August 17, 2026

Justice News

ਅਵਾਮ ਦੀ ਆਵਾਜ਼

ਤਹਿਸੀਲ ਵਿੱਚ ਐਸ ਸੀ. ਸਰਟੀਫਿਕੇਟ ਨਾ ਬਣਨ ਕਰਕੇ ਐਸਸੀ ਸਮਾਜ ਹੋ ਰਿਹਾ ਖੱਜਲ-ਖੁਆਰ :  ਬੇਗਮਪੁਰਾ ਟਾਈਗਰ ਫੋਰਸ

ਇਕੱਲੇ ਹੁਸ਼ਿਆਰਪੁਰ ਦੀ ਤਹਿਸੀਲ ਵਿੱਚ ਹਜ਼ਾਰਾਂ ਹੀ ਐਸ.ਸੀ. ਸਰਟੀਫਿਕੇਟ ਪੈਂਡਿੰਗ ਪਏ ਹਨ : ਬੀਰਪਾਲ ਠਰੋਲੀ , ਹੈਪੀ ਫ਼ਤਹਿਗੜ੍ਹ

ਹੁਸ਼ਿਆਰਪੁਰ, 

( ਤਰਸੇਮ ਦੀਵਾਨਾ ) 

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮਾਵਾਂ ਧੀਆਂ ਸਤਕਾਰ ਯੋਜਨਾ’ ਅਧੀਨ ਅਪਲਾਈ ਕਰਨ ਲਈ ਅਨੂਸੂਚਿਤ ਵਰਗ ਦੀਆਂ ਔਰਤਾਂ ਨੂੰ ਐਸ.ਸੀ. ਸਰਟੀਫਿਕੇਟ ਹੁਸ਼ਿਆਰਪੁਰ ਤਹਿਸੀਲ ਵੱਲੋਂ ਜਾਰੀ ਨਾ ਕੀਤੇ ਜਾਣ ‘ਤੇ ਬੇਗਮਪੁਰਾ ਟਾਈਗਰ ਫੋਰਸ ਨੇ ਸਖਤ ਨੋਟਿਸ ਲਿਆ ਹੈ।
​ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਤਹਿਸੀਲ ਤੋ ਹਰ ਰੋਜ਼ ਲਗਭਗ 500/- ਸੌ ਲੋਕ ਐਸ.ਸੀ. ਸਰਟੀਫਿਕੇਟ ਨਾ ਮਿਲਣ ਕਰਕੇ ਖਜਲ-ਖੁਆਰ ਹੋ ਕੇ ਖਾਲੀ ਹੱਥ ਵਾਪਿਸ ਮੁੜ ਰਹੇ ਹਨ।  ਦਫਤਰ ਦੇ ਮੁਲਾਜਮਾ ਵੱਲੋਂ ਹਰ ਵਾਰ ਸਰਵਰ ਡਾਊਨ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ।
** ਲੱਖਾਂ ਕੇਸ ਪੈਂਡਿੰਗ ਹੋਣ ਦਾ ਖਦਸ਼ਾ
​ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆ ਨੂੰ ਪਤਾ ਲੱਗਾ ਹੈ ਕਿ ਇਕੱਲੇ ਹੁਸ਼ਿਆਰਪੁਰ ਵਿੱਚ ਹੀ ਲਗਭਗ 38,000 ਐਸ.ਸੀ. ਸਰਟੀਫਿਕੇਟ ਪੈਂਡਿੰਗ ਪਏ ਹਨ। ਆਗੂਆਂ ਨੇ ਸ਼ੱਕ ਪ੍ਰਗਟ ਕੀਤਾ ਕਿ ਜੇਕਰ ਅਜਿਹਾ ਹੀ ਹਾਲ ਤਹਿਸੀਲ ਟਾਂਡਾ, ਮੁਕੇਰਿਆਂ, ਦਸੂਹਾ ਅਤੇ ਗੜ੍ਹਸ਼ੰਕਰ ਦਾ ਰਿਹਾ, ਤਾਂ ਪੈਂਡਿੰਗ ਕੇਸਾਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਜਾਵੇਗੀ। ਜੇਕਰ ਪੂਰੇ ਪੰਜਾਬ ਵਿੱਚ ਇਹੀ ਸੱਮਸਿਆ ਬਣੀ ਰਹੀ ਤਾਂ ਫਿਰ ਗਰੀਬ ਲੋਕਾਂ ਦਾ ਰੱਬ ਹੀ ਰਾਖਾ ਹੈ।
ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਜਵਾਬ **
​ਇਸ ਸਬੰਧੀ ਬੇਗਮਪੁਰਾ ਟਾਈਗਰ ਫੋਰਸ ਦੇ ਵਫ਼ਦ ਦੇ ਆਗੂਆਂ ਨੇ ਪਹਿਲਾਂ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਮਿਲ ਕੇ ਗੱਲਬਾਤ ਕੀਤੀ, ਤਾਂ ਉਹਨਾਂ ਨੇ ਸਟਾਫ ਦੀ ਘਾਟ ਦਾ ਰੋਣਾ ਰੋਇਆ। ਇਸ ਤੋਂ ਬਾਅਦ ਜਦੋਂ ਫੋਰਸ ਦੇ ਆਗੂ ਤਹਿਸੀਲਦਾਰ  ਨੂੰ ਮਿਲੇ , ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ “ਸਰਵਰ ਡਾਊਨ ਦੀ ਸੱਮਸਿਆ ਨੂੰ ਠੀਕ ਕਰਨਾ ਮੇਰੀ ਜਿੰਮੇਵਾਰੀ ਨਹੀਂ ਹੈ, ਇਸ ਦਾ ਪ੍ਰਬੰਧ ਡੀ.ਸੀ. ਜਾਂ ਜੀ.ਐਲ.ਏ. ਹੀ ਕਰ ਸਕਦੇ ਹਨ।”
​ਫੋਰਸ ਦੇ ਆਗੂਆਂ ਨੇ ਇਹ ਵੀ ਮੁਸਕਿਲ ਦੱਸੀ ਕਿ ਜਿਨ੍ਹਾਂ ਦੇ ਪੁਰਾਣੇ ਐਸ.ਸੀ. ਸਰਟੀਫਿਕੇਟ ਬਣੇ ਹੋਏ ਹਨ, ਉਹ ਆਨਲਾਈਨ ਨਹੀਂ ਹੋ ਰਹੇ, ਜਿਸ ਕਰਕੇ ਸੱਮਸਿਆਂ ਹੋਰ ਗੁੰਝਲਦਾਰ ਬਣਦੀ ਜਾ ਰਹੀ ਹੈ। ਇਸ ‘ਤੇ ਤਹਿਸੀਲਦਾਰ ਨੇ ਕਿਹਾ ਕਿ ਪੁਰਾਣੇ ਸਰਟੀਫਿਕੇਟ ਚੱਲਣੇ ਚਾਹੀਦੇ ਹਨ, ਉਹਨਾਂ ਨੂੰ ਕੋਈ ਚੈਲਿੰਜ ਨਹੀਂ ਕਰ ਸਕਦਾ। ਫੋਰਸ ਨੇ ਮੰਗ ਕੀਤੀ ਕਿ ਇਸ ਸਬੰਧੀ ਲਿਖਤੀ ਜਾਣਕਾਰੀ ਬੋਰਡ ‘ਤੇ ਡਿਸਪਲੇ ਕੀਤੀ ਜਾਵੇ ਤਾਂ ਜੋ ਲੋਕ ਜਾਗਰੂਕ ਹੋ ਸਕਣ।

ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਐਸ.ਸੀ. ਸਰਟੀਫਿਕੇਟ ਸਬੰਧੀ ਕੀਤੀ ਜਾ ਰਹੀ ਇਸ ਖਜਲ-ਖੁਆਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਲੋੜਵੰਦ ਲਾਭਪਾਤਰੀਆ ਐਸਸੀ ਸਰਟੀਫਿਕੇਟ ਮਿਲ ਸਕਣ

Leave a Reply

Your email address will not be published. Required fields are marked *

Copyright © All rights reserved. | Newsphere by AF themes.