September 20, 2026

Justice News

ਅਵਾਮ ਦੀ ਆਵਾਜ਼

ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ ਅੰਦੋਲਨ ਬਣਾਉਣ ਦਾ ਸਮਾਂ: ਇਕਬਾਲ ਸਿੰਘ ਲਾਲਪੁਰਾ

(  ਜਸਟਿਸ ਨਿਊਜ਼ )
ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਦੇਸ਼ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ‘ਪੰਜਾਬ ਨਸ਼ਾ ਮੁਕਤ ਯਾਤਰਾ’ ਦੌਰਾਨ ਅੱਜ ਤੀਜੇ ਦਿਨ ਗੁਰਦਾਸਪੁਰ ਦੇ ਹਨੂਮਾਨ ਚੌਂਕ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਦੌਰਾਨ ਭਾਜਪਾ ਸੰਸਦੀ ਬੋਰਡ ਅਤੇ ਚੋਣ ਕਮੇਟੀ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਨੂੰ ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਦਾ ਸੰਕਲਪ ਦੁਹਰਾਇਆ ਅਤੇ ਨਸ਼ਿਆਂ ਵਿਰੁੱਧ ਫ਼ੈਸਲਾਕੁੰਨ ਲੜਾਈ ਨੂੰ ਲੋਕ ਅੰਦੋਲਨ ਬਣਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਨੂੰ ਆਮ ਲੋਕਾਂ ਵੱਲੋਂ ਆਪਮੁਹਾਰੇ ਮਿਲ ਰਹੇ ਭਰਵੇਂ ਹੁੰਗਾਰੇ ਨੇ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਵਿੱਚ ਇੰਨੀ ਬੁਖਲਾਹਟ ਪੈਦਾ ਕਰ ਦਿੱਤੀ ਹੈ ਕਿ ਉਹ ਇਸ ਨਸ਼ਾ ਵਿਰੋਧੀ ਯਾਤਰਾ ਨੂੰ ਕਾਲੀਆਂ ਝੰਡੀਆਂ ਵਿਖਾਉਣ ਸਮੇਂ ਇਹ ਭੁੱਲ ਗਏ ਕਿ ਇਹ ਕੋਈ ਰਾਜਸੀ ਪ੍ਰੋਗਰਾਮ ਨਹੀਂ, ਸਗੋਂ ਨਸ਼ਿਆਂ ਦੀ ਸਮਾਜਿਕ ਬੁਰਾਈ ਦੇ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਹੈ। ‘ਆਪ’ ਪਾਰਟੀ ਵੱਲੋਂ ਯਾਤਰਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀਆਂ ਹਰਕਤਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਮਾਨ ਸਰਕਾਰ ਨਸ਼ਿਆਂ ਦਾ ਖ਼ਾਤਮਾ ਨਹੀਂ ਚਾਹੁੰਦੀ ਅਤੇ ਨਸ਼ਿਆਂ ਦੇ ਸੌਦਾਗਰਾਂ ਦੇ ਹੱਕ ਵਿੱਚ ਖੜ੍ਹੀ ਹੈ।
ਸ. ਲਾਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਬਾਅਦ ਵੀ ਪੰਜਾਬ ਵਿੱਚ ਨਸ਼ਾ ਗਲੀਆਂ ਤੱਕ ਪਹੁੰਚਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਪਣੇ ਸਪੀਕਰ ਵੱਲੋਂ ਵੀ ਨਸ਼ਾ ਖ਼ਤਮ ਕਰਨ ਵਿੱਚ ਅਸਫ਼ਲਤਾ ਮੰਨਣੀ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ।
ਸ. ਲਾਲਪੁਰਾ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੇ ਘਰ-ਘਰ ਨੂੰ ਪ੍ਰਭਾਵਿਤ ਕੀਤਾ ਹੈ। ਮਾਵਾਂ-ਭੈਣਾਂ ਆਪਣੇ ਪੁੱਤਰਾਂ ਨੂੰ ਨਸ਼ੇ ਤੋਂ ਬਚਾਉਣ ਲਈ ਸਰਕਾਰ ਤੋਂ ਜਵਾਬ ਮੰਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ ਦੇ ਘਰ, ਸਾਮਾਨ ਅਤੇ ਰੋਜ਼ੀ-ਰੋਟੀ ਤੱਕ ਨਸ਼ੇ ਦੀ ਮਾਰ ਹੇਠ ਆ ਗਏ ਹਨ।
ਸ. ਲਾਲਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਨਾਲ-ਨਾਲ ਗੈਂਗਸਟਰਵਾਦ, ਅਪਰਾਧ ਅਤੇ ਵੱਖ-ਵੱਖ ਵਰਗਾਂ ਦੀਆਂ ਸਮੱਸਿਆਵਾਂ ਵੀ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਸੁਰੱਖਿਅਤ, ਨਸ਼ਾ ਮੁਕਤ ਅਤੇ ਵਿਕਸਤ ਬਣਾਉਣ ਲਈ ਡਬਲ ਇੰਜਣ ਸਰਕਾਰ ਦਾ ਸੰਕਲਪ ਲੈ ਕੇ ਅੱਗੇ ਵੱਧ ਰਹੀ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ, ਖ਼ਾਸ ਕਰਕੇ ਮਾਵਾਂ-ਭੈਣਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਹਿੱਸਾ ਬਣਨ ਅਤੇ ਇਸ ਨੂੰ ਇੱਕ ਵਿਆਪਕ ਜਨ ਅੰਦੋਲਨ ਬਣਾਉਣ। ਉਨ੍ਹਾਂ ਕਿਹਾ ਕਿ “ਨਸ਼ਿਆਂ ਵਿਰੁੱਧ ਇਹ ਲੜਾਈ ਸਿਰਫ਼ ਭਾਜਪਾ ਦੀ ਨਹੀਂ, ਪੰਜਾਬ ਦੇ ਹਰ ਪਰਿਵਾਰ ਦੀ ਲੜਾਈ ਹੈ।”
ਇਸ ਮੌਕੇ ਯਾਤਰਾ ਦੇ ਕੋਆਰਡੀਨੇਟਰ ਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਯਾਤਰਾ ਕੇਵਲ ਯਾਤਰਾ ਨਹੀਂ, ਇਹ ਭਵਿੱਖ ਲਈ ਸਮਾਜ ਅਤੇ ਨੌਜਵਾਨਾਂ ਨੂੰ ਬਚਾਉਣ ਦੀ ਮੁਹਿੰਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਨੂੰ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਅਸੀਂ ਕਹਿੰਦੇ ਹਾਂ ਉਹ ਕਰਕੇ ਵਿਖਾਉਂਦੇ ਹਾਂ, ਜਿੱਥੇ ਅਸੰਭਵ ਸਮਝਿਆ ਜਾਂਦਾ ਸੀ ਉੱਥੇ ਵੀ ਭਾਜਪਾ ਸਰਕਾਰ ਨੇ ਸੰਭਵ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਲਈ ਗੰਭੀਰ ਸਮੱਸਿਆ ਹੈ; ਇੱਥੇ ਪੁਰਸ਼ ਹੀ ਨਹੀਂ ਸਗੋਂ ਔਰਤਾਂ ਵੀ ਨਸ਼ਾ ਕਰਨ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜੇਲ੍ਹਾਂ ਸੁਧਾਰ ਕੇਂਦਰ ਬਣਨ ਦੀ ਥਾਂ ਸੱਤਾ ਦੀ ਸਰਪ੍ਰਸਤੀ ਨਾਲ ਨਸ਼ੇ ਦੇ ਵਪਾਰ ਦਾ ਕੇਂਦਰ ਬਣ ਚੁੱਕੀਆਂ ਹਨ।
