ਹਰਿਆਣਾ ਵਿੱਚ ਲਾਂਚ ਹੋਵੇਗਾ ਏ.ਆਈ. ਸੈਂਡਬਾਕਸ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਅਰਜੁਨ ਐਸ.ਪੀ.ਬੀ. ਹੋਵੇਗੀ ਗਠਿਤ, ਸਮੀਖਿਆ ਲਈ ਹਰ ਤੀਜੇ ਮਹੀਨੇ ਹੋਵੇਗੀ ਮੀਟਿੰਗ
ਚੰਡੀਗੜ੍ਹ, ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ‘ਹਰਿਆਣਾ ਕਲੀਨ ਏਅਰ ਪ੍ਰੋਜੈਕਟ ਫੌਰ ਸਸਟੇਨੇਬਲ ਡਿਵੈਲਪਮੈਂਟ’ ਅਤੇ ‘ਹਰਿਆਣਾ ਏ.ਆਈ. ਡਿਵੈਲਪਮੈਂਟ ਪ੍ਰੋਜੈਕਟ’ ਤਿਆਰ ਕੀਤੇ ਗਏ ਹਨ। ਇਨ੍ਹਾਂ ਰਾਹੀਂ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਸੂਬੇ ਵਿੱਚ ਸ਼ੁਰੂ ਕੀਤੇ ਗਏ ਕਲੀਨ ਏਅਰ ਅਤੇ ਏ.ਆਈ. ਪ੍ਰੋਜੈਕਟਾਂ ਦੀ ਵਿਸਥਾਰ ਨਾਲ ਸਮੀਖਿਆ ਕਰ ਰਹੇ ਸਨ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਅਰੁਣ ਗੁਪਤਾ, ਕਮਿਸ਼ਨਰ ਅਤੇ ਸਕੱਤਰ ਕ੍ਰਿਡ ਜੇ. ਗਣੇਸ਼ਨ, ਸੰਯੁਕਤ ਸਕੱਤਰ ਦੀਪਕ ਕੁਮਾਰ, ਕ੍ਰਿਡ ਦੇ ਸੀ.ਪੀ.ਓ. ਨਿਤਿਨ ਬੰਸਲ, ਨਿਨਾਦ ਰਾਜਪੂਤ, ਪੁਲੀਨ ਸਿੰਘ, ਸਾਂਗਰ ਜੈਨ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ‘ਹਰਿਆਣਾ ਕਲੀਨ ਏਅਰ ਪ੍ਰੋਜੈਕਟ’ ਤਹਿਤ 3,647 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ, ਗੁਰੂਗ੍ਰਾਮ ਮੈਟਰੋਪੋਲੀਟਨ ਸਿਟੀ ਬੱਸ ਸੇਵਾ, ਹਰਿਆਣਾ ਸਿਟੀ ਬੱਸ ਸੇਵਾ, ਵਿਕਾਸ ਅਤੇ ਪੰਚਾਇਤ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ, ਟਰਾਂਸਪੋਰਟ, ਉਦਯੋਗਿਕ ਅਤੇ ਵਣਜ ਅਤੇ ਸ਼ਹਿਰੀ ਸਥਾਨਕ ਨਿਕਾਏ ਵਿਭਾਗ ਸਮੇਤ 9 ਵਿਭਾਗ ਮਿਲ ਕੇ ਕੰਮ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ‘ਅਰਜੁਨ ਐਸ.ਪੀ.ਵੀ.’ ਗਠਿਤ ਕਰਕੇ ਪ੍ਰੋਜੈਕਟ ਦੀ ਹਰ ਤੀਜੇ ਮਹੀਨੇ ਮੀਟਿੰਗ ਆਯੋਜਿਤ ਕਰਕੇ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਜਨਤਾ ਨੂੰ ਲਾਭ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ‘ਹਰਿਆਣਾ ਏ.ਆਈ. ਡਿਵੈਲਪਮੈਂਟ ਪ੍ਰੋਗਰਾਮ’ ਤਹਿਤ ਪੰਚਕੂਲਾ ਵਿੱਚ ਸਟੇਟ ਏ.ਆਈ. ਡਾਟਾ ਸੈਂਟਰ ਅਤੇ ਗੁਰੂਗ੍ਰਾਮ ਵਿੱਚ ਜੀ.ਏ.ਆਈ.ਸੀ. ਬਣਾਇਆ ਜਾ ਰਿਹਾ ਹੈ। ਇਨ੍ਹਾਂ ‘ਤੇ 474 ਕਰੋੜ ਰੁਪਏ ਦੀ ਲਾਗਤ ਆਵੇਗੀ। ਸੂਬੇ ਦਾ ਆਪਣਾ ਏ.ਆਈ. ਦਾ ਸਟੇਟ ਡਾਟਾ ਸੈਂਟਰ ਹੋਵੇਗਾ ਜਿਸ ਵਿੱਚ ਪੂਰਨ ਰੂਪ ਵਿੱਚ ਪਾਰਦਰਸ਼ੀ ਅਤੇ ਸਹੀ ਡਾਟਾ ਇਕੱਠਾ ਹੋਵੇਗਾ ਅਤੇ ਉਸ ‘ਤੇ ਪੀ.ਪੀ.ਪੀ. ਨਾਲ ਮਿਲਾਨ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ 40 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਾਂ ਲਈ ਸਕਿੱਲ ਕੋਰਸ ਅਤੇ ਕੋਲਾਬੋਰੇਸ਼ਨ ਵਰਕਸ਼ਾਪ ਲਈ ਦੋ ਸੈਂਟਰ ਆਫ ਐਕਸੀਲੈਂਸ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ‘ਏ.