September 20, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ‘ਚ ਏਐਸਆਈ ਹਰਜੀਤ ਸਿੰਘ ਦੇ ਹੱਤਿਆਕਾਂਡ ‘ਚ ਵੱਡੀ ਸਫ਼ਲਤਾ: ਪੁਲਿਸ ਮੁਕਾਬਲੇ ‘ਚ ਮੁੱਖ ਸ਼ੂਟਰ ਦੀਪਕ ਢੇਰ, ਬੁਲੇਟਪ੍ਰੂਫ਼ ਜੈਕੇਟ ਨੇ ਬਚਾਈ CIA ਜਵਾਨ ਦੀ ਜਾਨ

ਅੰਮ੍ਰਿਤਸਰ, 
(ਰਣਜੀਤ ਸਿੰਘ ਮਸੌਣ/ ਰਾਘਵ/ ਸੁਰਿੰਦਰ/ ਜੋਗਾ ਸਿੰਘ) –
ਗੁਰੂ ਨਗਰੀ ਅੰਮ੍ਰਿਤਸਰ ਦੀ ਭਗਤਾਂਵਾਲਾ ਅਨਾਜ ਮੰਡੀ (ਦਾਣਾ ਮੰਡੀ) ਵਿਖੇ ਤਾਇਨਾਤ ਅਸਿਸਟੈਂਟ ਸਬ ਇੰਸਪੈਕਟਰ ਏਐਸਆਈ ਹਰਜੀਤ ਸਿੰਘ (ਨੰਬਰ 1599/ASR ਸਿਟੀ) ਦੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਹੋਏ ਸਨਸਨੀਖੇਜ਼ ਕਤਲ ਕੇਸ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨਾਲ ਹੋਏ ਇੱਕ ਤਿੱਖੇ ਮੁਕਾਬਲੇ (ਐਨਕਾਊਂਟਰ) ਦੌਰਾਨ ਵਾਰਦਾਤ ‘ਚ ਸ਼ਾਮਲ ਮੁੱਖ ਸ਼ੂਟਰ ਦੀਪਕ ਸਿੰਘ (ਵਾਸੀ ਪਿੰਡ ਮੂਲੇਚੱਕ) ਮਾਰਿਆ ਗਿਆ, ਜਦਕਿ ਉਸ ਦਾ ਦੂਜਾ ਸਾਥੀ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਮੌਕੇ ਤੋਂ ਫ਼ਰਾਰ ਹੋਣ ‘ਚ ਕਾਮਯਾਬ ਹੋ ਗਿਆ।

 

ਸੂਚਨਾ ਤੋਂ ਬਾਅਦ ਘੇਰਾਬੰਦੀ: ਪਾਕਿਸਤਾਨੀ ਤਾਰਾਂ ਦਾ ਖ਼ਦਸ਼ਾ

 
ਪੁਲਿਸ ਕਮਿਸ਼ਨਰ ਸ. ਹਰਮਨਬੀਰ ਸਿੰਘ ਗਿੱਲ ਨੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ. ਹਰਜੀਤ ਸਿੰਘ ਦੀ ਸ਼ਹਾਦਤ ਤੋਂ ਤੁਰੰਤ ਬਾਅਦ ਕਮਿਸ਼ਨਰੇਟ ਪੁਲਿਸ, ਹਿਊਮਨ ਇੰਟੈਲੀਜੈਂਸ, ਆਈ.ਟੀ. ਟੀਮਾਂ, ਟਾਵਰ ਡੰਪ ਵਿਸ਼ਲੇਸ਼ਣ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਪੈੜ ਨੱਪ ਰਹੀ ਸੀ।
  ਜਾਂਚ ਦੌਰਾਨ ਪੁਖ਼ਤਾ ਇਨਪੁਟਸ ਮਿਲੇ ਸਨ ਕਿ ਇਹ ਸ਼ੂਟਰ ਇਲਾਕੇ ‘ਚ ਹੀ ਘੁੰਮ ਰਹੇ ਹਨ ਅਤੇ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਹਨ। ਪੁਲਿਸ ਅਨੁਸਾਰ ਪ੍ਰਾਰਥਮਿਕ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੇ ਤਾਰ ਸਰਹੱਦ ਪਾਰ ਗੁਆਂਢੀ ਮੁਲਕ ਪਾਕਿਸਤਾਨ ਨਾਲ ਵੀ ਜੁੜੇ ਹੋ ਸਕਦੇ ਹਨ।

 

ਨਾਕੇ ‘ਤੇ ਫਾਇਰਿੰਗ: ਬੁਲੇਟਪ੍ਰੂਫ਼ ਜੈਕੇਟ ਨੇ ਬਚਾਈ ਸੀ.ਆਈ.ਏ. ਜਵਾਨ ਦੀ ਜਾਨ

 
 
ਪੁਲਿਸ ਅਨੁਸਾਰ ਸ਼ਨੀਵਾਰ ਰਾਤ ਲਗਭਗ 9:45 ਵਜੇ ਥਾਂਦੇ ਰੋਡ ਅਤੇ ਇਸਲਾਮਾਬਾਦ ਇਲਾਕੇ ‘ਚ ਕੀਤੀ ਗਈ ਸਖ਼ਤ ਨਾਕਾਬੰਦੀ ਦੌਰਾਨ ਇੱਕ ਸਕੂਟਰ ‘ਤੇ ਆ ਰਹੇ ਦੋ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਰੁਕਣ ਦੀ ਬਜਾਏ ਸ਼ੂਟਰਾਂ ਨੇ ਪੁਲਿਸ ਟੀਮ ‘ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਦੂਜੇ ਚੈੱਕਪੁਆਇੰਟ ਵੱਲ ਭੱਜ ਨਿਕਲੇ।
 ਅਗਲੇ ਨਾਕੇ ‘ਤੇ ਵੀ ਮੁਲਜ਼ਮਾਂ ਨੇ ਪੁਲਿਸ ਪਾਰਟੀ ‘ਤੇ ਤਾਬੜਤੋੜ 4 ਰਾਊਂਡ ਫਾਇਰ ਕੀਤੇ। ਇਸ ਦੌਰਾਨ ਇੱਕ ਗੋਲੀ ਸੀ.ਆਈ.ਏ. (CIA) ਦੇ ਜਵਾਨ ਦੀ ਛਾਤੀ ‘ਤੇ ਜਾ ਲੱਗੀ, ਪਰ ਬੁਲੇਟਪ੍ਰੂਫ਼ ਜੈਕੇਟ ਪਾਈ ਹੋਣ ਕਰਕੇ ਉਸ ਦੀ ਜਾਨ ਬਾਲ-ਬਾਲ ਬਚ ਗਈ। ਦੋ ਗੋਲੀਆਂ ਪੁਲਿਸ ਦੀ ਸਰਕਾਰੀ ਗੱਡੀ ‘ਤੇ ਲੱਗੀਆਂ ਅਤੇ ਇੱਕ ਗੋਲੀ ਕੋਲੋਂ ਲੰਘ ਗਈ।

 

ਜਵਾਬੀ ਕਾਰਵਾਈ ‘ਚ ਸ਼ੂਟਰ ਢੇਰ, ਫ਼ਰਾਰ ਦੀ ਭਾਲ ‘ਚ ‘ਕੋਂਬਿੰਗ ਆਪ੍ਰੇਸ਼ਨ’

 
ਪੁਲਿਸ ਵੱਲੋਂ ਆਤਮ-ਰੱਖਿਆ (ਸੈਲਫ਼ ਡਿਫ਼ੈਂਸ) ਵਿੱਚ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਦੀਪਕ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ (ਬ੍ਰਾਟ ਡੈੱਡ)।

 

