September 23, 2026

Justice News

ਅਵਾਮ ਦੀ ਆਵਾਜ਼

ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ

ਐਡਮਿੰਟਨ, ਕੈਨੇਡਾ ਦੇ ਪ੍ਰਸਿੱਧ ਸਥਾਨ ਮਿਲਵੁੱਡਜ਼ ਹਿੱਲ ਸੈਂਟਰ, 23 ਐਵੇਨਿਊ ਅਤੇ 66 ਸਟਰੀਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਮੇਲਾ ਬੜੀ ਧੂਮਧਾਮ ਅਤੇ ਸੁਚੱਜੇ ਢੰਗ ਨਾਲ ਮਨਾਇਆ ਗਿਆ। ਇਹ ਮੇਲਾ ਪੰਜਾਬੀ ਸੱਭਿਆਚਾਰ, ਰਿਵਾਜਾਂ ਅਤੇ ਪਰੰਪਰਾਵਾਂ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਆਯੋਜਿਤ ਕੀਤਾ ਜਾਂਦਾ ਹੈ।

ਸਮਾਗਮ ਵਿੱਚ ਗਿੱਧਾ, ਬੋਲੀਆਂ, ਸੁਹਾਗ, ਘੋੜੀਆਂ ਅਤੇ ਲੰਬੀ ਹੇਕ ਦੇ ਗੀਤ ਗਾਏ ਗਏ। ਔਰਤਾਂ ਦੇ ਗਿੱਧੇ ਅਤੇ ਪ੍ਰਾਚੀਨ ਗੀਤਾਂ ਦੀਆਂ ਲਚਕਦੀਆਂ-ਮਟਕਦੀਆਂ ਤੋਰਾਂ ਅਤੇ ਮਰਮ-ਸਪਰਸ਼ੀ ਧੁਨਾਂ ਨੇ ਧਰਤੀ ਪੁੱਟ ਦਿੱਤੀ। ਮੁਕੰਮਲ ਪੰਜਾਬ ਦੇ ਸੱਭਿਆਚਾਰ ਨੇ ਕੈਨੇਡਾ ਦੀ ਧਰਤੀ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗ ਦਿੱਤਾ। ਜਿਵੇਂ ਵਾਜਾਂ ਮਾਰਦਾ ਹੋਵੇ ਸਾਡਾ ਸੱਭਿਆਚਾਰ।

ਇਸ ਦਿਨ ਥੋੜ੍ਹੀ ਬਾਰਿਸ਼ ਹੋ ਰਹੀ ਸੀ, ਫਿਰ ਵੀ ਮਹਿਲਾਵਾਂ ਹੁੰਮ-ਹੁਮਾ ਕੇ ਪਹੁੰਚੀਆਂ। ਇਸ ਤੋਂ ਇਲਾਵਾ ਦੌੜਾਂ ਅਤੇ ਮਿਊਜ਼ੀਕਲ ਚੇਅਰ ਮੁਕਾਬਲੇ ਵੀ ਕਰਵਾਏ ਗਏ, ਜੋ ਖਿੱਚ ਦਾ ਕੇਂਦਰ ਬਣੇ ਰਹੇ। ਇਨ੍ਹਾਂ ਵਿੱਚ ਨੌਜਵਾਨ ਲੜਕੀਆਂ ਅਤੇ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਘੋੜੀਆਂ ਗਾਇਨ ਮੁਕਾਬਲੇ ਵਿੱਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ ਅਤੇ ਅਰਸ਼ਦੀਪ ਕੌਰ ਦੂਜੇ ਸਥਾਨ ’ਤੇ ਰਹੀ। ਸੁਹਾਗ ਗਾਇਨ ਵਿੱਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ, ਜਗਜੀਤ ਕੌਰ ਦੂਜੇ ਅਤੇ ਅਰਸ਼ਦੀਪ ਕੌਰ ਤੀਜੇ ਸਥਾਨ ’ਤੇ ਰਹੀ।

