ਜੱਗੂ ਭਗਵਾਨਪੁਰੀਆ ਦਾ ਮੁੱਖਧਾਰਾ ਵਿੱਚ ਵਾਪਸੀ ਦਾ ਫ਼ੈਸਲਾ ਇੱਕ ਸਕਾਰਾਤਮਕ ਕਦਮ: ਪ੍ਰੋ. ਸਰਚਾਂਦ ਸਿੰਘ ਖਿਆਲਾ।
ਅਪਰਾਧ ਛੱਡ ਕੇ ਮੁੱਖਧਾਰਾ ਵਿੱਚ ਆਉਣ ਵਾਲਿਆਂ ਨੂੰ ਮੌਕਾ, ਪਰ ਕਾਨੂੰਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ —
ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਅਤੇ ਕਾਨੂੰਨ ਦਾ ਰਾਜ ਕਾਇਮ ਰਹਿਣਾ ਸਭ ਤੋਂ ਪਹਿਲੀ ਤਰਜੀਹ ਹੈ।
ਅੰਮ੍ਰਿਤਸਰ, 19 ਜੁਲਾਈ: ਪੰਜਾਬ ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਜੇਕਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸੱਚੇ ਮਨੋਂ ਅਪਰਾਧ ਦੀ ਦੁਨੀਆ ਨੂੰ ਸਦਾ ਲਈ ਤਿਆਗ ਕੇ ਕਾਨੂੰਨ ਦੀ ਪਾਲਣਾ ਕਰਦਿਆਂ ਮੁੱਖਧਾਰਾ ਵਿੱਚ ਵਾਪਸੀ ਦਾ ਫ਼ੈਸਲਾ ਕੀਤਾ ਹੈ ਤਾਂ ਇਹ ਇੱਕ ਸਕਾਰਾਤਮਕ ਕਦਮ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ, ਨਸ਼ਾ ਤਸਕਰੀ, ਫਿਰੌਤੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਂਦਿਆਂ ਹਿੰਸਾ ਦਾ ਰਾਹ ਛੱਡ ਕੇ ਕਾਨੂੰਨ ਅਤੇ ਸਮਾਜ ਦੀ ਮੁੱਖਧਾਰਾ ਵਿੱਚ ਵਾਪਸ ਆਉਣਾ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਜੱਗੂ ਭਗਵਾਨਪੁਰੀਆ ਦਾ ਇਹ ਐਲਾਨ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਨਾ ਰਹਿ ਕੇ ਅਮਲ ਵਿੱਚ ਵੀ ਸਾਬਤ ਹੁੰਦਾ ਹੈ ਅਤੇ ਉਹ ਹਮੇਸ਼ਾ ਲਈ ਹਿੰਸਾ, ਅਪਰਾਧ ਅਤੇ ਗੈਂਗਸਟਰਵਾਦ ਦਾ ਰਾਹ ਤਿਆਗ ਦਿੰਦਾ ਹੈ, ਤਾਂ ਇਹ ਪੰਜਾਬ ਵਿੱਚ ਅਪਰਾਧ ਦੇ ਖ਼ਾਤਮੇ ਵੱਲ ਇੱਕ ਸਕਾਰਾਤਮਕ ਸੰਦੇਸ਼ ਹੋਵੇਗਾ। ਇਸ ਨਾਲ ਹੋਰ ਭਟਕੇ ਹੋਏ ਨੌਜਵਾਨਾਂ ਅਤੇ ਅਪਰਾਧੀਆਂ ਨੂੰ ਵੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਪ੍ਰੇਰਣਾ ਮਿਲ ਸਕਦੀ ਹੈ।
ਪ੍ਰੋ. ਖਿਆਲਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਅਪਰਾਧੀ ਲਈ ਸੁਧਾਰ ਦਾ ਰਾਹ ਖੁੱਲ੍ਹਾ ਹੋ ਸਕਦਾ ਹੈ, ਪਰ ਕਾਨੂੰਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਜੋ ਵੀ ਵਿਅਕਤੀ ਅਪਰਾਧ ਛੱਡਣਾ ਚਾਹੁੰਦਾ ਹੈ, ਉਸ ਨੂੰ ਆਪਣੇ ਕੀਤੇ ਅਪਰਾਧਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਅਦਾਲਤਾਂ ਅੱਗੇ ਪੇਸ਼ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਅਨੁਸਾਰ ਮਿਲਣ ਵਾਲੀ ਸਜ਼ਾ ਇਮਾਨਦਾਰੀ ਨਾਲ ਭੁਗਤਣੀ ਚਾਹੀਦੀ ਹੈ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਅਤੇ ਕਾਨੂੰਨ ਦਾ ਰਾਜ ਕਾਇਮ ਰਹਿਣਾ ਸਭ ਤੋਂ ਪਹਿਲੀ ਤਰਜੀਹ ਹੈ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੈਂਗਸਟਰਾਂ ਦੀ ਝੂਠੀ ਸ਼ੁਹਰਤ, ਸੋਸ਼ਲ ਮੀਡੀਆ ‘ਤੇ ਅਪਰਾਧ ਦੇ ਮਹਿਮਾ-ਮੰਡਨ ਅਤੇ ਹਿੰਸਕ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਨਾ ਹੋਣ। ਅਪਰਾਧ ਦਾ ਰਾਹ ਕਦੇ ਵੀ ਸਫ਼ਲਤਾ ਦਾ ਰਾਹ ਨਹੀਂ ਹੁੰਦਾ; ਇਸ ਦਾ ਅੰਤ ਜੇਲ੍ਹ, ਮੌਤ, ਪਰਿਵਾਰਾਂ ਦੀ ਤਬਾਹੀ ਅਤੇ ਸਮਾਜ ਵਿੱਚ ਡਰ ਦੇ ਮਾਹੌਲ ਨਾਲ ਹੁੰਦਾ ਹੈ। ਸਿੱਖਿਆ, ਹੁਨਰ, ਮਿਹਨਤ, ਇਮਾਨਦਾਰ ਰੋਜ਼ਗਾਰ ਅਤੇ ਸਮਾਜ ਸੇਵਾ ਹੀ ਨੌਜਵਾਨਾਂ ਨੂੰ ਸਨਮਾਨ ਅਤੇ ਸਫ਼ਲਤਾ ਦਿਵਾ ਸਕਦੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿਰਫ਼ ਸਖ਼ਤ ਸਜ਼ਾਵਾਂ ਨਾਲ ਹੀ ਅਪਰਾਧ ਖ਼ਤਮ ਨਹੀਂ ਹੁੰਦਾ, ਸਗੋਂ ਪ੍ਰਭਾਵਸ਼ਾਲੀ ਪੁਲਿਸ ਪ੍ਰਣਾਲੀ, ਤੇਜ਼ ਨਿਆਂ ਪ੍ਰਣਾਲੀ, ਸਮਾਜਿਕ ਜਾਗਰੂਕਤਾ, ਪਰਿਵਾਰਕ ਸੰਸਕਾਰ, ਨੌਜਵਾਨਾਂ ਲਈ ਰੋਜ਼ਗਾਰ ਅਤੇ ਪੁਨਰਵਾਸ ਦੀ ਨੀਤੀ ਵੀ ਉਤਨੀ ਹੀ ਜ਼ਰੂਰੀ ਹੈ। ਜੋ ਲੋਕ ਸਜ਼ਾ ਭੁਗਤ ਕੇ ਸੁਧਾਰ ਦੇ ਰਾਹ ‘ਤੇ ਚੱਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁੜ ਸਮਾਜ ਵਿੱਚ ਸਨਮਾਨ ਨਾਲ ਜੀਵਨ ਬਿਤਾਉਣ ਦੇ ਮੌਕੇ ਮਿਲਣੇ ਚਾਹੀਦੇ ਹਨ, ਤਾਂ ਜੋ ਉਹ ਦੁਬਾਰਾ ਅਪਰਾਧ ਵੱਲ ਨਾ ਮੁੜਨ।
ਪ੍ਰੋ. ਖਿਆਲਾ ਨੇ ਕਿਹਾ ਕਿ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਗੈਂਗਸਟਰਵਾਦ, ਨਸ਼ਾ ਤਸਕਰੀ, ਫਿਰੌਤੀ, ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਵਿਰੁੱਧ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਲ੍ਹਾਂ ਵਿੱਚ ਸੁਧਾਰ, ਮਨੋਵਿਗਿਆਨਕ ਸਲਾਹ, ਹੁਨਰ ਵਿਕਾਸ ਅਤੇ ਪੁਨਰਵਾਸ ਪ੍ਰੋਗਰਾਮਾਂ ਨੂੰ ਵੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਪੰਜਾਬ ਨੂੰ ਅਪਰਾਧ-ਮੁਕਤ, ਸੁਰੱਖਿਅਤ, ਅਮਨਪਸੰਦ ਅਤੇ ਵਿਕਾਸਸ਼ੀਲ ਰਾਜ ਬਣਾਇਆ ਜਾ ਸਕੇ।
Leave a Reply