ਪੰਜਾਬ ਦੇ ਮੁੱਖ ਮੰਤਰੀ ਦੱਸਣ ਕਿ ਕਿੰਨੇ ਐਲਾਨ ਪੂਰੇ ਹੋਏ : ਸ੍ਰੀ ਨਾਇਬ ਸਿੰਘ ਸੈਣੀ–ਕਿਹਾ, ਭਾਜਪਾ ਪੂਰੇ ਕਰੇਗੀ ਸਰਦਾਰ ਊਧਮ ਸਿੰਘ ਦੇ ਸੁਪਨੇ
–ਪੰਜਾਬ ਦੇ ਸਨੌਰ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ 87ਵੇਂ ਸ਼ਹੀਦੀ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
ਚੰਡੀਗੜ੍ਹ
, (ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਸੂਬੇ ਦੇ ਲੋਕਾਂ ਨੂੰ ਦੱਸਣ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਗਏ 56 ਐਲਾਨਾਂ ਵਿੱਚੋਂ ਕਿੰਨੇ ਪੂਰੇ ਹੋਏ ਹਨ, ਅਗਲੀਆਂ ਚੋਣਾਂ ਹੋਣ ਵਿੱਚ ਮਹਿਜ਼ 4 ਮਹੀਨੇ ਬਾਕੀ ਹਨ, ਕੀ ਉਹ ਸਾਰੇ ਐਲਾਨਾਂ ਨੂੰ ਪੂਰਾ ਕਰ ਦੇਣਗੇ।
ਸ੍ਰੀ ਸੈਣੀ ਅੱਜ ਪੰਜਾਬ ਦੇ ਸਨੌਰ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ 87ਵੇਂ ਸ਼ਹੀਦੀ ਦਿਵਸ ਮੌਕੇ ਆਯੋਜਿਤ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਨਮਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਹੀ ਸ਼ਹੀਦ ਊਧਮ ਸਿੰਘ ਵੱਲੋਂ ਨੌਜਵਾਨਾਂ ਦੇ ਵਿਕਾਸ ਲਈ ਵੇਖੇ ਗਏ ਸੁਪਨਿਆਂ ਨੂੰ ਪੂਰਾ ਕਰ ਸਕਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ‘ਤੇ ਤੰਜ ਕੱਸਦਿਆਂ ਕਿਹਾ ਕਿ ਸਿਰਫ਼ ਨਾਅਰਿਆਂ ਨਾਲ ਨਹੀਂ, ਨੀਅਤ ਨਾਲ ਰਾਜ ਦਾ ਵਿਕਾਸ ਹੁੰਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਐਕਸਾਈਜ਼ ਇੰਸਪੈਕਟਰ ਦੀ ਭਰਤੀ ਵਿੱਚ ਗੜਬੜੀ ਹੋਣ ਦਾ ਦੋਸ਼ ਲਗਾਉਂਦਿਆਂ “ਆਪ ਸਰਕਾਰ” ਨੂੰ ਘੇਰਿਆ ਅਤੇ ਇਸ ਨੂੰ ਪ੍ਰਤਿਭਾਵਾਨ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਕਰਾਰ ਦਿੱਤਾ। ਉਨ੍ਹਾਂ ਪ੍ਰੋਗਰਾਮ ਵਿੱਚ ਇੱਕ ਬੁਲਾਰੇ ਵੱਲੋਂ “ਪੰਜਾਬ ਸਰਕਾਰ ਨੇ 30 ਪ੍ਰਤੀਸ਼ਤ ਚੋਣਾਵੀਂ ਵਾਅਦੇ ਪੂਰੇ ਕੀਤੇ” ਦੇ ਹਵਾਲੇ ਨਾਲ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੱਸਣ ਕਿ ਉਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ ਕੀਤੇ ਗਏ ਕਿੰਨੇ ਵਾਅਦਿਆਂ ਨੂੰ ਪੂਰਾ ਕਰ ਲਿਆ ਹੈ? ਅਤੇ ਕੀ ਬਾਕੀ 4 ਮਹੀਨਿਆਂ ਵਿੱਚ ਬਾਕੀ ਐਲਾਨਾਂ ਨੂੰ ਪੂਰਾ ਕਰ ਦੇਣਗੇ?