ਲੰਬੀ ਹੇਕ ਦੇ ਗੀਤ ਗਾਇਨ ਮੁਕਾਬਲੇ ਵਿੱਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ ਸਥਾਨ ’ਤੇ ਰਹੀ, ਜਦਕਿ ਹਰਭਜਨ ਕੌਰ, ਬਲਵੀਰ ਕੌਰ ਚੀਮਾ ਅਤੇ ਸੁਰਿੰਦਰ ਕੌਰ ਦੂਜੇ ਸਥਾਨ ’ਤੇ ਰਹੀਆਂ। ਗੀਤ ਗਾਇਨ ਵਿੱਚ ਹਰਜਿੰਦਰ ਪਹਿਲੇ ਅਤੇ ਸੁਖਵਿੰਦਰ ਦੂਜੇ ਸਥਾਨ ’ਤੇ ਰਹੀ।

ਦੌੜ ਮੁਕਾਬਲੇ ਵਿੱਚ 30 ਤੋਂ 40 ਸਾਲ ਉਮਰ ਵਰਗ ਵਿੱਚ ਜਸ ਬਰਾੜ ਪਹਿਲੇ, ਹਰਜੋਤ ਦੂਜੇ ਅਤੇ ਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੀ। 60 ਤੋਂ 70 ਸਾਲ ਉਮਰ ਵਰਗ ਵਿੱਚ ਨਰਿੰਦਰ ਚੀਮਾ ਪਹਿਲੇ, ਮਨਜੀਤ ਰੰਧਾਵਾ ਦੂਜੇ ਅਤੇ ਮਨਜੀਤ ਧਨੋਆ ਤੀਜੇ ਸਥਾਨ ’ਤੇ ਰਹੀ। 50 ਤੋਂ 60 ਸਾਲ ਉਮਰ ਵਰਗ ਵਿੱਚ ਜਸਪ੍ਰੀਤ ਪਹਿਲੇ, ਅਰਸ਼ ਦੂਜੇ ਅਤੇ ਸੁਖਵਿੰਦਰ ਕੌਰ ਤੀਜੇ ਸਥਾਨ ’ਤੇ ਰਹੀ।

ਮਿਊਜ਼ੀਕਲ ਚੇਅਰ ਰੇਸ ਵਿੱਚ ਜੋਗਿੰਦਰ ਕੌਰ ਪਹਿਲੇ, ਪਰਮਜੀਤ ਕੌਰ ਦੂਜੇ ਅਤੇ ਨਸੀਬ ਕੌਰ ਤੀਜੇ ਸਥਾਨ ’ਤੇ ਰਹੀਆਂ। ਸਭ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਹੁਤ ਸਾਰੇ ਹੋਰ ਇਨਾਮ ਵੀ ਕੱਢੇ ਗਏ।

ਅੰਤ ਵਿੱਚ ਨਾਮਵਰ ਗਾਇਕ ਸੁਖਵਿੰਦਰ ਸੁੱਖੀ ਨੇ ਦਿਲ-ਖਿੱਚਵੇਂ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ। ਇਸ ਸਮਾਗਮ ਦੀ ਸੂਤਰਧਾਰ ਸੁਰਜੀਤ ਕੌਰ ਧਾਲੀਵਾਲ ਦੀ ਪੁਸਤਕ ‘ਬੋਲੀਆਂ’ ਦਾ ਲੋਕ ਅਰਪਣ ਵੀ ਕੀਤਾ ਗਿਆ।

ਵੇਖਿਆ ਜਾਵੇ ਤਾਂ ਇਹ ਤੀਆਂ ਦਾ ਮੇਲਾ ਮੁਕੰਮਲ ਤੌਰ ’ਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਦਾ ਪ੍ਰਤੱਖ ਪ੍ਰਮਾਣ ਸੀ।

ਬਲਵਿੰਦਰ ਬਾਲਮ, ਗੁਰਦਾਸਪੁਰ
ਐਡਮਿੰਟਨ, ਕੈਨੇਡਾ
98156 25409

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.