ਨਸ਼ਾ ਵਿਰੋਧੀ ਯਾਤਰਾ ਨੂੰ ਕਾਲੇ ਝੰਡੇ ਦਿਖਾਉਣ ਵਾਲੇ ਲੋਕਾਂ ਨੂੰ ਉਨ੍ਹਾਂ ਸਵਾਲ ਕੀਤਾ ਕਿ ਤੁਸੀਂ ਨਸ਼ੇ ਦੇ ਕਾਰੋਬਾਰੀਆਂ ਦਾ ਸਾਥ ਕਿਉਂ ਦੇ ਰਹੇ ਹੋ? ਜੇਕਰ ਤੁਸੀਂ ਵਾਕਈ ਨਸ਼ਾ ਵਿਰੋਧੀ ਹੋ ਤਾਂ ਸਾਡੇ ਨਾਲ ਆਓ, ਸਾਡੇ ਨਾਲ ਤੁਰੋ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਵੱਲ ਦੇਖ ਰਹੇ ਹਨ, ਨਸ਼ੇ ਨੂੰ ਜੇ ਕੋਈ ਖ਼ਤਮ ਕਰ ਸਕਦਾ ਹੈ ਤਾਂ ਉਹ ਭਾਜਪਾ ਹੀ ਹੈ। ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਵਿੱਚ ਸਾਥ ਦੇਣ ਅਤੇ ਇਸ ਨੂੰ ਪਿੰਡ-ਪਿੰਡ ਲੈ ਕੇ ਜਾਣ ਦਾ ਸੱਦਾ ਦਿੱਤਾ।
ਭਾਜਪਾ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਸ. ਬਘੇਲ ਸਿੰਘ ਨੇ ਕਿਹਾ ਕਿ ਨਸ਼ੇ ਨੂੰ ਖ਼ਤਮ ਕਰਨ ਲਈ ਇਸ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਚਾਹੇ ਮੁਸ਼ਕਿਲ ਹੈ ਪਰ ਅਸੰਭਵ ਨਹੀਂ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਕਰਨ ਦੀ ਇਹ ਮੋਦੀ ਦੀ ਗਾਰੰਟੀ ਹੈ; ਮੋਦੀ ਦੀ ਗਾਰੰਟੀ ਹੈ ਕਿ ਦੇਸ਼ ਨੂੰ ਨਸ਼ੇ ਦਾ ਗੁਲਾਮ ਨਹੀਂ ਹੋਣ ਦੇਵਾਂਗੇ ਅਤੇ ਇਸ ਨੂੰ ਖ਼ਤਮ ਕਰਕੇ ਹੀ ਸਾਹ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਪੰਜਾਬ ਨੇ ਭਾਰਤ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾਇਆ ਅਤੇ ਸੀਮਾਵਾਂ ਦੀ ਰਾਖੀ ਲਈ ਖ਼ੂਨ ਡੋਲ੍ਹਿਆ, ਅੱਜ ਉਹ ਨਸ਼ਿਆਂ ਵਿੱਚ ਡੁੱਬ ਚੁੱਕਿਆ ਹੈ, ਜੋ ਕਿ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜੋ ਨਾਮ ਦੀ ਖ਼ੁਮਾਰੀ ਵਾਲਾ ਸੀ, ਅੱਜ ਨਸ਼ਿਆਂ ਵੱਲ ਕਿਵੇਂ ਵਧ ਗਿਆ?
ਉਨ੍ਹਾਂ ਆਮ ਆਦਮੀ ਪਾਰਟੀ ਅਤੇ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਨਸ਼ੇ ਨੂੰ ਤਾਂ ਕੀ ਖ਼ਤਮ ਕਰਨਾ ਸੀ, ਸਗੋਂ ਗੈਂਗਸਟਰਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕਰਕੇ ਮੌਕਾ ਦੇ ਰਹੇ ਹਨ। ਉਨ੍ਹਾਂ ਨਸ਼ਾ ਖ਼ਤਮ ਕਰਨ ਦੇ ਲਾਰੇ ਲਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਜਿਸ ਪਾਰਟੀ ਦੀ ਸਰਕਾਰ ਆਪਣੇ ਮੁੱਖ ਮੰਤਰੀ ਨੂੰ ਨਸ਼ਿਆਂ ਤੋਂ ਨਹੀਂ ਬਚਾ ਸਕੀ, ਉਹ ਪੰਜਾਬ ਨੂੰ ਕੀ ਬਚਾਏਗੀ? ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਨਸ਼ਾ ਮੁਕਤੀ ਦਾ ਸੰਕਲਪ ਲਿਆ ਹੈ, ਉਸ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਭਾਜਪਾ ਨਾਲ ਕਦਮ ਨਾਲ ਕਦਮ ਮਿਲਾ ਕੇ ਇਸ ਸੰਤਾਪ ਤੋਂ ਮੁਕਤੀ ਪਾਉਣ ਦਾ ਸੱਦਾ ਦਿੱਤਾ।