ਪੁਲਿਸ ਨੇ ਮੌਕੇ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਇੱਕ .30 ਬੋਰ ਦਾ ਪਿਸਤੌਲ, 8 ਜ਼ਿੰਦਾ ਕਾਰਤੂਸਾਂ ਨਾਲ ਭਰੀਆਂ ਦੋ ਮੈਗਜ਼ੀਨਾਂ, ਇੱਕ ਮੋਬਾਈਲ ਫ਼ੋਨ ਅਤੇ ਸਕੂਟਰ ਬਰਾਮਦ ਕੀਤਾ ਹੈ। ਮੌਕੇ ਤੋਂ ਫ਼ਰਾਰ ਹੋਏ ਦੂਜੇ ਸ਼ੂਟਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪੂਰੇ ਇਲਾਕੇ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਅਭਿਆਨ (‘ਕੋਂਬਿੰਗ ਆਪ੍ਰੇਸ਼ਨ’) ਚਲਾਇਆ ਜਾ ਰਿਹਾ ਹੈ।
ਇਸ ਮੌਕੇ ਡੀ.ਸੀ.ਪੀ. (ਜਾਂਚ) ਸ. ਪ੍ਰਭਜੋਤ ਸਿੰਘ, ਸ. ਜੁਗਰਾਜ ਸਿੰਘ ਕਲੇਰ, ਸ. ਜਸਕਰਨ ਸਿੰਘ ਤੇਜਾ ਸਮੇਤ ਹੋਰ ਉੱਚ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਦੂਜੇ ਦੋਸ਼ੀ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਬਾਕਸ
ਦੀਪਕ ਸਿੰਘ ਦੇ ਮੁਕਾਬਲੇ (ਐਨਕਾਊਂਟਰ) ਤੋਂ ਬਾਅਦ ਪੁਲਿਸ ਦੇ ਦਾਅਵਿਆਂ ‘ਤੇ ਪਰਿਵਾਰ ਨੇ ਚੁੱਕੇ ਗੰਭੀਰ ਸਵਾਲ; ਪਾਕਿਸਤਾਨੀ ਲਿੰਕ ਅਤੇ ਸਕੂਟੀ ਬਰਾਮਦਗੀ ਦਾ ਕੀਤਾ ਖੰਡਨ 
ਦੀਪਕ ਸਿੰਘ ਦੇ ਹੋਏ ਪੁਲਿਸ ਮੁਕਾਬਲੇ (ਐਨਕਾਊਂਟਰ) ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਜਿੱਥੇ ਇੱਕ ਪਾਸੇ ਪੁਲਿਸ ਵੱਲੋਂ ਦੀਪਕ ਸਿੰਘ ਨੂੰ ਐਨਡੀਪੀਸੀ ਐਕਟ ਤਹਿਤ ਮਾਮਲਿਆਂ ਵਿੱਚ ਸ਼ਾਮਲ ਦੱਸਦਿਆਂ ਉਸ ਦੇ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਲਿੰਕ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦੀਪਕ ਦੇ ਪਰਿਵਾਰ ਨੇ ਪੱਤਰਕਾਰਾਂ ਅੱਗੇ ਆ ਕੇ ਪੁਲਿਸ ਦੀ ਪੂਰੀ ਕਾਰਵਾਈ ਅਤੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਪਰਿਵਾਰ ਦਾ ਪੁਲਿਸ ਕਾਰਵਾਈ ‘ਤੇ ਵੱਡਾ ਖੁਲਾਸਾ:

 
  1. ਸਕੂਟੀ ਦੀ ਬਰਾਮਦਗੀ ‘ਤੇ ਸਵਾਲ: ਦੀਪਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਸਕੂਟੀ ਨੂੰ ਪੁਲਿਸ ਵੱਲੋਂ ਮੌਕੇ ਤੋਂ ਬਰਾਮਦ ਜਾਂ ਜ਼ਬਤ ਦਿਖਾਇਆ ਜਾ ਰਿਹਾ ਹੈ, ਉਹ ਉਨ੍ਹਾਂ ਦੇ ਘਰ ਦੀ ਵੱਖਰੀ ਸਕੂਟੀ ਹੈ। ਉਨ੍ਹਾਂ ਮੁਤਾਬਕ ਪੁਲਿਸ ਕਰਮਚਾਰੀ ਖ਼ੁਦ ਉਨ੍ਹਾਂ ਦੇ ਘਰੋਂ ਇਹ ਸਕੂਟੀ ਲੈ ਕੇ ਗਏ ਸਨ ਅਤੇ ਇਸ ਸਕੂਟੀ ਦੇ ਸਾਰੇ ਅਸਲ ਕਾਗਜ਼ਾਤ ਹਾਲੇ ਵੀ ਪਰਿਵਾਰ ਕੋਲ ਮੌਜੂਦ ਹਨ।
  2. ਪਾਕਿਸਤਾਨੀ ਸਬੰਧਾਂ ਤੋਂ ਸਾਫ਼ ਇਨਕਾਰ: ਪੁਲਿਸ ਵੱਲੋਂ ਦੀਪਕ ਦੇ ਪਾਕਿਸਤਾਨੀ ਤਸਕਰਾਂ ਨਾਲ ਲਿੰਕ ਹੋਣ ਦੇ ਲਗਾਏ ਜਾ ਰਹੇ ਦੋਸ਼ਾਂ ‘ਤੇ ਬੋਲਦਿਆਂ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਗਤੀਵਿਧੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਦੀਪਕ ਦਾ ਅਜਿਹਾ ਕੋਈ ਸਬੰਧ ਸੀ।
  3. ਪੁਲਿਸ ਦੀ ਰੇਡ ਅਤੇ ਪਰਿਵਾਰ ਨੂੰ ਚੁੱਕਣ ਦੇ ਦੋਸ਼: ਦੀਪਕ ਦੀ ਮਾਤਾ ਅਤੇ ਪਿਤਾ ਨੇ ਦੱਸਿਆ ਕਿ ਪੁਲਿਸ ਪਿਛਲੇ 2-3 ਦਿਨਾਂ ਤੋਂ ਲਗਾਤਾਰ ਉਨ੍ਹਾਂ ਦੇ ਘਰ ਆ ਕੇ ਤਲਾਸ਼ੀ ਲੈਂਦੀ ਰਹੀ ਹੈ। ਪਰਿਵਾਰ ਅਨੁਸਾਰ ਪੁਲਿਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਘਰੋਂ ਚੁੱਕ ਲਿਆ ਸੀ ਅਤੇ ਬਾਅਦ ਵਿੱਚ ਪਿੱਛੋਂ ਘਰ ਦੀ ਮੁੜ ਤਲਾਸ਼ੀ ਲਈ ਗਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਦੀਪਕ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ।
  4. ਨਸ਼ੇ ਦੀ ਆਦਤ ਅਤੇ ਆਰਥਿਕ ਹਾਲਤ: ਪਰਿਵਾਰ ਨੇ ਖੁੱਲ੍ਹ ਕੇ ਦੱਸਿਆ ਕਿ ਦੀਪਕ ਪਿਛਲੇ ਸਾਲ 27 ਸਤੰਬਰ ਨੂੰ ਜੇਲ੍ਹ ਗਿਆ ਸੀ ਅਤੇ ਲਗਭਗ 7 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ 6ਵੇਂ ਮਹੀਨੇ ਜ਼ਮਾਨਤ ‘ਤੇ ਬਾਹਰ ਆਇਆ ਸੀ। ਜੇਲ੍ਹ ਤੋਂ ਆਉਣ ਤੋਂ ਬਾਅਦ ਉਹ ਨਸ਼ਾ ਛੱਡ ਕੇ ਸੁਧਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਿਵਾਰ ਮੁਤਾਬਕ, ਦੀਪਕ ਦੀ ਨਸ਼ੇ ਦੀ ਆਦਤ ਦੇ ਇਲਾਜ ਅਤੇ ਖਰਚਿਆਂ ਲਈ ਉਨ੍ਹਾਂ ਨੂੰ ਆਪਣੇ ਘਰ ਨੂੰ ਸਾਢੇ 3 ਲੱਖ ਰੁਪਏ ਵਿੱਚ ਗਿਰਵੀ ਰੱਖਣਾ ਪਿਆ।

ਮਾਮਲੇ ਦੀ ਗੰਭੀਰਤਾ:

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਣਾਏ ਗਏ ਮਾਮਲੇ ਅਤੇ ਪਾਕਿਸਤਾਨੀ ਰੈਕੇਟ ਨਾਲ ਜੋੜਨ ਦੀਆਂ ਗੱਲਾਂ ਝੂਠੀਆਂ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਵੱਲੋਂ ਚੁੱਕੇ ਗਏ ਇਹਨਾਂ ਗੰਭੀਰ ਸਵਾਲਾਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਸਪੱਸ਼ਟੀਕਰਨ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.