ਸ੍ਰੀ ਸੈਣੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਅੱਜ ਵਿਰਾਸਤ ‘ਤੇ ਮਾਣ ਕਰਦਿਆਂ ਹੋਇਆ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਹਰਿਆਣਾ ਵਿੱਚ ਸਾਡੀ ਸਰਕਾਰ ਇਸੇ ਭਾਵਨਾ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੀ ਵਿਧਾਨ ਸਭਾ ਚੋਣ ਵਿੱਚ ਭਾਜਪਾ ਨੇ ਆਪਣੇ ਚੋਣਾਵੀਂ ਸੰਕਲਪ-ਪੱਤਰ ਵਿੱਚ 217 ਸੰਕਲਪ ਲਏ ਸਨ, ਜਿਨ੍ਹਾਂ ਵਿੱਚੋਂ 70 ਸੰਕਲਪ ਤਾਂ ਮਹਿਜ਼ ਡੇਢ ਸਾਲ ਵਿੱਚ ਹੀ ਪੂਰੇ ਕਰ ਦਿੱਤੇ ਹਨ, ਬਾਕੀ ਦੇ 147 ਸੰਕਲਪ ਵੀ ਬਹੁਤ ਜਲਦੀ ਪੂਰੇ ਕਰ ਦਿੱਤੇ ਜਾਣਗੇ।
ਉਨ੍ਹਾਂ ਪੰਜਾਬ ਦੀ ਜਨਤਾ ਨੂੰ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਆਦਰਸ਼ਾਂ ‘ਤੇ ਚੱਲਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਭਾਜਪਾ ਹੀ ਇਕੋ-ਇਕ ਅਜਿਹੀ ਪਾਰਟੀ ਹੈ ਜੋ ਮਹਾਂਪੁਰਖਾਂ ਦਾ ਸਤਿਕਾਰ ਕਰਕੇ ਦੇਸ਼ ਨੂੰ ਵਿਕਸਤ ਅਤੇ ਸੰਸਕਾਰਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਨੌਰ ਨੂੰ ਪਾਵਨ ਧਰਤੀ ਦੱਸਿਆ ਅਤੇ ਕਿਹਾ ਕਿ ਕੁਝ ਧਰਤੀਆਂ ਸਿਰਫ਼ ਇਤਿਹਾਸ ਦਾ ਹਿੱਸਾ ਬਣਦੀਆਂ ਹਨ… ਪਰ ਕੁਝ ਧਰਤੀਆਂ ਇਤਿਹਾਸ ਘੜਦੀਆਂ ਹਨ। ਸਨੌਰ ਅਜਿਹੀ ਹੀ ਪੁੰਨਭੂਮੀ ਹੈ। ਇਹ ਸਿਰਫ਼ ਇੱਕ ਕਸਬਾ ਨਹੀਂ ਹੈ, ਸਿਰਫ਼ ਇੱਕ ਖੇਤਰ ਨਹੀਂ ਹੈ; ਇਹ ਰਾਸ਼ਟਰਭਗਤੀ ਦੀ ਰਾਜਧਾਨੀ ਹੈ। ਇਸ ਧਰਤੀ ਦੀ ਮਿੱਟੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਸਾਨੂੰ ਵਿਰਸੇ ਵਿੱਚ ਨਹੀਂ ਮਿਲੀ, ਸਗੋਂ ਗੁਰੂਆਂ ਦੇ ਤਪ, ਵੀਰਾਂ ਦੇ ਪਰਾਕ੍ਰਮ ਅਤੇ ਸ਼ਹੀਦਾਂ ਦੇ ਬਲਿਦਾਨ ਤੋਂ ਮਿਲੀ ਹੈ।
