September 12, 2026

Justice News

ਅਵਾਮ ਦੀ ਆਵਾਜ਼

ਬਿਜਲੀ ਦੇ ਲੰਬੇ ਕੱਟਾਂ ਤੋਂ ਅੱਕੇ ਨਿਊ ਫੋਕਲ ਪੁਆਇੰਟ ਵੱਲਾ ਦੇ ਉਦਯੋਗਪਤੀਆਂ ਨੇ ਕੀਤਾ ਚੱਕਾ ਜਾਮ, ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

 

ਅੰਮ੍ਰਿਤਸਰ, 

(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) 

ਨਿਊ ਫੋਕਲ ਪੁਆਇੰਟ (ਮਹਿਤਾ ਰੋਡ, ਵੱਲਾ) ਵਿਖੇ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਿਜਲੀ ਦੀ ਭਾਰੀ ਕਮੀ ਨੇ ਇੰਡਸਟਰੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਬਿਜਲੀ ਦੇ ਲੰਬੇ-ਲੰਬੇ ਕੱਟਾਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਅੱਜ ਸਮੂਹ ਕਾਰਖਾਨੇਦਾਰਾਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਨੇ ਆਪਣੀਆਂ ਫੈਕਟਰੀਆਂ ਨੂੰ ਤਾਲੇ ਲਗਾ ਕੇ ਅਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਮਹਿਤਾ ਰੋਡ ‘ਤੇ ਚੱਕਾ ਜਾਮ ਕਰ ਦਿੱਤਾ। ਗੁੱਸੇ ਵਿੱਚ ਆਏ ਉਦਯੋਗਪਤੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਧਰਨੇ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਧੀਰਜ ਕਾਕੜੀਆ ਨੇ ਸਰਕਾਰ ਦੀਆਂ ਨੀਤੀਆਂ ‘ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੇਂ ਨਿਵੇਸ਼ਕਾਂ ਨੂੰ ਪੰਜਾਬ ਲਿਆਉਣ ਲਈ ਦੇਸ਼-ਵਿਦੇਸ਼ ਵਿੱਚ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਪਹਿਲਾਂ ਤੋਂ ਚੱਲ ਰਹੀ ਇੰਡਸਟਰੀ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਰਹੀ। ਬਿਜਲੀ ਨਾ ਮਿਲਣ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ, ਜਿਸ ਕਰਕੇ ਲੇਬਰ ਦੀਆਂ ਤਨਖਾਹਾਂ ਅਤੇ ਫੈਕਟਰੀਆਂ ਦੇ ਰੋਜ਼ਾਨਾ ਦੇ ਖਰਚੇ ਕੱਢਣੇ ਵੀ ਅਸੰਭਵ ਹੋ ਗਏ ਹਨ।

ਪ੍ਰਧਾਨ ਕਾਕੜੀਆ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸਮੱਸਿਆ ਦਾ ਜਲਦ ਪੱਕਾ ਹੱਲ ਨਾ ਕੀਤਾ ਗਿਆ, ਤਾਂ ਉਹ ਫੈਕਟਰੀਆਂ ਨੂੰ ਤਾਲੇ ਲਗਾ ਕੇ ਚਾਬੀਆਂ ਸਰਕਾਰ ਦੇ ਹੱਥ ਸੌਂਪ ਦੇਣਗੇ ਅਤੇ ਆਪਣੇ ਕਾਰੋਬਾਰ ਦੂਜੇ ਸੂਬਿਆਂ ਵਿੱਚ ਤਬਦੀਲ ਕਰਨ ਲਈ ਮਜ਼ਬੂਰ ਹੋਣਗੇ। ਇਸ ਤੋਂ ਇਲਾਵਾ ਪੰਜਾਬ ਪੱਧਰ ‘ਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਮੌਕੇ ‘ਤੇ ਵਿਗੜਦੇ ਹਾਲਾਤ ਨੂੰ ਦੇਖਦਿਆਂ ਏ.ਸੀ.ਪੀ. ਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਉਨ੍ਹਾਂ ਨੇ ਤੁਰੰਤ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਬਿਜਲੀ ਸਪਲਾਈ ਜਲਦ ਸੁਚਾਰੂ ਕਰਨ ਦਾ ਭਰੋਸਾ ਦਿਵਾਇਆ। ਅਧਿਕਾਰੀਆਂ ਦੇ ਇਸ ਵਿਸ਼ਵਾਸ ਤੋਂ ਬਾਅਦ ਉਦਯੋਗਪਤੀਆਂ ਨੇ ਧਰਨਾ ਸਮਾਪਤ ਕੀਤਾ, ਜਿਸ ਨਾਲ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ।

ਇਸ ਰੋਸ ਪ੍ਰਦਰਸ਼ਨ ਵਿੱਚ ਵਾਈਸ ਪ੍ਰਧਾਨ ਅਮਰਜੀਤ ਸਿੰਘ, ਅਮਰਿੰਦਰ ਸਿੰਘ ਵਿੱਕੀ, ਸੋਨੂੰ, ਰਾਜਾ ਭੁਪਿੰਦਰ, ਸਾਹਿਲ, ਮਨਬੀਰ ਸਿੰਘ ਸੰਧੂ, ਪਾਰਥ ਅਰੋੜਾ, ਮੋਹਿਤ, ਵਿੰਕਲ ਪਦਮ ਅਤੇ ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਰਖਾਨੇਦਾਰ ਸ਼ਾਮਲ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.