ਆਈ. ਸੈਂਡਬਾਕਸ’ ਲਾਂਚ ਕੀਤਾ ਜਾਵੇਗਾ। ਹਰਿਆਣਾ ਡਾਟਾ ਐਕਸਚੇਂਜ ਅਤੇ ਹਰਿਆਣਾ ਸਟੇਟ ਡਾਟਾ ਲੇਕ ਪਲੇਟਫਾਰਮ ਬਿਹਤਰ ਸੇਵਾਵਾਂ ਲਈ ਤਿਆਰ ਹੋ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ‘ਏਅਰ ਕੁਆਲਿਟੀ ਕੰਟਰੋਲ ਪ੍ਰੋਜੈਕਟ’ ਰਾਹੀਂ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਝੱਜਰ ਵਿੱਚ 90 ਕਰੋੜ ਰੁਪਏ ਦੀ ਲਾਗਤ ਨਾਲ 500 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ ਲਈ 200 ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ। ਚਾਰਜਿੰਗ ਸਟੇਸ਼ਨ ਲਈ ਪ੍ਰੋਤਸਾਹਨ ਵੀ ਦਿੱਤਾ ਜਾਵੇਗਾ। ਨਵੇਂ ਇਲੈਕਟ੍ਰਿਕ ਥ੍ਰੀ-ਵਹੀਲਰ ਅਤੇ ਪੁਰਾਣੇ ਥ੍ਰੀ-ਵਹੀਲਰਾਂ ਨੂੰ ਬਦਲਣ ਲਈ ਪ੍ਰੋਤਸਾਹਨ, ਉਦਯੋਗਾਂ ਲਈ ਕਲੀਨਰ ਡੀ.ਜੀ. ਸੈੱਟ ਦੀ ਵਰਤੋਂ ਨੂੰ ਪ੍ਰਮੋਟ ਕਰਨ ਅਤੇ ਉਦਯੋਗਾਂ ਵਿੱਚ ਸੀ.ਈ.ਐਮ.ਐਸ. ਡਿਵਾਈਸ ਦੇ ਇੰਸਟਾਲੇਸ਼ਨ ‘ਤੇ ਪ੍ਰੋਤਸਾਹਨ ਦੇਣ ਅਤੇ ਸ਼ਹਿਰੀ ਸਥਾਨਕ ਨਿਕਾਯਾਂ ਵਿੱਚ ਡਸਟ ਅਤੇ ਵੇਸਟ ਮੈਨੇਜਮੈਂਟ ਦੀ ਸਮਰੱਥਾ ਨੂੰ ਵਧਾਉਣ ਲਈ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣ, ਏਅਰ ਕੁਆਲਿਟੀ ਲਈ ਬਾਇਓ-ਡੀਕੰਪੋਜ਼ਰ ਦੀ ਵਰਤੋਂ ‘ਤੇ ਰਿਸਰਚ, ਲੈਬ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਅਤੇ ਸੀ.ਏ.ਕਿਊ.ਐੱਮ. ਸਟੇਸ਼ਨ ਵਿਕਸਿਤ ਕਰਨ ਦੇ ਕੰਮ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਏਅਰ ਕੁਆਲਿਟੀ ਚੈਕ ਕਰਨ ਲਈ ਸੂਬੇ ਵਿੱਚ ਦੋ ਮੋਬਾਈਲ ਵੈਨ ਵੀ ਤਿਆਰ ਕੀਤੀਆਂ ਜਾਣਗੀਆਂ, ਜਿਸ ਨਾਲ ਸੂਬੇ ਦੇ ਕਿਸੇ ਵੀ ਖੇਤਰ ਵਿੱਚ ਜਾ ਕੇ ਏ.ਆਈ.ਕਿਊ. ਦੀ ਜਾਂਚ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਐਸ.ਪੀ.ਵੀ. ਸੈੱਟਅੱਪ ਅਤੇ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦਾ ਵਿਸਥਾਰ ਕਰਨ ਵਰਗੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜਲਦ ਹੀ ‘ਹਰਿਆਣਾ ਡਾਟਾ ਐਕਸਚੇਂਜ ਪਾਲਿਸੀ’ ਲਿਆਂਈ ਜਾਵੇਗੀ ਜਿਸ ਵਿੱਚ ਬਿਹਤਰ ਇਨਫ੍ਰਾਸਟ੍ਰਕਚਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ‘ਏ.ਆਈ. ਗੁਰੂਕੁਲ’ ਲਾਂਚ ਕੀਤਾ ਜਾਵੇਗਾ ਜਿਸ ਰਾਹੀਂ ਬੱਚਿਆਂ ਨੂੰ ਏ.ਆਈ. ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਅਜਿਹੇ ਬੱਚਿਆਂ ਦੀ ਇੱਕ ਸਾਲ ਵਿੱਚ ਆਸਾਨੀ ਨਾਲ ਪਲੇਸਮੈਂਟ ਹੋ ਸਕੇਗੀ।
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਮਨ ਸੈਣੀ ਨੇ ਵਧਾਈ ਸਮਾਰੋਹ ਦੀ ਸ਼ਾਨ
ਚੰਡੀਗੜ੍ਹ,
( ਜਸਟਿਸ ਨਿਊਜ਼ )
– ਹਰਿਆਣਾ ਲੋਕ ਭਵਨ ਵਿੱਚ ਅੱਜ ਪੱਛਮੀ ਬੰਗਾਲ ਸਥਾਪਨਾ ਦਿਵਸ ਬੜੇ ਉਤਸ਼ਾਹ, ਮਾਣ ਅਤੇ ਸੱਭਿਆਚਾਰਕ ਉੱਲਾਸ ਨਾਲ ਮਨਾਇਆ ਗਿਆ। ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਫ਼ਸਟ ਲੇਡੀ ਸ੍ਰੀਮਤੀ ਮਿਤਰਾ ਘੋਸ਼, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਮਨ ਸੈਣੀ ਅਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਸਿੰਘ ਕਲਿਆਣ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰੇਸ਼ਮਾ ਕਲਿਆਣ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