ਉਨ੍ਹਾਂ ਸਰਦਾਰ ਊਧਮ ਸਿੰਘ ਦੇ ਜੀਵਨ ‘ਤੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਉਨ੍ਹਾਂ ਦੀ ਰਾਸ਼ਟਰਭਗਤੀ ਤੋਂ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਨਾਲ ਸਰਦਾਰ ਊਧਮ ਸਿੰਘ ਨੇ ਜਲ੍ਹਿਆਂਵਾਲਾ ਕਾਂਡ ਦੇ ਦੋਸ਼ੀ ਅੰਗਰੇਜ਼ ਅਫ਼ਸਰ ਡਾਇਰ ਨੂੰ ਲੰਡਨ ਜਾ ਕੇ ਮਾਰਿਆ ਸੀ। ਊਧਮ ਸਿੰਘ ਜੀ ਨੇ ਅੰਗਰੇਜ਼ ਜਨਤਾ ਅਤੇ ਅੰਗਰੇਜ਼ੀ ਸਾਮਰਾਜਵਾਦ ਵਿੱਚ ਫ਼ਰਕ ਕੀਤਾ। ਉਨ੍ਹਾਂ ਦੀ ਲੜਾਈ ਕਿਸੇ ਧਰਮ, ਕਿਸੇ ਜਾਤੀ, ਕਿਸੇ ਦੇਸ਼ ਦੀ ਜਨਤਾ ਨਾਲ ਨਹੀਂ ਸੀ ਸਗੋਂ ਅਨਿਆਂ ਦੇ ਖ਼ਿਲਾਫ਼ ਸੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਲੋਕਾਂ ਵਿੱਚ ਜੋਸ਼ ਭਰਦਿਆਂ ਕਿਹਾ ਕਿ ਇੱਕ ਊਧਮ ਸਿੰਘ ਨੇ ਇੱਕੀ ਸਾਲਾਂ ਤੱਕ ਆਪਣਾ ਸੰਕਲਪ ਨਿਭਾਇਆ ਅਤੇ ਇੱਕ ਸਾਮਰਾਜ ਦੀ ਨੀਂਹ ਹਿਲਾ ਦਿੱਤੀ। ਅੱਜ ਜੇਕਰ ਸਾਢੇ ਤਿੰਨ ਕਰੋੜ ਪੰਜਾਬੀ ਆਪਣੇ ਸੰਕਲਪ ਨਿਭਾ ਲੈਣ, ਤਾਂ ਪੰਜਾਬ ਦੀ ਤਕਦੀਰ ਬਦਲਣ ਤੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਪ੍ਰੋਗਰਾਮ ਦੇ ਆਯੋਜਕ ਸ੍ਰੀ ਹਰਦੀਪ ਸਿੰਘ ਕੰਬੋਜ, ਬਾਬਾ ਬ੍ਰਹਮ ਦਾਸ ਜੀ ਮਹਾਰਾਜ, ਸਵਾਮੀ ਰਾਜੇਸ਼ਵਰਾਨੰਦ ਮਹਾਰਾਜ, ਸੰਤ ਮਹੇਸ਼ ਮੁਨਿ ਜੀ ਮਹਾਰਾਜ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
ਜਲ ਸੰਭਾਲ ਦਾ ਸੁਨੇਹਾ ਦਿੰਦੀ ਪੁਸਤਕ ‘ਇੱਕ ਬੂੰਦ ਸੌ ਸਵਾਲ‘ ਹੋਈ ਰਿਲੀਜ਼-ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਕੀਤਾ ਰਿਲੀਜ਼
( ਜਸਟਿਸ ਨਿਊਜ਼ )
ਹਰਿਆਣਾ ਨਿਵਾਸ ਚੰਡੀਗੜ੍ਹ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਅੱਜ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰਸਿੱਧ ਲੇਖਿਕਾ ਡਾ. ਸ਼ਮੀਮ ਸ਼ਰਮਾ ਅਤੇ ਉਨ੍ਹਾਂ ਦੀ ਬਹੂ ਡਾ. ਸਰਿਤਾ ਸ਼ਰਮਾ ਦੁਆਰਾ ਸਾਂਝੇ ਤੌਰ ‘ਤੇ ਲਿਖੀ ਪੁਸਤਕ ‘ਇੱਕ ਬੂੰਦ ਸੌ ਸਵਾਲ‘ ਨੂੰ ਰਿਲੀਜ਼ ਕੀਤਾ ਅਤੇ ਦੋਵਾਂ ਲੇਖਿਕਾਵਾਂ ਨੂੰ ਇਸ ਅਨੌਖੀ ਰਚਨਾ ਲਈ ਵਧਾਈ ਦਿੱਤੀ।
