ਹਾਦਸਾ ਹੋਣ ਤੋਂ ਪਹਿਲਾਂ ਜਾਗੇਗਾ PSPCL? ਮਲੇਰਕੋਟਲਾ ’ਚ ਖੁੱਲ੍ਹੇ ਬਿਜਲੀ ਮੀਟਰ ਬਾਕਸ ਬਣੇ ਜਾਨ ਲਈ ਖ਼ਤਰਾ
ਮਲੇਰਕੋਟਲਾ,
(ਸ਼ਹਿਬਾਜ਼ ਚੌਧਰੀ)
ਮਲੇਰਕੋਟਲਾ ਸ਼ਹਿਰ ਦੇ ਸਭ ਤੋਂ ਰੁੱਝੇ ਹੋਏ ਤੇਲੀਆਂ ਵਾਲੇ ਬਾਜ਼ਾਰ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਦੇ ਮੀਟਰ ਬਾਕਸਾਂ ਦੀ ਮਾੜੀ ਹਾਲਤ ਨੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਕਈ ਥਾਵਾਂ ’ਤੇ ਮੀਟਰ ਬਾਕਸਾਂ ਦੇ ਢੱਕਣ ਗਾਇਬ ਹਨ ਅਤੇ ਬਿਜਲੀ ਦੇ ਬਾਕਸ ਖੁੱਲ੍ਹੇ ਪਏ ਹਨ। ਅਜਿਹੇ ਹਾਲਾਤ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ਤੋਂ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਸਕੂਲੀ ਬੱਚਿਆਂ ਦੀ ਆਵਾਜਾਈ ਹੁੰਦੀ ਹੈ। ਖੁੱਲ੍ਹੇ ਬਿਜਲੀ ਬਾਕਸਾਂ ਕਾਰਨ ਜਿੱਥੇ ਬਿਜਲੀ ਦੇ ਕਰੰਟ ਦਾ ਖ਼ਤਰਾ ਬਣਿਆ ਹੋਇਆ ਹੈ, ਉੱਥੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕਿਸੇ ਅਣਸੁਖਾਵੀਂ ਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਸਮੱਸਿਆ ਅੱਜ ਦੀ ਨਹੀਂ, ਸਗੋਂ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਨਜ਼ਰ ਵਿੱਚ ਹੈ। ਉਨ੍ਹਾਂ ਦੱਸਿਆ ਕਿ ਸਰਹੰਦੀ ਗੇਟ ਤੋਂ ਲੈ ਕੇ ਤੇਲੀਆਂ ਵਾਲੇ ਬਾਜ਼ਾਰ, ਮੁਹੱਲਾ ਜੱਟਪੁਰਾ ਦੇ ਮੋੜ ਅਤੇ ਬਾਗਮਾਨਾ ਮੁਹੱਲੇ ਦੇ ਨੇੜੇ ਕਈ ਬਿਜਲੀ ਮੀਟਰ ਬਾਕਸਾਂ ਦੇ ਢੱਕਣ ਗਾਇਬ ਹਨ।
ਜਦੋਂ ਇਹ ਬਾਕਸ ਲੋਕਾਂ ਦੀ ਆਵਾਜਾਈ ਵਾਲੀਆਂ ਥਾਵਾਂ ’ਤੇ ਖੁੱਲ੍ਹੇ ਪਏ ਹੋਣ ਤਾਂ ਇਹ ਸਿਰਫ਼ ਵਿਭਾਗੀ ਲਾਪਰਵਾਹੀ ਦਾ ਮਾਮਲਾ ਨਹੀਂ ਰਹਿੰਦਾ, ਸਗੋਂ ਸਿੱਧਾ ਲੋਕਾਂ ਦੀ ਜ਼ਿੰਦਗੀ ਨਾਲ ਜੁੜ ਜਾਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਿਸੇ ਬੱਚੇ, ਬਜ਼ੁਰਗ ਜਾਂ ਰਾਹਗੀਰ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ?
PSPCL ਦੇ ਅਧਿਕਾਰੀਆਂ ਨੂੰ ਕਿਸੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਇਨ੍ਹਾਂ ਥਾਵਾਂ ਦਾ ਨਿਰੀਖਣ ਕਰਵਾਉਣਾ ਚਾਹੀਦਾ ਹੈ। ਜਿੱਥੇ ਮੀਟਰ ਬਾਕਸਾਂ ਦੇ ਢੱਕਣ ਗਾਇਬ ਹਨ, ਉੱਥੇ ਨਵੇਂ ਢੱਕਣ ਲਗਾਏ ਜਾਣ ਅਤੇ ਜਿੱਥੇ ਵੀ ਬਿਜਲੀ ਸਬੰਧੀ ਖ਼ਤਰਾ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇ।
ਹੁਣ ਦੇਖਣਾ ਇਹ ਹੋਵੇਗਾ ਕਿ PSPCL ਦੇ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹਨ ਜਾਂ ਫਿਰ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਵਿਭਾਗ ਦੀ ਨੀਂਦ ਖੁੱਲ੍ਹੇਗੀ। ਲੋਕਾਂ ਦੀ ਮੰਗ ਹੈ ਕਿ ਜਾਨੀ ਨੁਕਸਾਨ ਤੋਂ ਪਹਿਲਾਂ ਹੀ ਇਨ੍ਹਾਂ ਖੁੱਲ੍ਹੇ ਬਿਜਲੀ ਬਾਕਸਾਂ ਨੂੰ ਸੁਰੱਖਿਅਤ ਬਣਾਇਆ ਜਾਵੇ।