ਸਮਾਰੋਹ ਨੂੰ ਸੰਬੋਧਿਤ ਕਰਦਿਆਂ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸਮੂਹ ਹਾਜ਼ਰੀਨ ਨੂੰ ਪੱਛਮੀ ਬੰਗਾਲ ਸਥਾਪਨਾ ਦਿਵਸ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਸਿਰਫ਼ ਇੱਕ ਰਾਜ ਨਹੀਂ, ਸਗੋਂ ਭਾਰਤ ਦੀ ਸੱਭਿਆਚਾਰਕ, ਬੌਧਿਕ ਅਤੇ ਅਧਿਆਤਮਿਕ ਚੇਤਨਾ ਦਾ ਇੱਕ ਮਜ਼ਬੂਤ ਕੇਂਦਰ ਰਿਹਾ ਹੈ। ਪੱਛਮੀ ਬੰਗਾਲ ਦੇ ਲੋਕ ਆਪਣੀ ਅਮੀਰ ਵਿਰਾਸਤ, ਪਰੰਪਰਾਵਾਂ ਅਤੇ ਸੱਭਿਆਚਾਰਕ ਮੁੱਲਾਂ ਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖਦੇ ਹਨ।
ਰਾਜਪਾਲ ਨੇ ਕਿਹਾ ਕਿ ਬੰਗਾਲ ਨੇ ਭਾਰਤ ਦੇ ਨਵਜਾਗਰਣ ਵਿੱਚ ਨਾ ਸਿਰਫ਼ ਹਿੱਸਾ ਲਿਆ, ਸਗੋਂ ਉਸ ਦੀ ਅਗਵਾਈ ਵੀ ਕੀਤੀ। ਸਮਾਜ ਸੁਧਾਰ, ਸਿੱਖਿਆ, ਸਾਹਿਤ, ਕਲਾ, ਵਿਗਿਆਨ ਅਤੇ ਸੁਤੰਤਰਤਾ ਸੰਗਰਾਮ ਦੇ ਖੇਤਰ ਵਿੱਚ ਪੱਛਮੀ ਬੰਗਾਲ ਦਾ ਯੋਗਦਾਨ ਅਦੁੱਤੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਨੇ ਅਜਿਹੇ ਮਹਾਨ ਵਿਅਕਤੀ ਦਿੱਤੇ, ਜਿਨ੍ਹਾਂ ਨੇ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।
ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਪੱਛਮੀ ਬੰਗਾਲ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਸਾਹਿਤ, ਸੰਗੀਤ, ਕਲਾ, ਦਸਤਕਾਰੀ ਅਤੇ ਲੋਕ ਪਰੰਪਰਾਵਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਵਿਭਿੰਨਤਾਵਾਂ ਨਾਲ ਭਰੇ ਭਾਰਤ ਦੀ ਸ਼ਕਤੀ ਉਸ ਦੀ ਸੱਭਿਆਚਾਰਕ ਏਕਤਾ ਵਿੱਚ ਨਿਹਿਤ ਹੈ ਅਤੇ ਅਜਿਹੇ ਆਯੋਜਨ “ਏਕ ਭਾਰਤ-ਸ੍ਰੇਸ਼ਠ ਭਾਰਤ” ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਇਸ ਤੋਂ ਪਹਿਲਾਂ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੱਛਮੀ ਬੰਗਾਲ ਸਥਾਪਨਾ ਦਿਵਸ ਦੇ ਮੌਕੇ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੇ ਸਥਾਪਨਾ ਦਿਵਸ ਮਨਾਉਣ ਦੀ ਪਰਿਕਲਪਨਾ ਦਾ ਸਿਹਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇਸ ਨਵੀਨਤਾਕਾਰੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਪਹਿਲਕਦਮੀ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ, ਪਰੰਪਰਾਵਾਂ, ਭਾਸ਼ਾ, ਕਲਾ ਅਤੇ ਵਿਰਾਸਤ ਨੂੰ ਜਾਣਨ ਅਤੇ ਸਮਝਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੇਸ਼ ਦੇ ਸਮਾਜਿਕ, ਸੱਭਿਆਚਾਰਕ, ਸਾਹਿਤਕ ਅਤੇ ਰਾਸ਼ਟਰੀ ਜੀਵਨ ਨੂੰ ਅਮੀਰ ਬਣਾਉਣ ਵਿੱਚ ਪੱਛਮੀ ਬੰਗਾਲ ਦੇ ਮਹੱਤਵਪੂਰਨ ਯੋਗਦਾਨ ‘ਤੇ ਵੀ ਚਾਨਣਾ ਪਾਇਆ।
ਪੱਛਮੀ ਬੰਗਾਲ ਨੇ ਭਾਰਤ ਦੇ ਨਵਜਾਗਰਣ ਦੀ ਅਗਵਾਈ ਕੀਤੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੱਛਮੀ ਬੰਗਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਉਤਸਵ ਦਾ ਮੌਕਾ ਨਹੀਂ ਹੈ, ਸਗੋਂ ਉਸ ਮਹਾਨ ਧਰਤੀ ਨੂੰ ਨਮਨ ਕਰਨ ਦਾ ਦਿਨ ਹੈ ਜਿਸ ਨੇ ਭਾਰਤ ਨੂੰ ਸੋਚਣਾ ਸਿਖਾਇਆ, ਜਾਗਣਾ ਸਿਖਾਇਆ ਅਤੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਕਰਨਾ ਸਿਖਾਇਆ। ਉਨ੍ਹਾਂ ਕਿਹਾ ਕਿ ਇਹ ਉਹੀ ਧਰਤੀ ਹੈ ਜਿਸ ਨੇ ਗੁਰੂਦੇਵ ਰਵਿੰਦਰ ਨਾਥ ਟੈਗੋਰ ਦਿੱਤੇ ਜਿਨ੍ਹਾਂ ਦੇ ਸ਼ਬਦਾਂ ਨੇ ਰਾਸ਼ਟਰ ਦੀ ਆਤਮਾ ਨੂੰ ਜਗਾਇਆ। ਜਿਸ ਨੇ ਸਵਾਮੀ ਵਿਵੇਕਾਨੰਦ ਵਰਗੇ ਮਹਾਨ ਸੰਤ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਓਜਸਵੀ ਵਿਚਾਰਾਂ ਅਤੇ ਇਤਿਹਾਸਕ ਸੰਬੋਧਨ ਨੇ ਪੂਰੀ ਦੁਨੀਆ ਵਿੱਚ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਪਛਾਣ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਇਹ ਉਹੀ ਧਰਤੀ ਹੈ ਜਿਸ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਵਰਗੇ ਅਦੁੱਤੀ ਸੁਤੰਤਰਤਾ ਸੈਨਾਨੀ ਦਿੱਤੇ, ਜਿਨ੍ਹਾਂ ਦੀ ਅਪੀਲ – “ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ”—ਅੱਜ ਵੀ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਰਾਸ਼ਟਰ ਭਗਤੀ ਦੀ ਭਾਵਨਾ ਦਾ ਸੰਚਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦਿੱਤੇ ਜਿਨ੍ਹਾਂ ਦੀ ਕਿਰਪਾ ਨਾਲ ਬੰਗਾਲ ਅਧਿਆਤਮਿਕਤਾ ਦੀ ਰਾਜਧਾਨੀ ਬਣਿਆ।
ਮੁੱਖ ਮੰਤਰੀ ਨੇ ਕਿਹਾ ਕਿ ਬੰਗਾਲ ਨੇ ਭਾਰਤ ਦੇ ਨਵਜਾਗਰਣ ਵਿੱਚ ਨਾ ਸਿਰਫ਼ ਭਾਗੀਦਾਰੀ ਕੀਤੀ, ਸਗੋਂ ਉਸ ਦੀ ਅਗਵਾਈ ਵੀ ਕੀਤੀ। ਸਾਹਿਤ, ਕਲਾ, ਸਿੱਖਿਆ, ਸਮਾਜ ਸੁਧਾਰ ਅਤੇ ਸੁਤੰਤਰਤਾ ਅੰਦੋਲਨ ਦੇ ਖੇਤਰ ਵਿੱਚ ਪੱਛਮੀ ਬੰਗਾਲ ਦਾ ਯੋਗਦਾਨ ਅਦੁੱਤੀ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਆਰਥਿਕ, ਸਮਾਜਿਕ ਅਤੇ ਤਕਨੀਕੀ ਦ੍ਰਿਸ਼ਟੀਕੋਣ ਤੋਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਮੁੱਖ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੱਛਮੀ ਬੰਗਾਲ, ਜਿਸ ਦੀ ਪਛਾਣ ਅਮੀਰ ਬੌਧਿਕ ਵਿਰਾਸਤ, ਊਰਜਾਵਾਨ ਯੁਵਾ ਸ਼ਕਤੀ, ਰਣਨੀਤਕ ਭੂਗੋਲਿਕ ਸਥਿਤੀ ਅਤੇ ਸੱਭਿਆਚਾਰਕ ਅਮੀਰੀ ਨਾਲ ਹੈ, ‘ਆਤਮਨਿਰਭਰ ਭਾਰਤ’ ਅਤੇ ‘ਵਿਕਸਿਤ ਭਾਰਤ-2047’ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਏਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਬੰਗਾਲ ‘ਪੂਰਵੋਦਯ’ ਦਾ ਕੇਂਦਰ ਬਣੇ ਅਤੇ ਪੂਰਬੀ ਭਾਰਤ ਦੇ ਵਿਕਾਸ ਦਾ ਇੰਜਣ ਬਣੇ। ਇਹ ਸੁਪਨਾ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਅਸੀਂ ਆਪਣੀਆਂ ਰਵਾਇਤੀ ਸ਼ਕਤੀਆਂ ਨੂੰ ਨਵੀਨਤਾ, ਉੱਦਮਸ਼ੀਲਤਾ ਅਤੇ ਨਵੀਂ ਸੋਚ ਨਾਲ ਜੋੜਦੇ ਹੋਏ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਾਂਗੇ।
ਸਮਾਰੋਹ ਦੌਰਾਨ ਪੱਛਮੀ ਬੰਗਾਲ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹੋਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮਿਸ਼ਟੀ ਅੱਡਾ ਦੇ ਕਲਾਕਾਰਾਂ ਅਤੇ ਪੰਡਿਤ ਸੁਭਾਸ਼ ਘੋਸ਼ ਦੀ ਟੀਮ ਨੇ ਰਵਾਇਤੀ ਲੋਕ ਨਾਚ, ਸੰਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੱਛਮੀ ਬੰਗਾਲ ਦੇ ਗੌਰਵਸ਼ਾਲੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ, ਜਿਸ ਦੀ ਮੌਜੂਦ ਮਹਿਮਾਨਾਂ ਨੇ ਸ਼ਲਾਘਾ ਕੀਤੀ।
ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਪੁਲਿਸ ਡਾਇਰੈਕਟਰ ਜਨਰਲ ਸ੍ਰੀ ਅਜੇ ਸਿੰਘਲ, ਵਧੀਕ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸੌਰਭ ਸਿੰਘ, ਰਾਜਪਾਲ ਦੇ ਸਕੱਤਰ ਸ੍ਰੀ ਵਿਜੇ ਕੁਮਾਰ ਭਾਵਿਕੱਟੀ, ਰਾਜਪਾਲ ਦੇ ਏ.ਡੀ.ਸੀ. ਸ੍ਰੀ ਧੀਰਜ ਸੇਤੀਆ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
ਸੂਬੇ ਨੂੰ ਜਲ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ‘ਜਲ ਸੰਰਕਸ਼ਿਤ ਹਰਿਆਣਾ’ ਪਰਿਯੋਜਨਾ ਪ੍ਰਵਾਨਿਤ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ
, ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਦੂਰਅੰਦੇਸ਼ੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਵਿਸ਼ਵ ਬੈਂਕ ਵੱਲੋਂ ਹਰਿਆਣਾ ਸੂਬੇ ਨੂੰ ਜਲ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ‘ਜਲ ਸੰਰਕਸ਼ਿਤ ਹਰਿਆਣਾ’ ਪਰਿਯੋਜਨਾ ਤਹਿਤ 5,714 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਵਿੱਚੋਂ 4,000 ਕਰੋੜ ਰੁਪਏ ਦਾ ਕਰਜ਼ਾ ਵਿਸ਼ਵ ਬੈਂਕ ਤੋਂ ਮਿਲੇਗਾ। ਇਸ ਪਰਿਯੋਜਨਾ ਵਿੱਚ ਸੂਬੇ ਦੇ 15 ਕਲੱਸਟਰ ਬਣਾਏ ਗਏ ਹਨ ਜਿਨ੍ਹਾਂ ਦਾ ਰਕਬਾ 48.94 ਲੱਖ ਏਕੜ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ‘ਜਲ ਸੰਰਕਸ਼ਿਤ ਹਰਿਆਣਾ’ ਪਰਿਯੋਜਨਾ ਨੂੰ ਲੈ ਕੇ ਆਯੋਜਿਤ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਾਣੀ ਦਾ ਬਾਰੀਕੀ ਨਾਲ ਪ੍ਰਬੰਧ ਕਰਨ ਦੀ ਬਿਹਤਰ ਯੋਜਨਾ ਬਣਾਓ ਅਤੇ ਉਸ ਨੂੰ ਜ਼ਮੀਨੀ ਪੱਧਰ ‘ਤੇ ਅਮਲ ਵਿੱਚ ਲਿਆਓ ਤਾਂ ਜੋ ਹਰ ਖੇਤ ਨੂੰ ਪਾਣੀ ਸੁਲਭ ਹੋ ਸਕੇ। ਉਨ੍ਹਾਂ ਕਿਹਾ ਕਿ ਸੋਧੇ ਹੋਏ ਪਾਣੀ ਦੀ ਵੀ ਸਹੀ ਵਰਤੋਂ ਅਤੇ ਪਾਣੀ ਦੀ ਬੱਚਤ ਦੇ ਨਾਲ ਜਲ ਦੀ ਇੱਕ-ਇੱਕ ਬੂੰਦ ਦੀ ਵਰਤੋਂ ਹੀ ਸਰਕਾਰ ਦਾ ਸੰਕਲਪ ਹੈ। ਇਸ ਤਰ੍ਹਾਂ ਦਾ ਡਿਜੀਟਲ ਵਾਟਰ ਸਿਸਟਮ ਹੋਣਾ ਚਾਹੀਦਾ ਹੈ ਜਿਸ ਨਾਲ ਸੂਬੇ ਵਿੱਚ ਵਾਟਰ ਬਜਟ ਅਤੇ ਉਸਦੀ ਵਰਤੋਂ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਸਕੇ।
ਪਿੰਡ ਪੱਧਰ ‘ਤੇ ਜਲ ਕਮੇਟੀਆਂ ਦਾ ਕੀਤਾ ਜਾਵੇ ਗਠਨ
ਮੁੱਖ ਮੰਤਰੀ ਨੇ ਕਿਹਾ ਕਿ ਵਾਟਰ ਕੋਰਸਾਂ (ਖਾਲਾਂ) ਨੂੰ ਬਣਾਉਣ ਵਿੱਚ ਪਿੰਡ ਦੀਆਂ ਜਲ ਕਮੇਟੀਆਂ ਨੂੰ ਪੂਰਨ ਰੂਪ ਵਿੱਚ ਭਾਗੀਦਾਰ ਬਣਾਇਆ ਜਾਵੇ ਅਤੇ ਉਨ੍ਹਾਂ ਲਈ ਵੱਖਰਾ ਫੰਡ ਬਣਾਇਆ ਜਾਵੇ। ਖਾਲਾਂ ਦੀ ਮੁਰੰਮਤ ਲਈ ਸਰਕਾਰ ਵੀ ਇਸ ਫੰਡ ਵਿੱਚ ਆਪਣਾ ਹਿੱਸਾ ਦੇਣ ਦਾ ਕੰਮ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ‘ਜਲ ਸੰਰਕਸ਼ਿਤ ਹਰਿਆਣਾ’ ਪ੍ਰੋਗਰਾਮ ਇੱਕ ਫਲੈਗਸ਼ਿਪ ਸਘਨ ਵਾਟਰ ਰਿਸੋਰਸ ਮੈਨੇਜਮੈਂਟ ਪ੍ਰੋਗਰਾਮ ਹੈ, ਇਸ ਰਾਹੀਂ ਛੇ ਸਾਲਾਂ ਦੌਰਾਨ ਸਾਲ 2026 ਤੋਂ 2032 ਦੀ ਮਿਆਦ ਵਿੱਚ ਪੜਾਅਵਾਰ ਕੰਮ ਕੀਤਾ ਜਾਵੇਗਾ। ਇਸ ਰਕਮ ਦੀ ਵਰਤੋਂ ਨਹਿਰੀ ਖੇਤਰ ਵਿੱਚ ਵਿਆਪਕ ਪੱਧਰ ‘ਤੇ ਕੀਤੇ ਜਾਣ ਵਾਲੇ ਕੰਮਾਂ ਲਈ ਹੋਵੇਗੀ, ਜਿਸ ਵਿੱਚ ਸੂਬੇ ਦੀਆਂ ਬਾਕੀ 678 ਨਹਿਰਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ। ਇਸ ਵਿੱਚ ਵਿਸ਼ਵ ਬੈਂਕ ਦੇ ਵਿੱਤੀ ਸਹਿਯੋਗ ਨਾਲ 2,484.87 ਕਰੋੜ ਰੁਪਏ ਦੀ ਲਾਗਤ ਨਾਲ 106 ਨਹਿਰਾਂ, ਰਾਜ ਬਜਟ ਨਾਲ 2,230 ਕਰੋੜ ਰੁਪਏ ਦੀ ਲਾਗਤ ਨਾਲ 293 ਨਹਿਰਾਂ ਅਤੇ ਨਾਬਾਰਡ ਵੱਲੋਂ 2,350 ਕਰੋੜ ਰੁਪਏ ਦੀ ਲਾਗਤ ਨਾਲ 279 ਨਹਿਰਾਂ ਦਾ ਮੁੜ ਨਿਰਮਾਣ ਸ਼ਾਮਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਿਕਾਡਾ ਵੱਲੋਂ 620 ਵਾਟਰ ਕੋਰਸਾਂ (ਖਾਲਾਂ) ਦਾ ਪੁਨਰ-ਉੱਧਾਰ ਕੀਤਾ ਜਾਵੇਗਾ ਜਿਸ ਨਾਲ 3.18 ਲੱਖ ਏਕੜ ਜ਼ਮੀਨ ‘ਤੇ ਸਿੰਚਾਈ ਸਹੂਲਤ ਸੁਲਭ ਹੋਵੇਗੀ। ਇਸ ਤੋਂ ਇਲਾਵਾ 120 ਨਹਿਰ ਅਧਾਰਿਤ ਸੂਖਮ ਸਿੰਚਾਈ ਕਾਰਜਾਂ ਨੂੰ ਵੀ ਅਮਲ ਵਿੱਚ ਲਿਆਂਦਾ ਜਾਵੇਗਾ ਜਿਸ ਨਾਲ 56,830 ਏਕੜ ਜ਼ਮੀਨ ‘ਤੇ ਸਿੰਚਾਈ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਸੂਬੇ ਵਿੱਚ 2 ਲੱਖ ਏਕੜ ਜਲ-ਭਰਾਵ ਵਾਲੀ ਜ਼ਮੀਨ ਦਾ ਸੁਧਾਰ ਕੀਤਾ ਜਾਵੇਗਾ ਅਤੇ ਡੀ.ਐਸ.ਆਰ. ਰਾਹੀਂ 5 ਲੱਖ ਏਕੜ ਜ਼ਮੀਨ ‘ਤੇ ਸਿੱਧੀ ਝੋਨੇ ਦੀ ਬਿਜਾਈ ਅਤੇ 1.12 ਲੱਖ ਏਕੜ ਜ਼ਮੀਨ ‘ਤੇ ਫਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਸਲੀ ਵਿਭਿੰਨਤਾ, ਝੋਨੇ ਦੀ ਸਿੱਧੀ ਬਿਜਾਈ ਅਤੇ ਹੋਰ ਉਪਾਵਾਂ ਰਾਹੀਂ ਟਿਕਾਊ ਅਤੇ ਜਲ-ਸੰਰਖਣ ਆਧਾਰਿਤ ਖੇਤੀ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।
7 ਜ਼ਿਲ੍ਹਿਆਂ ਵਿੱਚ 147 ਨਵੀਆਂ ਵਾਟਰ ਬਾਡੀਜ਼ ਦਾ ਹੋਵੇਗਾ ਨਿਰਮਾਣ
ਮੁੱਖ ਮੰਤਰੀ ਨੇ ਕਿਹਾ ਕਿ ਭੂ-ਜਲ ਪੁਨਰ-ਭਰਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹਰਿਆਣਾ ਦੇ ਭਿਵਾਨੀ, ਜੀਂਦ, ਕੈਥਲ, ਮਹਿੰਦਰਗੜ੍ਹ, ਰੇਵਾੜੀ, ਚਰਖੀ ਦਾਦਰੀ ਅਤੇ ਸਿਰਸਾ ਸਮੇਤ 7 ਜ਼ਿਲ੍ਹਿਆਂ ਵਿੱਚ ਲਗਭਗ 147 ਨਵੀਆਂ ਵਾਟਰ ਬਾਡੀਜ਼ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਨਾਲ ਗਰਾਊਂਡ ਵਾਟਰ ਰੀਚਾਰਜ ਹੋਵੇਗਾ। ਇਸ ਤੋਂ ਇਲਾਵਾ, ਜੀਂਦ ਵਿੱਚ 2, ਕੈਥਲ ਵਿੱਚ ਇੱਕ ਅਤੇ ਗੁਰੂਗ੍ਰਾਮ ਦੇ ਧਨਵਾਪੁਰ ਵਿੱਚ ਇੱਕ ਪ੍ਰਮੁੱਖ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਤੋਂ ਉਪਚਾਰਿਤ ਪਾਣੀ ਦੀ ਮੁੜ ਵਰਤੋਂ ਯਕੀਨੀ ਬਣਾਈ ਜਾਵੇਗੀ। ਇਸ ਤਰ੍ਹਾਂ ਇਨ੍ਹਾਂ ਚਾਰ ਐਸ.ਟੀ.ਪੀ. ਨਾਲ 28 ਹਜ਼ਾਰ ਏਕੜ ਜ਼ਮੀਨ ਕਵਰ ਹੋਵੇਗੀ ਅਤੇ ਇਸ ‘ਤੇ 282.13 ਕਰੋੜ ਦੀ ਲਾਗਤ ਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਬੈਂਕ ਨੇ ਇਸ ਪ੍ਰਾਪਤੀ ਲਈ ਸਰਕਾਰ ਦੀ ਦੂਰਅੰਦੇਸ਼ੀ ਅਗਵਾਈ ਅਤੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ ਹੈ ਅਤੇ ‘ਜਲ ਸੰਰਕਸ਼ਿਤ ਹਰਿਆਣਾ’ ਪਰਿਯੋਜਨਾ ਨੂੰ ਸੂਬੇ ਦੇ ਜਲ ਪ੍ਰਬੰਧਨ ਦ੍ਰਿਸ਼ਟੀਕੋਣ ਵਿੱਚ ਇੱਕ “ਆਦਰਸ਼ ਬਦਲਾਅ” ਕਰਾਰ ਦਿੱਤਾ ਹੈ। ਇਸ ਪਰਿਯੋਜਨਾ ਦੇ ਪੂਰਾ ਹੋਣ ‘ਤੇ ਹਰਿਆਣਾ ਸੂਬੇ ਦੀਆਂ ਸਾਰੀਆਂ ਨਹਿਰਾਂ ਦਾ ਮੁੜ ਨਿਰਮਾਣ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ‘ਜਲ ਸੰਰਕਸ਼ਿਤ ਹਰਿਆਣਾ’ ਪਰਿਯੋਜਨਾ ਨਾ ਸਿਰਫ਼ ਸੂਬੇ ਨੂੰ ਜਲ-ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ “ਮੀਲ ਦਾ ਪੱਥਰ” ਸਾਬਤ ਹੋਵੇਗੀ, ਸਗੋ ਇਹ ਭਵਿੱਖ ਦੀਆਂ ਪੀੜ੍ਹੀਆਂ ਲਈ ਸੁਰੱਖਿਅਤ, ਸਮਾਵੇਸ਼ੀ ਅਤੇ ਟਿਕਾਊ ਜਲ ਭਵਿੱਖ ਯਕੀਨੀ ਬਣਾਉਣ ਵਿੱਚ ਸਰਕਾਰ ਦੀ ਵਚਨਬੱਧਤਾ ਨੂੰ ਵੀ ਮਜ਼ਬੂਤੀ ਨਾਲ ਦਰਸਾਉਂਦੀ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਪ੍ਰਧਾਨ ਸਕੱਤਰ ਅਰੁਣ ਗੁਪਤਾ, ਸਿੰਚਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਅਗਰਵਾਲ, ਮਹਾਨਿਦੇਸ਼ਕ ਰਾਜ ਨਾਰਾਇਣ ਕੌਸ਼ਿਕ, ਪ੍ਰਮੁੱਖ ਇੰਜੀਨੀਅਰ ਬੀਰੇਂਦਰ ਸਿੰਘ, ਵਿਸ਼ਵ ਬੈਂਕ ਤੋਂ ਸ੍ਰੀ ਸੱਤਿਆ ਪ੍ਰਿਆ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਨੇ ਡਬਲ ਇੰਜਣ ਸਰਕਾਰ ਤਹਿਤ ਪੰਜਾਬ ਨੂੰ ਹੋਰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ-ਪੰਜਾਬ ਦੀ ਭਲਾਈ, ਰੁਜ਼ਗਾਰ ਸਿਰਜਣ ਅਤੇ ਐਮਐਸਪੀ ਦੇ ਸਮਰਥਨ ‘ਤੇ ਦਿੱਤਾ ਵਿਸ਼ੇਸ਼ ਜ਼ੋਰ
ਚੰਡੀਗੜ੍ਹ
,(ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪੰਜਾਬ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ ਅਤੇ ਡਬਲ ਇੰਜਣ ਸਰਕਾਰ ਤਹਿਤ ਸੂਬੇ ਵਿੱਚ ਤੇਜ਼ੀ ਨਾਲ ਵਿਕਾਸ ਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਨੌਜਵਾਨ ਵਿਦੇਸ਼ਾਂ ਵਿੱਚ ਰੁਜ਼ਗਾਰ ਭਾਲਣ ਲਈ ਮਜਬੂਰ ਹੋ ਕੇ ਗੈਰ-ਕਾਨੂੰਨੀ “ਡੌਂਕੀ ਰੂਟ” ਦਾ ਸਹਾਰਾ ਲੈ ਰਹੇ ਹਨ, ਜਦਕਿ ਹਰਿਆਣਾ ਨੇ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਇੱਕ ਸਮਰਪਿਤ ਵਿਦੇਸ਼ ਸਹਿਯੋਗ ਵਿਭਾਗ ਰਾਹੀਂ ਨੌਜਵਾਨਾਂ ਲਈ ਵਿਵਸਥਿਤ ਮੌਕੇ ਉਪਲਬਧ ਕਰਵਾਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਦੀਆਂ 5,500 ਤੋਂ ਵੱਧ ਅਰਜ਼ੀਆਂ ਦੀ ਮੌਜੂਦਾ ਸਮੇਂ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਪਹਿਲਕਦਮੀ ਤਹਿਤ ਬਿਨੈਕਾਰਾਂ ਨੂੰ ਸਿਰਫ਼ ਆਪਣੇ ਹਵਾਈ ਟਿਕਟ ਦਾ ਖਰਚਾ ਹੀ ਚੁੱਕਣਾ ਪੈਂਦਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਆਪਣੇ ਨਿਵਾਸ ਸੰਤ ਕਬੀਰ ਕੁਟੀਰ ਵਿਖੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਤੋਂ ਆਏ ਨਾਮਦੇਵ ਸਮਾਜ ਦੇ ਇੱਕ ਵਫ਼ਦ ਨੂੰ ਸੰਬੋਧਿਤ ਕਰ ਰਹੇ ਸਨ।
ਸਿੱਖਾਂ ਦੇ ਛੇਵੇਂ ਗੁਰੂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਲੋਕਾਂ ਨੂੰ ਅਨਿਆਂ ਦੇ ਵਿਰੁੱਧ ਖੜ੍ਹੇ ਹੋਣ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁੱਲ ਅੱਜ ਵੀ ਓਨੀਆਂ ਹੀ ਪ੍ਰਾਸੰਗਿਕ ਹਨ ਅਤੇ ਇਨ੍ਹਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।