ਡਾ. ਅਗਰਵਾਲ ਨੇ ਪੁਸਤਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਵਿੱਚ ਪਾਣੀ ਦੇ ਸਾਰੇ ਪੱਖਾਂ ਜਿਵੇਂ ਕਿ ਇਤਿਹਾਸਕ, ਸਾਹਿਤਕ, ਸੱਭਿਆਚਾਰਕ ਅਤੇ ਵਾਤਾਵਰਣ ਨੂੰ ਬੇਹੱਦ ਸਰਲ ਅਤੇ ਸੁੰਦਰ ਸ਼ੈਲੀ ਵਿੱਚ ਪਰੋਇਆ ਗਿਆ ਹੈ। ਇਹ ਪੁਸਤਕ ਹਰ ਉਮਰ ਵਰਗ ਲਈ ਬਹੁਤ ਪੜ੍ਹਨਯੋਗ ਅਤੇ ਲਾਭਦਾਇਕ ਹੈ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਤੋਂ ਪ੍ਰੇਰਨਾ ਲੈਂਦਿਆਂ ਉਨ੍ਹਾਂ ਨੇ ਹਾਲ ਹੀ ਵਿੱਚ ਉਦਯੋਗ ਵਿਭਾਗ ਦੀ ਮੀਟਿੰਗ ਵਿੱਚ ਇੱਕ ਅਹਿਮ ਫ਼ੈਸਲਾ ਲਿਆ ਹੈ। ਹੁਣ ਰਾਜ ਵਿੱਚ ਕਿਸੇ ਵੀ ਨਵੇਂ ਇੰਡਸਟਰੀਅਲ ਪ੍ਰੋਜੈਕਟ ਜਾਂ ਪਾਰਕ ਦੀ ਮਨਜ਼ੂਰੀ ਤੋਂ ਪਹਿਲਾਂ ਪਾਣੀ ਦੀ ਉਪਲਬਧਤਾ ਅਤੇ ਇਸ ਦੀ ਵਿਹਾਰਕਤਾ ਦਾ ਜਾਇਜ਼ਾ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਉਦਯੋਗਿਕ ਇਕਾਈਆਂ ਲਈ ਪਾਣੀ ਦੀ ਸੰਭਾਲ ਜ਼ਰੂਰੀ ਹੈ, ਤਾਂ ਜੋ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਹਰਿਆਣਾ ਇੱਕ ਅਰਧ-ਖੁਸ਼ਕ ਸੂਬਾ ਹੈ, ਜਿੱਥੇ ਪਾਣੀ ਦਾ ਹਮੇਸ਼ਾ ਤੋਂ ਸੱਭਿਆਚਾਰਕ ਅਤੇ ਵਿਗਿਆਨਕ ਮਹੱਤਵ ਰਿਹਾ ਹੈ। ਸਾਡੀਆਂ ਪੁਰਾਣੀਆਂ ਪਰੰਪਰਾਵਾਂ (ਜਿਵੇਂ ਖੂਹ-ਪੂਜਾ) ਅਤੇ ਸਫ਼ਾਈ ਦੇ ਨਿਯਮਾਂ ਨੂੰ ਧਰਮ ਨਾਲ ਇਸ ਲਈ ਜੋੜਿਆ ਗਿਆ ਸੀ ਤਾਂ ਜੋ ਲੋਕ ਪਾਣੀ ਨੂੰ ਦੂਸ਼ਿਤ ਨਾ ਕਰਨ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ।
ਡਾ. ਅਗਰਵਾਲ ਨੇ ਕਿਹਾ ਕਿ ਅੱਜ ਨੌਜਵਾਨਾਂ ਦੀ ਭਾਸ਼ਾ ਵਿੱਚ ਇੱਕ ਖਲਾਅ ਆ ਗਿਆ ਹੈ। ਆਪਣੀ ਮਾਂ-ਬੋਲੀ ਪ੍ਰਤੀ ਮਾਣ ਦਾ ਅਹਿਸਾਸ ਹੋਣਾ ਬੇਹੱਦ ਜ਼ਰੂਰੀ ਹੈ। ਹਿੰਦੀ ਦੇਸ਼ ਨੂੰ ਜੋੜਨ ਵਾਲੀ ਪ੍ਰਮੁੱਖ ਭਾਸ਼ਾ ਹੈ ਅਤੇ ਇਸ ਨੂੰ ਸੰਭਾਲਣ ਲਈ ‘ਇੱਕ ਬੂੰਦ ਸੌ ਸਵਾਲ‘ ਵਰਗੀਆਂ ਸਰਲ, ਮਿਆਰੀ ਅਤੇ ਵਿਹਾਰਕ ਪੁਸਤਕਾਂ ਵੱਧ ਤੋਂ ਵੱਧ ਤਿਆਰ ਹੋਣੀਆਂ ਚਾਹੀਦੀਆਂ ਹਨ।
ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦੈਨਿਕ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਨਰੇਸ਼ ਕੌਸ਼ਲ ਨੇ ਕਿਹਾ ਕਿ ਸਾਹਿਤ ਸਿਰਫ਼ ਪ੍ਰਗਟਾਵਾ ਨਹੀਂ, ਸਗੋਂ ਸਮਾਜਿਕ ਤਬਦੀਲੀ ਦਾ ਸਾਧਨ ਹੈ। ਕਹਾਣੀ, ਕਵਿਤਾ, ਵਿਅੰਗ, ਸਵੈ-ਜੀਵਨੀ, ਇਸਤਰੀ ਵਿਮਰਸ਼ ਅਤੇ ਹਰਿਆਣਵੀ ਹਾਸ ਸਾਹਿਤ ਦੀ ਹਰ ਵਿਧਾ ਵਿੱਚ ਡਾ. ਸ਼ਮੀਮ ਨੇ ਆਪਣੀ ਖ਼ਾਸ ਪਛਾਣ ਬਣਾਈ ਹੈ। ਉਨ੍ਹਾਂ ਦੀ ਕਲਮ ਨੇ ਨਾਰੀ ਅਸਮਿਤਤਾ, ਭਰੂਣ ਹੱਤਿਆ, ਸਮਾਜਿਕ ਕੁਰੀਤੀਆਂ, ਪੇਂਡੂ ਜੀਵਨ, ਪਰਿਵਾਰਕ ਰਿਸ਼ਤਿਆਂ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਹੁਤ ਸਹਿਜ ਪਰ ਪ੍ਰਭਾਵਸ਼ਾਲੀ ਸੁਰ ਦਿੱਤੀ ਹੈ। ਹਰਿਆਣਵੀ ਭਾਸ਼ਾ ਨੂੰ ਸਾਹਿਤਕ ਮਾਣ ਦੇਣ ਵਿੱਚ ਉਨ੍ਹਾਂ ਦਾ ਯੋਗਦਾਨ ਖ਼ਾਸ ਤੌਰ ‘ਤੇ ਜ਼ਿਕਰਯੋਗ ਹੈ। ਇਸ ਪ੍ਰੋਗਰਾਮ ਵਿੱਚ ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ, ਪੰਚਕੂਲਾ ਦੇ ਉਰਦੂ ਸੈੱਲ ਦੇ ਨਿਰਦੇਸ਼ਕ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਅਤੇ ਦੋਵਾਂ ਲੇਖਿਕਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਜਲ ਵਰਗੇ ਵਿਸ਼ੇ ‘ਤੇ ਪੁਸਤਕ ਲਿਖਣ ਦਾ ਕਾਰਜ ਕੀਤਾ ਹੈ, ਜੋ ਕਿ ਸ਼ਲਾਘਾਯੋਗ ਹੈ। ਸਾਨੂੰ ਸਾਰਿਆਂ ਨੂੰ ਪਾਣੀ ਬਚਾਉਣ ‘ਤੇ ਖ਼ਾਸ ਧਿਆਨ ਦੇਣਾ ਹੋਵੇਗਾ। ਇਸ ਮੌਕੇ ਪੁਸਤਕ ਦੀ ਲੇਖਿਕਾ ਡਾ. ਸ਼ਮੀਮ ਸ਼ਰਮਾ ਨੇ ਕਿਹਾ ਕਿ ਪੁਸਤਕ ਵਿੱਚ ਜਲ ਸੰਭਾਲ ਨਾਲ ਜੁੜੇ 49 ਅਧਿਆਇ ਹਨ। ਪਾਣੀ ਬਚਾਉਣਾ ਅੱਜ ਦੀ ਲੋੜ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੁਸਤਕ ਦੀ ਰਚਨਾ ਕੀਤੀ ਗਈ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹਾਦਤ ਦਿਵਸ ‘ਤੇ ਕੀਤਾ ਨਮਨ
ਚੰਡੀਗੜ੍ਹ,
