ਪਿੰਡ ਕੋਟਲੀ ਸੱਕਾ ‘ਚ ਸਰਕਾਰੀ ਥਾਂ ਤੋਂ 1800 ਲੀਟਰ ਨਜਾਇਜ਼ ਲਾਹਣ ਬਰਾਮਦ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)-
ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲੀ ਸੱਕਾ ਵਿਖੇ ਐਕਸਾਈਜ਼ ਵਿਭਾਗ ਅਤੇ ਪੁਲਿਸ ਟੀਮ ਵੱਲੋਂ ਕੀਤੀ ਗਈ ਇੱਕ ਸਾਂਝੀ ਛਾਪੇਮਾਰੀ ਦੌਰਾਨ ਸਰਕਾਰੀ ਟੈਂਕੀ ਵਾਲੀ ਜਗ੍ਹਾ ਤੋਂ ਭਾਰੀ ਮਾਤਰਾ ਵਿੱਚ ਨਜਾਇਜ਼ ਲਾਹਣ ਬਰਾਮਦ ਕੀਤੀ ਗਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਅਤੇ ਥਾਣਾ ਰਾਜਾਸਾਂਸੀ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਮੌਕੇ ਤੋਂ 10 ਡਰੰਮਾਂ ਵਿੱਚ ਭਰੀ ਲਗਭਗ 1800 ਲੀਟਰ ਲਾਹਣ ਜ਼ਬਤ ਕੀਤੀ ਗਈ ਹੈ। ਇਹ ਲਾਹਣ ਫਿਲਹਾਲ ਲਾਵਾਰਿਸ ਹਾਲਤ ਵਿੱਚ ਮਿਲੀ ਹੈ, ਜਿਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਸਰਕਾਰੀ ਜਗ੍ਹਾ ਤੋਂ ਪਹਿਲਾਂ ਵੀ ਨਜਾਇਜ਼ ਲਾਹਣ ਬਰਾਮਦ ਹੋ ਚੁੱਕੀ ਹੈ। ਕਾਰਵਾਈ ਦੌਰਾਨ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਮੌਕੇ ‘ਤੇ ਪਹੁੰਚਣ ਲਈ ਸੁਨੇਹਾ ਭੇਜਿਆ ਗਿਆ ਸੀ, ਪਰ ਉਹ ਮੌਕੇ ‘ਤੇ ਨਹੀਂ ਪਹੁੰਚੇ। ਪੁਲਿਸ ਅਨੁਸਾਰ ਪਹਿਲਾਂ ਵੀ ਪੰਚਾਇਤ ਤੋਂ ਸਹਿਯੋਗ ਮੰਗਿਆ ਗਿਆ ਸੀ, ਪਰ ਉਨ੍ਹਾਂ ਵਲੋਂ ਕੋਈ ਹੁੰਗਾਰਾ ਨਹੀਂ ਮਿਲਿਆ।
ਪੁਲਿਸ ਨੇ ਸਾਫ਼ ਕੀਤਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਗੈਰ-ਕਾਨੂੰਨੀ ਧੰਦੇ ‘ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਤੇਜੀ ਬਾਊ, ਜੀ.ਐਮ. ਜਤਿੰਦਰ ਸਿੰਘ ਦਿਓਲ ਅਤੇ ਠੇਕਾ ਇੰਚਾਰਜ ਗੁਰਮੀਤ ਸਿੰਘ (ਮਾਂਜੂ ਚੋਗਾਵਾਂ) ਸਮੇਤ ਹੋਰ ਕਰਮਚਾਰੀ ਵੀ ਮੌਜੂਦ ਸਨ।