ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਸ਼ਹਿਰ ਦੇ 19.38 ਕਰੋੜ ਰੁਪਏ ਦੀ ਲਾਗਤ ਨਾਲ 151 ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ
ਖੰਨਾ /ਲੁਧਿਆਣਾ/
:(ਜਸਟਿਸ ਨਿਊਜ਼)
ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬੁੱਧਵਾਰ ਨੂੰ ਦਫਤਰ ਨਗਰ ਕੌਂਸਲ ਖੰਨਾ ਵਿਖੇ 19.38 ਕਰੋੜ ਰੁਪਏ ਦੀ ਲਾਗਤ ਨਾਲ ਖੰਨਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ 151 ਵਿਕਾਸ ਕੰਮਾਂ ਦਾ ਉਦਘਾਟਨ ਕਰਕੇ ਸ਼ੁਰੂਆਤ ਕਰਵਾਈ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਖੰਨਾ ਵਾਸਤੇ ਬਹੁਤ ਹੀ ਇਤਿਹਾਸਕ ਦਿਨ ਹੈ। ਖੰਨਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ 151 ਵਿਕਾਸ ਕੰਮਾਂ ਦਾ ਉਦਘਾਟਨ ਕਰਕੇ ਸ਼ੁਰੂਆਤ ਕੀਤੀ ਗਈ ਹੈ ਜਿਸ ‘ਤੇ 19.38 ਕਰੋੜ ਰੁਪਏ ਦੀ ਲਾਗਤ ਆਵੇਗੀ। ਉਹਨਾਂ ਕਿਹਾ ਕਿ ਇਹਨਾਂ ਸਾਰੇ ਕੰਮਾਂ ਦੇ ਵਰਕ ਆਰਡਰ ਹੋ ਚੁੱਕੇ ਹਨ ਅਤੇ ਕੰਮ ਵੀ ਅੱਜ ਤੋਂ ਸ਼ੁਰੂ ਹੋ ਜਾਣਗੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦੀ ਹਾਂ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਚੱਲ ਰਹੀ ਹੈ। ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਅਸੀਂ ਖੰਨਾ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਨਗਰ ਕੌਂਸਲ ਦੀ ਕਮੇਟੀ ਆਮ ਆਦਮੀ ਪਾਰਟੀ ਦੀ ਬਣਾ ਦਿਓ ਅਸੀਂ ਸਾਰੇ ਕੰਮ ਭ੍ਰਿਸ਼ਟਾਚਾਰ ਤੋ ਮੁਕਤ ਕਰਵਾਵਾਂਗੇ ਅਤੇ ਵਿਕਾਸ ਕੰਮਾਂ ਦੀ ਰਫਤਾਰ ਵੀ ਦੁੱਗਣੀ-ਤਿੱਗਣੀ ਕਰ ਦਿਆਂਗੇ। ਉਸੇ ਲੜੀ ਦੇ ਤਹਿਤ ਨਗਰ ਕੌਂਸਲ ਦੀ ਕਮੇਟੀ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਖੰਨਾ ਸ਼ਹਿਰ ਦੀ ਸਾਫ ਸਫਾਈ ਦੇ ਨਾਲ-ਨਾਲ ਹੀ ਸ਼ਹਿਰ ਦੇ ਅੰਦਰ ਵੱਖ-ਵੱਖ ਵਾਰਡਾਂ ਦੇ 151 ਵਿਕਾਸ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ। ਜਿਨ੍ਹਾਂ ‘ਤੇ 19.38 ਕਰੋੜ ਰੁਪਏ ਖਰਚ ਹੋਣਗੇ। ਇਹ ਪਹਿਲੀ ਵਾਰ ਹੋਇਆ ਹੈ ਇੰਨੀ ਵੱਡੀ ਰਕਮ ਦੇ ਵਿਕਾਸ ਕੰਮ ਖੰਨਾ ਸ਼ਹਿਰ ਵਿੱਚ ਸ਼ੁਰੂ ਕਰਵਾਏ ਗਏ ਹਨ।
