾ ਰਣਬੀਰ ਸਿੰਘ ਦੀ ਟੀਮ ਦੀ ਸ਼ਲਾਘਾ

ਰੈਲੀ ਦੇ ਅੰਤ ਵਿੱਚ ਭਾਵੁਕ ਹੁੰਦਿਆਂ ਜਥੇਦਾਰ ਵੀਰ ਸਿੰਘ ਲੋਪੋਕੇ ਨੇ ਕਿਹਾ:
“ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈਂ ਹਲਕਾ ਰਾਜਾਸਾਂਸੀ ਦੇ ਸੂਝਵਾਨ ਅਕਾਲੀ ਯੋਧਿਆਂ, ਸਮੂਹ ਵਰਕਰ ਸਾਹਿਬਾਨਾਂ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕਰ ਸਕਾਂ! ਅੱਜ ਲੋਪੋਕੇ ਵਿਖੇ ‘ਪੰਜਾਬ ਬਚਾਓ’ ਰੈਲੀ ਦੌਰਾਨ ਹੋਏ ਰਿਕਾਰਡ ਤੋੜ ਇਕੱਠ ਨੇ ਮਹਾਂਰੈਲੀ ਦਾ ਰੂਪ ਧਾਰਨ ਕਰਕੇ ਸ਼ਹੀਦਾਂ ਦੀ ਮਹਾਨ ਧਰਤੀ ਲੋਪੋਕੇ ਵਿਖੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਰੈਲੀ ਨੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਮੁੱਢ ਬੰਨ੍ਹ ਦਿੱਤਾ ਹੈ।”
ਉਨ੍ਹਾਂ ਅੱਗੇ ਕਿਹਾ, “ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਸ੍ਰ. ਬਿਕਰਮ ਸਿੰਘ ਮਜੀਠੀਆ, ਪਹੁੰਚੀ ਹੋਈ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਹਲਕਾ ਰਾਜਾਸਾਂਸੀ ਤੋਂ ਮੈਨੂੰ ਅਥਾਹ ਪਿਆਰ ਕਰਨ ਵਾਲੇ ਪਹੁੰਚੇ ਹੋਏ ਇੱਕ-ਇੱਕ ਸ਼ਖ਼ਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੈਂ ਆਪਣੇ ਹੋਣਹਾਰ ਸਪੁੱਤਰ ਸੀਨੀਅਰ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਅਤੇ ਸਮੁੱਚੀ ਟੀਮ ਦੇ ਰੈਲੀ ਪ੍ਰਬੰਧਾਂ ਦੀ ਸ਼ਲਾਘਾ ਕਰਦਾ ਹੋਇਆ ਰੈਲੀ ਦੀ ਸਫਲਤਾ ਲਈ ਵਧਾਈ ਦਿੰਦਾ ਹਾਂ, ਜਿਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਅੱਜ ਦੀ ਇਹ ਵਿਸ਼ਾਲ ਰੈਲੀ ਇੱਕ ਇਤਿਹਾਸਕ ਰੈਲੀ ਸਿੱਧ ਹੋਈ ਹੈ। ਮੈਂ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸੱਤਵੀਂ ਵਾਰ ਟਿਕਟ ਦੇ ਕੇ ਨਿਵਾਜਿਆ। ਮੈਨੂੰ ਪੂਰੀ ਆਸ ਹੈ ਕਿ 2027 ਵਿੱਚ ਹਲਕਾ ਰਾਜਾਸਾਂਸੀ ਦੇ ਸੂਝਵਾਨ ਵੋਟਰ ਭਾਰੀ ਲੀਡ ਨਾਲ ਜਿੱਤਾ ਕੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ।”

ਹਲਕੇ ਦੇ ਕੋਨੇ-ਕੋਨੇ ਤੋਂ ਉਮੜਿਆ ਪਾਰਟੀ ਵਰਕਰਾਂ ਦਾ ਸੈਲਾਬ

ਇਸ ਮੌਕੇ ਹਲਕਾ ਰਾਜਾਸਾਂਸੀ ਦੇ ਵੱਡੀ ਗਿਣਤੀ ਪਿੰਡਾਂ—ਜਿਵੇਂ ਲਦੇਹ, ਜੱਸਰਾਊਰ, ਚੌਗਾਵਾ, ਕੋਹਾਲੀ, ਬਰਾੜ, ਮਾਦੋਕੇ, ਖਿਆਲਾ, ਕੋਹਾਲਾ, ਰੋਡਾਲਾ, ਰਾਜਾਸਾਂਸੀ, ਭਿੱਟੇਵੱਡ, ਬਲੱਗਣ, ਚੈਨਪੂਰ, ਮਾਨਾਵਾਲਾ, ਉਠੀਆ, ਰਾਮਤੀਰਥ, ਬੱਗੇ, ਛੀਨਾ, ਮੋਹਲੋਕੇ, ਸੋੜੀਆ, ਰਾਣੇਵਾਲੀ, ਕੋਟਲਾ, ਮੋਤਲਾ, ਜੈਰਾਮਕੋਟ, ਨੇਪਾਲ, ਮਿਆਦੀਆ, ਬੱਚੀਵਿੱਡ, ਵਣੀਏਕੇ, ਬੋਪਾਰਾਏ, ਅਦਲੀਵਾਲਾ, ਝੰਜੋਟੀ, ਜਗਦੇਵ ਕਲਾਂ, ਮੱਲੂਨੰਗਲ, ਨੂਰਪੁਰ, ਪੱਧਰੀ, ਈਸਾਪੁਰ, ਜਸਤਰਵਾਲ, ਚੂਚਕਵਾਲ, ਸਹੂਰਾ, ਸਾਰੰਗੜਾ, ਰਾਣੀਆ, ਕੱਕੜ, ਡੱਗ-ਤੂਤ, ਵੇਹਰਾ, ਧੁੱਪਸੜੀ, ਤੂਰ, ਭੀਲੋਵਾਲ, ਚੱਕ ਮਿਸ਼ਰੀ ਖਾਂ, ਮੁੱਧ ਖੋਖਰ, ਕਮਾਸਕੇ, ਬੂਆਨੰਗਲੀ, ਭਿੰਡੀ ਸੈਦਾ, ਭਿੰਡੀ ਔਲਖ ਆਦਿ—ਤੋਂ ਅਕਾਲੀ ਵਰਕਰਾਂ ਅਤੇ ਸਮਰਥਕਾਂ ਦਾ ਵੱਡਾ ਕਾਫ਼ਲਾ ਸ਼ਾਮਲ ਹੋਇਆ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਅਜਨਾਲਾ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਐੱਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਸੁਰਜੀਤ ਸਿੰਘ ਪਹਿਲਵਾਨ (ਸ਼ਹਿਰੀ ਪ੍ਰਧਾਨ), ਗੌਰਵਦੀਪ ਸਿੰਘ ਵਲਟੋਹਾ, ਅਤੇ ਨਰਿੰਦਰ ਬਹਿਲ ਨੇ ਵੀ ਸੰਬੋਧਨ ਕੀਤਾ।
ਵਿਸ਼ੇਸ਼ ਤੌਰ ‘ਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ:
ਇਸ ਮੌਕੇ ਸਾਬਕਾ ਸਰਪੰਚ ਦਲੀਪ ਸਿੰਘ ਭੰਬੀਰਾ (ਪਿੰਡ ਭਿੰਡੀ ਸੈਦਾ, ਮੀਤ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਅਤੇ ਸਰਪੰਚ ਗੁਰਮੀਤ ਸਿੰਘ ਪੱਪਾ (ਪਿੰਡ ਭਿੰਡੀ ਔਲਖ), ਡਾ. ਸਵਰਨਜੀਤ ਸਿੰਘ ਸੋੜੀਆ, ਸਰਕਲ ਪ੍ਰਧਾਨ ਗੁਰਦੀਪ ਸਿੰਘ ਅਦਲੀਵਾਲਾ, ਭਗਤ ਸਿੰਘ ਝੰਜੋਟੀ (ਮੈਂਬਰ ਜਨਰਲ ਕੌਂਸਲ), ਮਾਸਟਰ ਕਾਬਲ ਸਿੰਘ ਸੰਧੂ (ਮੈਂਬਰ PAC), ਸਾਬਕਾ ਚੇਅਰਮੈਨ ਜਤਿੰਦਰ ਸਿੰਘ ਕਾਲਾ ਚੌਗਾਵਾ, ਸਰਪੰਚ ਗੁਰਸੇਵਕ ਸਿੰਘ ਗੈਵੀ, ਡਾ. ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ ਵਡਾਲੀ, ਨਛੱਤਰ ਸਿੰਘ ਗਿੱਲ, ਬਲਕਰਨ ਸਿੰਘ ਸੰਧੂ, ਰਾਜਵਿੰਦਰ ਸਿੰਘ ਬਲੱਗਣ, ਨਵਜਿੰਦਰ ਸਿੰਘ ਗਾਂਧੀ, ਰੇਸ਼ਮ ਸਿੰਘ ਕੋਟਲੀ, ਗੁਰਮੀਤ ਸਿੰਘ ਭੱਬਾ, ਜਗਬੀਰ ਸਿੰਘ, ਜਸਵਿੰਦਰ ਸਿੰਘ ਉਮਰਪੁਰਾ, ਪਰਮਜੀਤ ਸਿੰਘ ਡੱਲੇਕੇ, ਤੇਜ ਇਕਬਾਲ ਸਿੰਘ ਮਹਾਰ, ਗੁਰਦੀਪ ਸਿੰਘ ਰਡਾਲਾ, ਡਾ. ਕੇਹਰ ਸਿੰਘ ਬੁੱਟਰ ਰਾਣੀਆ, ਗਿੰਨੂ ਗਿੱਲ ਲੋਪੋਕੇ, ਪ੍ਰਧਾਨ ਅਮਨਦੀਪ ਲਾਰਾ, ਸੰਦੀਪ ਸਿੰਘ ਲੋਪੋਕੇ, ਰਾਜਪਾਲ ਸਿੰਘ, ਸਾਬਕਾ ਸਰਪੰਚ ਜਸਬੀਰ ਸਿੰਘ ਭੱਗੂਪੁਰ, ਸਲਵਿੰਦਰ ਸਿੰਘ ਮੈਨੇਜਰ, ਰਣਜੀਤ ਕੌਰ ਕੋਹਾਲੀ (ਇਸਤਰੀ ਪ੍ਰਧਾਨ), ਵਜਿੰਦਰ ਕੌਰ ਵੇਰਕਾ, ਸੁਖਦੀਪ ਸਿੰਘ ਪੀ.ਏ., ਹਰਮਨਜੀਤ ਸਿੰਘ ਠੱਠੀ, ਪ੍ਰਵੀਨ ਸਿੰਘ ਝੰਜੋਟੀ, ਸਤਨਾਮ ਸਿੰਘ ਨੰਬਰਦਾਰ (ਸਾਬਕਾ ਸਰਪੰਚ ਬੂਆਨੰਗਲੀ), ਮੰਗਲ ਸਿੰਘ (ਸਾਬਕਾ ਸਰਪੰਚ ਜਗਦੇਵ ਕਲਾਂ), ਜੋਗਾ ਸਿੰਘ (ਸਾਬਕਾ ਸਰਪੰਚ ਮੁਗ਼ਲਾਣੀਕੋਟ) ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.