ਨਸ਼ਾ ਮੁਕਤ ਯਾਤਰਾ ਟਿੱਬਰ, ਲੱਖ ਦਾਤਾ ਦਰਬਾਰ ਕਾਦੀਆਂ, ਹਰਚੋਵਾਲ, ਸ੍ਰੀ ਹਰਗੋਬਿੰਦ ਪੁਰ , ਅਚਲ ਸਾਹਿਬ ,ਹੁਦਾ ਹੋਇਆ ਸ਼ਾਮ ਨੂੰ ਬਟਾਲਾ ਵਿਖੇ ਵਿਸ਼ਰਾਮ ਕਰੇਗੀ ,
ਇਸ ਮੌਕੇ ਰੈਲੀ ਵਿੱਚ ਪੰਜਾਬ ਭਾਜਪਾ ਦੇ ਸਕੱਤਰ ਸੂਰਜ ਭਾਰਦਵਾਜ, ਅੰਕੁਸ਼ ਮਹਾਜਨ, ਰਾਜੇਸ਼ ਹਨੀ, ਰਿੱਕੀ, ਰੋਹਿਤ ਮਹਾਜਨ ਅਤੇ ਪ੍ਰਵੀਨ ਕੁਮਾਰ ਵੀ ਮੌਜੂਦ ਸਨ।
ਇਕਬਾਲ ਸਿੰਘ ਲਾਲਪੁਰਾ ਅਤੇ ਰਵੀ ਕਾਹਲੋਂ ਨੇ ਨਸ਼ਿਆਂ ਦੀ ਮਾਰ ਝੱਲ ਰਹੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਇਸ ਤੋਂ ਪਹਿਲਾਂ ਸ. ਇਕਬਾਲ ਸਿੰਘ ਲਾਲਪੁਰਾ ਅਤੇ ਇਸ ਯਾਤਰਾ ਦੇ ਕੋਆਰਡੀਨੇਟਰ ਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਨਸ਼ਾ ਪੀੜਤ ਅਤੇ ਇਸ ਦੀ ਮਾਰ ਝੱਲ ਰਹੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪਰਿਵਾਰਾਂ ਦੀ ਦਰਦਭਰੀ ਦਾਸਤਾਨ ਸੁਣਦਿਆਂ ਮਾਹੌਲ ਭਾਵੁਕ ਹੋ ਗਿਆ। ਮਾਵਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਬੋਲਾਂ ਵਿੱਚ ਇੱਕੋ ਪੁਕਾਰ ਸੀ— “ਜੇ ਪੰਜਾਬ ਨੂੰ ਬਚਾ ਸਕਦੇ ਹੋ ਤਾਂ ਬਚਾ ਲਓ।” ਇੱਕ ਦੁਖੀ ਮਾਂ ਨੇ ਆਪਣੀ ਦਰਦਨਾਕ ਵਿਥਿਆ ਸੁਣਾਉਂਦਿਆਂ ਕਿਹਾ ਕਿ “ਮੇਰੇ ਤਿੰਨ ਪੁੱਤਰਾਂ ਵਿੱਚੋਂ ਦੋ ਨਸ਼ੇ ਕਾਰਨ ਮਰ ਚੁੱਕੇ ਹਨ ਅਤੇ ਤੀਜਾ ਮੌਤ ਦੀ ਕਗਾਰ ’ਤੇ ਹੈ।” ਇਹ ਸਿਰਫ਼ ਇੱਕ ਮਾਂ ਦੀ ਪੁਕਾਰ ਨਹੀਂ, ਸਗੋਂ ਅੱਜ ਪੰਜਾਬ ਦੀਆਂ ਅਨੇਕਾਂ ਮਾਵਾਂ ਦੇ ਦਿਲ ਦੀ ਚੀਸ ਬਣ ਚੁੱਕੀ ਹੈ। ਪੀੜਤ ਪਰਿਵਾਰਾਂ ਨੇ ਸਾਫ਼ ਕਿਹਾ ਕਿ “ਸਾਨੂੰ ਮੁਫ਼ਤ ਦੀਆਂ ਸਹੂਲਤਾਂ ਨਹੀਂ ਚਾਹੀਦੀਆਂ, ਸਾਨੂੰ ਆਪਣਾ ਪੰਜਾਬ ਅਤੇ ਆਪਣੇ ਬੱਚੇ ਬਚਾਉਣੇ ਹਨ। ਨਸ਼ਾ ਬੰਦ ਹੋਣਾ ਚਾਹੀਦਾ ਹੈ।”
ਪਰਿਵਾਰਾਂ ਦਾ ਦਰਦ ਸੁਣ ਕੇ ਭਾਵੁਕ ਹੋਏ ਸ. ਲਾਲਪੁਰਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਜਪਾ ਪੰਜਾਬ ਦੇ ਇਨ੍ਹਾਂ ਪਰਿਵਾਰਾਂ ਦੇ ਦਰਦ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸਿਰਫ਼ ਸੜਕਾਂ ’ਤੇ ਚੱਲਣ ਵਾਲੀ ਯਾਤਰਾ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ, ਮਾਵਾਂ ਦੇ ਹੰਝੂ ਪੂੰਝਣ ਅਤੇ ਨਸ਼ਿਆਂ ਵਿਰੁੱਧ ਪੰਜਾਬ ਦੀ ਸਾਂਝੀ ਆਵਾਜ਼ ਨੂੰ ਲੋਕ ਅੰਦੋਲਨ ਵਿੱਚ ਬਦਲਣ ਦਾ ਸੰਕਲਪ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.