ਲੋਕ ਅਦਾਲਤ ਵਿਚ 15 ਕਰੋੜ ਤੋਂ ਵੱਧ ਦੇ ਅਵਾਰਡ ਪਾਸ – ਸ਼ੈਸ਼ਨ ਜੱਜ ਨੀਲਮ ਅਰੋੜਾ,5189 ਕੇਸਾਂ ਦਾ ਆਪਸੀ ਸਹਿਮਤੀ ਨਾਲ ਕੀਤਾ ਨਿਪਟਾਰਾ
( ਮਨਪ੍ਰੀਤ ਸਿੰਘ /ਗੁਰਜੀਤ ਸੰਧੂ )
ਸੈਸ਼ਨ ਜੱਜ –ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੀਲਮ ਅਰੋੜਾ ਦੀ ਅਗਵਾਈ ਹੇਠ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਵੱਖਰੇ-ਵੱਖਰੇ ਕੁੱਲ 17 ਬੈਂਚ ਬਣਾਏ ਗਏ । ਇਨ੍ਹਾਂ ਬੈਂਚਾਂ ਵਿਚ 01 ਬੈਂਚ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਮੋਗਾ, 04 ਬੈਂਚ ਰੈਵੇਨਿਊ ਕੇਸਾਂ ਦੇ ਅਤੇ ਵੱਖ – ਵੱਖ 12 ਬੈਂਚ ਸੈਸ਼ਨ ਡਵੀਜ਼ਨ ਮੋਗਾ ਦੇ ਸਮੇਤ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਸਬ ਡਵੀਜਨਾਂ ਤੇ ਬਣਾਏ ਗਏ।
ਇਸ ਮੌਕੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੀਲਮ ਅਰੋੜਾ ਨੇ ਦੱਸਿਆ ਕਿ “ ਇਹਨਾਂ ਲੋਕ ਅਦਾਲਤਾਂ ਰਾਹੀਂ ਆਮ ਲੋਕਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਕਿਉਂਕਿ ਇਸ ਵਿੱਚ ਰਾਜੀਨਾਮਾ ਕਰਨ ਨਾਲ ਆਪਸੀ ਭਾਈਚਾਰਾ ਵੀ ਵਧਦਾ ਹੈ ਅਤੇ ਪੈਸੇ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਲੋਕ ਅਦਾਲਤਾਂ ਦੇ ਫੈਸਲੇ ਦੇ ਖਿਲਾਫ ਕੋਈ ਵੀ ਅਪੀਲ ਨਹੀਂ ਕੀਤੀ ਜਾ ਸਕਦੀ ।
ਇਸ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਇਤੂ ਸੋਢੀ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਵੱਖ – ਵੱਖ ਬੈਂਚਾਂ ਵਿੱਚ ਕੁੱਲ 7897 ਕੇਸ ਰੱਖੇ ਗਏ ਸਨ ਜਿਨ੍ਹਾਂ ਵਿਚੋਂ 4171 ਪ੍ਰੀ-ਲਿਟੀਗੇਟਿਵ ਅਤੇ 1018 ਪੈਂਡਿੰਗ ਕੇਸਾਂ ਦਾ ਮੌਕੇ ਤੇ ਆਪਸੀ ਰਜਾਮੰਦੀ ਨਾਲ ਰਾਜ਼ੀਨਾਮਾ ਕਰਵਾਇਆ ਗਿਆ ਅਤੇ ਕੁੱਲ 15,70,67,881/- ਰੁ: ਦੇ ਅਵਾਰਡ ਪਾਸ ਕੀਤੇ ਗਏ।
ਉਨ੍ਹਾਂ ਨੇ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ ਮਿਤੀ 12.12.2026 ਨੂੰ ਲਗਾਈ ਜਾਵੇਗੀ।