ਲੁਧਿਆਣਾ,
( ਜਸਟਿਸ ਨਿਊਜ਼ )
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਨਗਰ ਨਿਗਮ ਤੋਂ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਬ੍ਰਾਂਚਾਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਸਬੰਧੀ ਇੱਕ ‘ਵਾਈਟ ਪੇਪਰ’ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸ਼ਹਿਰ ਦੀਆਂ ਨਾਗਰਿਕ ਸਹੂਲਤਾਂ ਦੀ ਬਦਹਾਲੀ ਲਈ ਨਗਰ ਨਿਗਮ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਹਰ ਸਾਲ ਲੋਕਾਂ ਤੋਂ ਕਈ ਤਰ੍ਹਾਂ ਦੇ ਟੈਕਸ ਇਕੱਠੇ ਕਰਨ ਅਤੇ ਹੋਰ ਸਰੋਤਾਂ ਤੋਂ ਫੰਡ ਪ੍ਰਾਪਤ ਮਿਲਣ ਦੇ ਬਾਵਜੂਦ ਨਿਗਮ ਹਰ ਮੋਰਚੇ ‘ਤੇ ਬੁਰੀ ਤਰ੍ਹਾਂ ਨਾਕਾਮ ਰਹੀ ਹੈ।
ਦੀਵਾਨ ਨੇ ਕਿਹਾ ਕਿ ਬੀਤੇ ਦਿਨ ਹੋਈ ਬਾਰਿਸ਼ ਤੋਂ ਬਾਅਦ ਸ਼ਹਿਰ ਵਿੱਚ ਪੈਦਾ ਹੋਏ ਹਾਲਾਤਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ਦੀ ਅਸਲ ਤਸਵੀਰ ਸਾਹਮਣੇ ਲਿਆ ਦਿੱਤੀ ਹੈ। ਇਸਨੇ ਨਾ ਸਿਰਫ਼ ਅਧਿਕਾਰੀਆਂ ਦੀ ਜਵਾਬਦੇਹੀ, ਸਗੋਂ ਫੰਡਾਂ ਦੀ ਵਰਤੋਂ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਦੌਰਾਨ ਟੁੱਟੀਆਂ ਸੜਕਾਂ, ਮਾੜੀ ਸਫ਼ਾਈ, ਰੈਗੂਲਰ ਪਾਣੀ ਦੀ ਸਪਲਾਈ ਨਾ ਹੋਣ ਅਤੇ ਢਹਿ ਰਹੇ ਬੁਨਿਆਦੀ ਢਾਂਚੇ ਕਾਰਨ ਹਰ ਮੁਢਲੀ ਸਹੂਲਤ ਤਬਾਹ ਹੋ ਚੁੱਕੀ ਹੈ ਅਤੇ ਲੋਕ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇੱਕ ਉਦਯੋਗਿਕ ਸ਼ਹਿਰ ਦੀ ਇਹ ਹਾਲਤ ਹੈ, ਤਾਂ ਲੋਕਾਂ ਨੂੰ ਜਾਣਨ ਦਾ ਪੂਰਾ ਹੱਕ ਹੈ ਕਿ ਵਿਕਾਸ ਲਈ ਆਉਣ ਵਾਲਾ ਫੰਡ ਆਖ਼ਿਰਕਾਰ ਕਿੱਥੇ ਜਾ ਰਿਹਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਦੀਵਾਨ ਨੇ ਵਿਕਾਸ ਕਾਰਜਾਂ ਲਈ ਰੱਖੇ ਗਏ ਫੰਡਾਂ ਦੀ ਬੇਰੋਕ-ਟੋਕ ਦੁਰਵਰਤੋਂ ‘ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਵਿੱਤੀ ਬੇਨਿਯਮੀਆਂ ਲੋਕ ਭਲਾਈ ਦੀ ਨੀਂਹ ਨੂੰ ਕਮਜ਼ੋਰ ਕਰ ਰਹੀਆਂ ਹਨ ਤੇ ਅਸਲ ਵਿਕਾਸ ਨੂੰ ਰੋਕ ਰਹੀਆਂ ਹਨ। ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਥੋੜ੍ਹੀ ਜਿਹੀ ਬਾਰਿਸ਼ ਵੀ ਸ਼ਹਿਰ ਦੇ ਇਲਾਕਿਆਂ ਨੂੰ ਜਲਥਲ ਕਰਨ ਲਈ ਕਾਫ਼ੀ ਹੁੰਦੀ ਹੈ ਅਤੇ ਭਾਰੀ ਪਾਣੀ ਭਰਨ ਕਾਰਨ ਲੋਕਾਂ ਲਈ ਰੋਜ਼ਾਨਾ ਆਵਾਜਾਈ ਵੀ ਦੁੱਖਦਾਈ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਥਿਤੀ ਇਸ ਹੱਦ ਤੱਕ ਖਰਾਬ ਹੋ ਚੁੱਕੀ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਰਿਹਾ ਹੈ, ਜਿਸ ਨਾਲ ਸਿਹਤ ਸਬੰਧੀ ਗੰਭੀਰ ਖ਼ਤਰੇ ਪੈਦਾ ਹੋ ਰਹੇ ਹਨ ਅਤੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਨਾਕਾਮੀ ਸਾਹਮਣੇ ਆ ਰਹੀ ਹੈ।
