ਮੋਗਾ,
( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕੁਝ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ/ਕੈਮਿਸਟਾਂ ਦੀਆਂ ਦੁਕਾਨਾਂ ਵਿਖੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਉਚਿਤ ਵਿਵਸਥਾ ਨਾ ਹੋਣ ਜਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਤੋਂ ਬਾਹਰ ਦਵਾਈਆਂ ਦੀ ਵਿਕਰੀ ਕੀਤੇ ਜਾਣ ਕਾਰਨ ਨਸ਼ੀਲੀਆਂ, ਮਨੋ-ਪ੍ਰਭਾਵੀ ਅਤੇ ਹੋਰ ਨਿਯੰਤਰਿਤ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਦੁਰਵਰਤੋਂ ਨੂੰ ਰੋਕਣ ਵਿੱਚ ਮੁਸ਼ਕਲ ਪੈਦਾ ਹੋ ਸਕਦੀ ਹੈ ਅਤੇ ਇਸ ਨਾਲ ਕਾਨੂੰਨ ਅਤੇ ਅਮਨ-ਸ਼ਾਂਤੀ ਦੀ ਸਥਿਤੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ, ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਥਿਤ ਸਮੂਹ ਦੁਕਾਨਾਂ/ਕੈਮਿਸਟਾਂ ਦੀਆਂ ਦੁਕਾਨਾਂ ਲਈ ਕੁਝ ਅਹਿਮ ਹੁਕਮ ਜਾਰੀ ਕੀਤੇ ਹਨ।
ਇਹਨਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਰ ਦਵਾਈਆਂ ਵੇਚਣ ਵਾਲੀ ਦੁਕਾਨ/ਕੈਮਿਸਟ ਸ਼ਾਪ ਵਿਖੇ ਕਾਰਜਸ਼ੀਲ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਲਾਜਮੀ ਹਨ। ਦਵਾਈਆਂ ਦੀ ਵਿਕਰੀ ਕੇਵਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੀ ਕੀਤੀ ਜਾਵੇਗੀ। ਵਿਕਰੀ ਕਾਊਂਟਰ, ਨਸ਼ੀਲੀਆਂ ਅਤੇ ਨਿਯੰਤਰਿਤ ਦਵਾਈਆਂ ਦਾ ਸਟੋਰੇਜ ਏਰੀਆ ਅਤੇ ਦੁਕਾਨ ਦੇ ਪ੍ਰਵੇਸ਼/ਨਿਕਾਸ ਦੁਆਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਕਵਰੇਜ ਹੇਠ ਹੋਣੇ ਲਾਜ਼ਮੀ ਹੋਣਗੇ। ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਘੱਟੋ-ਘੱਟ 90 ਦਿਨਾਂ ਤੱਕ ਸੁਰੱਖਿਅਤ ਰੱਖੀ ਜਾਵੇਗੀ ਅਤੇ ਮੰਗੇ ਜਾਣ ਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਉਪਲਬਧ ਕਰਵਾਈ ਜਾਵੇਗੀ।
ਹੁਕਮਾਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਸਮੇਂ ਸੀ.ਸੀ.ਟੀ.ਵੀ. ਸਿਸਟਮ ਖਰਾਬ ਜਾਂ ਗੈਰ-ਕਾਰਜਸ਼ੀਲ ਹੋ ਜਾਂਦਾ ਹੈ ਤਾਂ ਉਸ ਸਮੇਂ ਦੌਰਾਨ ਦਵਾਈਆਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਿਕਰੀ ਕਰਨੀ ਪੂਰਨ ਤੌਰ ‘ਤੇ ਮਨਾਹੀ ਹੋਵੇਗੀ।
Leave a Reply