( ਜਸਟਿਸ ਨਿਊਜ਼)
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਾਨ ਸੁਤੰਤਰਤਾ ਸੈਨਾਨੀ ਅਤੇ ਅਦੁੱਤੀ ਸਾਹਸ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ ਜੀ ਦੇ ਸ਼ਹਾਦਤ ਦਿਵਸ ‘ਤੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਨਮਨ ਕੀਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਸਰਕਾਰੀ ਰਿਹਾਇਸ਼ ਇੱਥੇ ਸੰਤ ਕਬੀਰ ਕੁਟੀਰ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਚਿੱਤਰ ‘ਤੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦਾ ਅਦੁੱਤੀ ਸਾਹਸ, ਅਟੁੱਟ ਦੇਸ਼ ਭਗਤੀ ਅਤੇ ਮਾਤ ਭੂਮੀ ਦੇ ਸਵੈਮਾਨ ਲਈ ਦਿੱਤਾ ਗਿਆ ਸਰਵਉੱਚ ਬਲਿਦਾਨ ਭਾਰਤੀ ਇਤਿਹਾਸ ਦੇ ਸੁਨਹਿਰੀ ਅਖ਼ਰਾਂ ਵਿੱਚ ਦਰਜ ਇੱਕ ਅਮਰ ਅਧਿਆਇ ਹੈ।
ਸ਼ਹੀਦ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਰਾਸ਼ਟਰ ਉਨ੍ਹਾਂ ਦੀ ਬਹਾਦਰੀ, ਸਮਰਪਣ ਅਤੇ ਮਹਾਨ ਤਿਆਗ ਦਾ ਸਦਾ ਰਿਣੀ ਰਹੇਗਾ। ਜਲ੍ਹਿਆਂਵਾਲਾ ਬਾਗ ਕਾਂਡ ਦੇ ਇਨਸਾਫ਼ ਲਈ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਸੰਕਲਪ ਅਤੇ ਧੀਰਜ ਦਿਖਾਇਆ, ਉਹ ਅਤੁਲਨੀਯ ਹੈ।”
ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦਾ ਜੀਵਨ ਚਰਿੱਤਰ ਅਤੇ ਉਨ੍ਹਾਂ ਦੇ ਵਿਚਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਦੇਸ਼ ਭਗਤੀ, ਤਿਆਗ ਅਤੇ ਰਾਸ਼ਟਰ ਸੇਵਾ ਦੇ ਮਾਰਗ ‘ਤੇ ਅੱਗੇ ਵਧਣ ਲਈ ਪ੍ਰਰੇਤਿ ਕਰਦੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਅਜਿਹੇ ਮਹਾਨ ਕ੍ਰਾਂਤੀਕਾਰੀਆਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਦੇਸ਼ ਅਤੇ ਸੂਬੇ ਦੀ ਉੱਨਤੀ ਲਈ ਕਾਰਜ ਕਰਨਾ ਚਾਹੀਦਾ ਹੈ।
