September 7, 2026

Justice News

ਅਵਾਮ ਦੀ ਆਵਾਜ਼

ਮਨਸੂਰਪੁਰ ’ਚ ਦਿਨ-ਦਿਹਾੜੇ ਵੱਡੀ ਚੋਰੀ ਤਾਲੇ ਤੋੜ ਕੇ ਸੋਨੇ ਦੇ ਗਹਿਣੇ, ਨਕਦੀ ਤੇ ਐਕਟੀਵਾ ਲੈ ਗਏ ਚੋਰ

ਹੁਸ਼ਿਆਰਪੁਰ /​ਮੁਕੇਰੀਆਂ
(ਤਰਸੇਮ ਦੀਵਾਨਾ )
ਥਾਣਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਮਨਸੂਰਪੁਰ ਵਿਖੇ ਦਿਨ-ਦਿਹਾੜੇ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣਿਆਂ, ਨਕਦੀ, ਮੋਬਾਈਲਾਂ ਅਤੇ ਐਕਟੀਵਾ ਸਕੂਟਰੀ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸਾਰੀ ਵਾਰਦਾਤ ਘਰ ਨੇੜੇ ਲੱगे ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ।
​ਪੀੜਤ ਤਰਲੋਚਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਨਸੂਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਉਸ ਨੇ ਦੱਸਿਆ ਕਿ ਬੀਤੇ 4 ਸਤੰਬਰ ਨੂੰ ਉਹ ਅਤੇ ਉਸ ਦੀ ਪਤਨੀ ਸਵੇਰੇ ਕਰੀਬ ਸਾਢੇ 8 ਵਜੇ ਘਰ ਨੂੰ ਤਾਲੇ ਲਗਾ ਕੇ ਜਲੰਧਰ ਦਵਾਈ ਲੈਣ ਗਏ ਸਨ। ਜਦੋਂ ਉਹ ਦੁਪਹਿਰ ਕਰੀਬ ਸਾਢੇ 3 ਵਜੇ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਗੇਟ ਅਤੇ ਮੁੱਖ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ।
​ਘਰ ਅੰਦਰ ਜਾ ਕੇ ਦੇਖਿਆ ਤਾਂ ਸਟੋਰ ਵਿੱਚ ਪਈ ਅਲਮਾਰੀ ਅਤੇ ਪੇਟੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਤਰਲੋਚਨ ਸਿੰਘ ਨੇ ਦੱਸਿਆ ਕਿ ਚੋਰ ਘਰੋਂ ਸੋਨੇ ਦੇ ਗਹਿਣੇ, ਨਕਦੀ, ਦੋ ਮੋਬਾਈਲ ਫੋਨ ਅਤੇ ਵਿਹੜੇ ਵਿੱਚ ਖੜ੍ਹੀ ਐਕਟੀਵਾ ਸਕੂਟਰੀ ਚੁੱਕ ਕੇ ਲੈ ਗਏ। ਘਟਨਾ ਤੋਂ ਬਾਅਦ ਜਦੋਂ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਸਾਹਮਣੇ ਆਇਆ ਕਿ ਦਿਨ ਦਿਹਾੜੇ ਕਰੀਬ 11:30 ਵਜੇ ਦੋ ਅਣਪਛਾਤੇ ਵਿਅਕਤੀ ਘਰ ਅੰਦਰ ਦਾਖ਼ਲ ਹੋਏ ਸਨ। ਇਸ ਤੋਂ ਬਾਅਦ ਕਰੀਬ 12:13 ਵਜੇ ਉਹੀ ਵਿਅਕਤੀ ਪੀੜਤ ਦੀ ਐਕਟੀਵਾ ਸਕੂਟਰੀ ’ਤੇ ਸਵਾਰ ਹੋ ਕੇ ਉੱਥੋਂ ਫਰਾਰ ਹੁੰਦੇ ਨਜ਼ਰ ਆ ਰਹੇ ਹਨ। ਪੀੜਤ ਤਰਲੋਚਨ ਸਿੰਘ ਵੱਲੋਂ ਸਾਬਕਾ ਪੰਚਾਇਤ ਮੈਂਬਰ ਜਗਦੀਸ਼ ਸਿੰਘ ਨੂੰ ਨਾਲ ਲੈ ਕੇ ਥਾਣਾ ਮੁਕੇਰੀਆਂ ਵਿਖੇ ਇਤਲਾਹ ਦਿੱਤੀ ਗਈ । ਇਸ ਮਾਮਲੇ ਸੰਬੰਧੀ ਐਸ.ਆਈ. ਯੁਧਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਰਲੋਚਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਦੋਵਾਂ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.