ਪੰਜਾਬ ਦੇ ਵਿਕਾਸ ਦੀ ਦਿਸ਼ਾ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਸੈਣੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸਿੱਖ ਗੁਰੂਆਂ ਦੀ ਪਾਵਨ ਧਰਤੀ ਅੱਜ ਵੀ ਵਿਕਾਸ ਦੇ ਮਾਮਲੇ ਵਿੱਚ ਪਿਛੜੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਸਰਕਾਰਾਂ ਜਨਤਾ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਿੱਚ ਅਸਫਲ ਰਹੀਆਂ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਜਨਤਾ ਆਗਾਮੀ ਵਿਧਾਨਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨ ਦਾ ਮਨ ਬਣਾ ਚੁੱਕੀ ਹੈ।
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਅਜੇ ਤੱਕ ਪੂਰੀ ਨਹੀਂ ਹੋ ਸਕੀ ਹੈ। ਇਸ ਦੇ ਉਲਟ, ਹਰਿਆਣਾ ਸਰਕਾਰ ਨੇ ਦੀਨ ਦਿਆਲ ਲਾਡੋ ਲਛਮੀ ਯੋਜਨਾ ਤਹਿਤ ਸਾਲ 2025-26 ਦੇ ਬਜਟ ਵਿੱਚ 5,000 ਕਰੋੜ ਰੁਪਏ ਅਤੇ ਸਾਲ 2026-27 ਦੇ ਬਜਟ ਵਿੱਚ 6,500 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਇਸ ਸਕੀਮ ਤਹਿਤ ਯੋਗ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2,100 ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਦਿੱਤੇ ਜਾ ਰਹੇ ਹਨ। ਹੁਣ ਤੱਕ ਹਰਿਆਣਾ ਵਿੱਚ ਮਹਿਲਾ ਲਾਭਕਾਰਾਂ ਨੂੰ 1,600 ਕਰੋੜ ਰੁਪਏ ਦੀ ਰਕਮ ਵੰਡੀ ਜਾ ਚੁੱਕੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਵਿੱਚ ਸੀਨੀਅਰ ਨਾਗਰਿਕਾਂ ਨੂੰ ਬੁਢਾਪਾ ਸਨਮਾਨ ਭੱਤਾ ਯੋਜਨਾ ਤਹਿਤ ਪ੍ਰਤੀ ਮਹੀਨਾ 3,200 ਰੁਪਏ ਦਿੱਤੇ ਜਾਂਦੇ ਹਨ, ਜਦਕਿ ਪੰਜਾਬ ਵਿੱਚ ਇਹ ਰਕਮ 1,500 ਰੁਪਏ ਪ੍ਰਤੀ ਮਹੀਨਾ ਹੈ।
ਹਰਿਆਣਾ ਦੀਆਂ ਜਨ-ਭਲਾਈਕਾਰੀ ਅਤੇ ਵਿਕਾਸ ਯੋਜਨਾਵਾਂ ਦਾ ਵਰਨਣ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਆਗਾਮੀ ਵਿਧਾਨਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਜ਼ਨ ਅਤੇ ਨੀਤੀਆਂ ‘ਤੇ ਭਰੋਸਾ ਜਤਾਉਂਦੀ ਹੈ, ਤਾਂ ਇਸੇ ਤਰ੍ਹਾਂ ਦੇ ਲਾਭ ਪੰਜਾਬ ਵਿੱਚ ਵੀ ਉਪਲਬਧ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ‘ਤੇ ਕਿਸਾਨਾਂ ਦੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ‘ਤੇ ਖਰੀਦ ਯਕੀਨੀ ਬਣਾਈ ਜਾਵੇਗੀ, ਫਸਲਾਂ ਦੇ ਨੁਕਸਾਨ ‘ਤੇ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ, ਉਦਯੋਗਾਂ ਦੇ ਅਨੁਕੂਲ ਵਾਤਾਵਰਣ ਤਿਆਰ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।
ਵਫ਼ਦ ਨੇ ਉਨ੍ਹਾਂ ਨੂੰ ਸੱਦਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਉਨ੍ਹਾਂ ਦੇ ਸੰਵਾਦ ਅਤੇ ਪਹੁੰਚ ਦੀ ਸ਼ਲਾਘਾ ਕੀਤੀ। ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ‘ਤੇ ਧਿਆਨ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਗਾਮੀ ਵਿਧਾਨਸਭਾ ਚੋਣਾਂ ਵਿੱਚ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ।
Leave a Reply