ਕੈਬਨਿਟ ਮੰਤਰੀ ਸੌਂਦ ਨੇ ਦੱਸਿਆ ਕਿ ਇਸ ਦੇ ਨਾਲ ਹੀ ਖੰਨਾ ਸ਼ਹਿਰ ਦੇ ਹੋਰ 20 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਜਿਸ ਤਹਿਤ ਖੰਨਾ ਸ਼ਹਿਰ ਦੇ ਹੋਰ ਵੀ ਵਿਕਾਸ ਕਾਰਜ ਕੀਤੇ ਜਾਣਗੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਲੋਕਾਂ ਦੀ ਸਰਕਾਰ ਵੱਲੋਂ ਬਹੁਤ ਸਾਰੇ ਕੰਮ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਿਜਲੀ, ਸੜਕਾਂ, ਸਿੱਖਿਆ, ਸਿਹਤ, ਖੇਡ ਮੈਦਾਨ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਗੱਲ ਕਰੀਏ ਤਾਂ ਇੰਨੇ ਕੰਮ ਕੀਤੇ ਗਏ ਹਨ ਜਿਨ੍ਹਾਂ ਨੂੰ ਦੇਖਦੇ ਹੋਏ ਵਿਰੋਧੀ ਕੁਝ ਵੀ ਬੋਲ ਨਹੀਂ ਸਕਦੇ। ਉਹਨਾਂ ਕਿਹਾ ਕਿ ਉਹ ਹਮੇਸ਼ਾ ਹੀ ਹਲਕਾ ਖੰਨਾ ਦੇ ਵਿਕਾਸ ਲਈ ਤਤਪਰ ਰਿਹੇ ਹਨ ਅਤੇ ਤਤਪਰ ਰਹਿਣਗੇ।
ਨਗਰ ਕੌਂਸਲ ਖੰਨਾ ਦੇ ਪ੍ਰਧਾਨ ਸ੍ਰੀ ਜਤਿੰਦਰ ਪਾਠਕ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਨਗਰ ਕੌਂਸਲ ਖੰਨਾ ਦੇ ਦਫਤਰ ਵਿੱਚ 19.38 ਕਰੋੜ ਰੁਪਏ ਵਿਕਾਸ ਕੰਮਾਂ ਦਾ ਉਦਘਾਟਨ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਹੈ। ਖੰਨਾ ਸ਼ਹਿਰ ਵਿੱਚ ਇਹ 151 ਵਿਕਾਸ ਕੰਮ ਅੱਜ ਪੂਰੇ ਜ਼ੋਰ ਸ਼ੋਰ ਨਾਲ ਹੋਣੇ ਸ਼ੁਰੂ ਹੋ ਗਏ ਹਨ। ਇਹ ਸਾਰੇ ਕੰਮ ਦੋ ਤੋਂ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਲਏ ਜਾਣਗੇ। ਇਸ ਤੋਂ ਬਾਅਦ ਖੰਨਾ ਸ਼ਹਿਰ ਦੇ ਵਿਕਾਸ ਕੰਮਾਂ ਲਈ 20 ਕਰੋੜ ਰੁਪਏ ਦੀ ਲਿਸਟ ਹੋਰ ਲਿਆਵਾਂਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਅਮਿਤ ਬੈਂਬੀ, ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਸ੍ਰੀ ਚਰਨਜੀਤ ਸਿੰਘ, ਨਗਰ ਕੌਂਸਲ ਖੰਨਾ ਦੇ ਵਾਈਸ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਅਤੇ ਨਗਰ ਕੌਂਸਲ ਖੰਨਾ ਦੇ ਵੱਖ-ਵੱਖ ਵਾਰਡਾਂ ਤੋਂ ਕੌਂਸਲਰ ਮੌਜੂਦ ਸਨ।