ਇਸ ਮੌਕੇ ਸ਼ਹਿਰ ਦੀਆਂ ਸੜਕਾਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ, ਦੀਵਾਨ ਨੇ ਕਿਹਾ ਕਿ ਇਹ ਸੜਕਾਂ ਛੇ ਮਹੀਨੇ ਵੀ ਨਹੀਂ ਟਿਕਦੀਆਂ ਹਨ। ਇਸ ਲਈ ਜ਼ਿੰਮੇਵਾਰ ਕੌਣ ਹੈ? ਕੀ ਨਗਰ ਨਿਗਮ ਨੇ ਕਦੇ ਨਿਰਧਾਰਤ ਨਿਯਮਾਂ ਅਨੁਸਾਰ ਕਿਸੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਹੈ? ਨਿਗਮ ਵੱਲੋਂ ਕਾਰਵਾਈ ਨਾ ਕਰਨਾ ਦਰਸਾਉਂਦਾ ਹੈ ਕਿ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਹੈ, ਜੋ ਬਹੁਤ ਹੀ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜ ਤਾਂ ਦੂਰ ਦੀ ਗੱਲ ਹੈ, ਨਗਰ ਨਿਗਮ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਦਿਨ ਵਿੱਚ ਤਿੰਨ ਵਾਰ ਬੁਨਿਆਦੀ ਪਾਣੀ ਸਪਲਾਈ ਵੀ ਯਕੀਨੀ ਨਹੀਂ ਬਣਾ ਸਕੀ ਹੈ, ਜੋ ਉਸਦੀ ਅਯੋਗਤਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਪ੍ਰਤੀ ਲਾਪਰਵਾਹੀ ਨੂੰ ਬੇਨਕਾਬ ਕਰਦਾ ਹੈ।
ਦੀਵਾਨ ਨੇ ਕਿਹਾ ਕਿ ਨਗਰ ਨਿਗਮ ਦੀ ਨਾਕਾਮੀ ਕਾਰਨ ਅੱਜ ਲੁਧਿਆਣਾ ਨੂੰ ‘ਟੋਇਆਂ ਵਾਲੇ ਸ਼ਹਿਰ’ ਦਾ ਬਦਨਾਮ ਤਗਮਾ ਮਿਲ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ ‘ਤੇ ਪਏ ਡੂੰਘੇ ਟੋਏ ਨਾ ਸਿਰਫ਼ ਸ਼ਹਿਰ ਦੀ ਖ਼ਰਾਬ ਤਸਵੀਰ ਪੇਸ਼ ਕਰਦੇ ਹਨ, ਸਗੋਂ ਇਹ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਨਗਰ ਨਿਗਮ ਦੀ ਘੋਰ ਅਣਗਹਿਲੀ ਨੂੰ ਉਜਾਗਰ ਕਰਦੇ ਹਨ।
ਦੀਵਾਨ ਨੇ ਮੰਗ ਕੀਤੀ ਹੈ ਕਿ ਉਠਾਏ ਗਏ ਮੁੱਦਿਆਂ, ਖ਼ਾਸ ਕਰਕੇ ਫੰਡਾਂ ਦੀ ਵਰਤੋਂ ਸਬੰਧੀ ਵਿਸ਼ੇ ਬਾਰੇ ਨਗਰ ਨਿਗਮ ਨੂੰ ਪੂਰੀ ਪਾਰਦਰਸ਼ਤਾ ਨਾਲ ਲੋਕਾਂ ਸਾਹਮਣੇ ਸੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਭ ਤੋਂ ਭਰੋਸੇਯੋਗ ਕਦਮ ਇਹ ਹੋਵੇਗਾ ਕਿ ਨਗਰ ਨਿਗਮ ਬਿਨਾਂ ਕਿਸੇ ਦੇਰੀ ਤੋਂ ਇੱਕ ਵਿਸਥਾਰਪੂਰਵਕ ‘ਵਾਈਟ ਪੇਪਰ’ ਜਾਰੀ ਕਰੇ, ਜਿਸ ਵਿੱਚ ਆਡਿਟ ਸ਼ਾਖਾ, ਐਫ ਐਂਡ ਸੀ ਸੀ, ਬੀ ਐਂਡ ਆਰ, ਓ ਐਂਡ ਐਮ ਸਮੇਤ ਸਾਰੀਆਂ ਸਬੰਧਤ ਬ੍ਰਾਂਚਾਂ ਦਾ ਪੂਰਾ ਲੇਖਾ-ਜੋਖਾ ਜਨਤਕ ਕੀਤਾ ਜਾਵੇ।
Leave a Reply