ਹਰਿਆਣਾ ਦੀ ਧੀ ਸੀਮਾ ਸਾਂਗਵਾਨ ਵੱਲੋਂ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਿੱਤੀ ਵਧਾਈ ਅਤੇ ਸ਼ੁਭਕਾਮਨਾਵਾਂ
ਚੰਡੀਗੜ੍ਹ
( ਜਸਟਿਸ ਨਿਊਜ਼ )
ਭਿਵਾਨੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਅੰਤਰਰਾਸ਼ਟਰੀ ਮੰਚ ਤੱਕ ਪਹੁੰਚੀ ਮਹਿਲਾ ਅਥਲੀਟ ਸੀਮਾ ਸਾਂਗਵਾਨ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ ਅਤੇ ਦੇਸ਼ ਦੀ ਝੋਲੀ ਵਿੱਚ ਇੱਕ ਹੋਰ ਤਗਮਾ ਪਾਇਆ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੀਮਾ ਸਾਂਗਵਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੀਮਾ ਨੇ ਆਪਣੀ ਸਖ਼ਤ ਮਿਹਨਤ, ਸਮਰਪਣ ਅਤੇ ਸ਼ਾਨਦਾਰ ਖੇਡ ਭਾਵਨਾ ਨਾਲ ਡਿਸਕਸ ਥਰੋਅ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਅਤੇ ਸੂਬੇ ਦਾ ਮਾਣ ਵਧਾਇਆ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੀਮਾ ਦੀ ਇਹ ਇਤਿਹਾਸਕ ਸਫ਼ਲਤਾ ਨਾ ਸਿਰਫ਼ ਹਰਿਆਣਾ ਲਈ ਬਲਕਿ ਪੂਰੇ ਭਾਰਤ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਸੂਬੇ ਦੀਆਂ ਹੋਰ ਨੌਜਵਾਨ ਮਹਿਲਾ ਖਿਡਾਰਨਾਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕਰੇਗੀ।
ਮੁੱਖ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਹਰਿਆਣਾ ਸਰਕਾਰ ਲਗਾਤਾਰ ਖਿਡਾਰੀਆਂ ਨੂੰ ਉਤਸ਼ਾਹ ਅਤੇ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਅੱਜ ਹਰਿਆਣਾ ਦੇ ਨੌਜਵਾਨ ਹਰ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਦੇਸ਼ ਦਾ ਝੰਡਾ ਬੁਲੰਦ ਕਰ ਰਹੇ ਹਨ, ਜਿਸ ਦਾ ਸਿਹਰਾ ਖਿਡਾਰੀਆਂ ਦੀ ਅਥੱਕ ਮਿਹਨਤ ਅਤੇ ਰਾਜ ਸਰਕਾਰ ਦੀ ਖੇਡ-ਪੱਖੀ ਨੀਤੀਆਂ ਨੂੰ ਜਾਂਦਾ ਹੈ।
Leave a Reply