August 17, 2026

Justice News

ਅਵਾਮ ਦੀ ਆਵਾਜ਼

UIDAI ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਦਿਲਾਈ 42 ਸਾਲਾ ਵਿਸ਼ੇਸ਼ ਲੋੜਾਂ ਵਾਲੀ ਮਹਿਲਾ ਨੂੰ ਪਛਾਣ

ਚੰਡੀਗੜ੍ਹ,

( ਜਸਟਿਸ ਨਿਊਜ਼ )

 ਚੰਡੀਗੜ੍ਹ ਦੀ ਇੱਕ 42 ਸਾਲਾ ਮਹਿਲਾ, ਜੋ ਬਚਪਨ ਤੋਂ ਗੰਭੀਰ ਵਿਕਾਸਾਤਮਕ ਅਪੰਗਤਾ ਤੋਂ ਪੀੜਤ ਹੈ, ਲੰਬੇ ਸਮੇਂ ਤੱਕ ਬਿਨਾਂ ਆਧਾਰ ਦੇ ਰਹਿ ਗਈ ਸੀ। ਉਸ ਦੀ ਸਥਿਤੀ ਦੇ ਕਾਰਨ ਉਹ ਖੁਦ ਸਰਕਾਰੀ ਦਫ਼ਤਰਾਂ ਜਾਂ Aadhaar Enrolment Centres ਨਹੀਂ ਜਾ ਸਕੀ, ਜਿਸ ਨਾਲ ਪਰਿਵਾਰ ਲਈ ਉਸ ਦਾ ਪਛਾਣ ਪੱਤਰ ਬਣਵਾਉਣਾ ਬੇਹੱਦ ਮੁਸ਼ਕਲ ਹੋ ਗਿਆ ਸੀ।

ਸਮੱਸਿਆ ਇਸ ਗੱਲ ਨਾਲ ਹੋਰ ਗੁੰਝਲਦਾਰ ਹੋ ਗਈ ਕਿ ਉਸ ਕੋਲ ਆਧਾਰ ਰਜਿਸਟ੍ਰੇਸ਼ਨ ਲਈ ਲੋੜੀਂਦੇ ਵੈਧ ਸਹਾਇਕ ਦਸਤਾਵੇਜ਼ ਵੀ ਨਹੀਂ ਸਨ। ਉਸ ਦੀ ਬਜ਼ੁਰਗ ਮਾਂ ਨੇ ਸਾਲਾਂ ਤੱਕ ਆਪਣੀ ਧੀ ਲਈ ਰਸਮੀ ਪਛਾਣ ਦਿਵਾਉਣ ਦਾ ਯਤਨ ਕੀਤਾ ਤਾਂ ਜੋ ਉਹ ਵਿਭਿੰਨ ਸਰਕਾਰੀ ਭਲਾਈ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਉਠਾ ਸਕੇ।

ਬੇਨਤੀ ਮਿਲਣ ‘ਤੇ UIDAI ਖੇਤਰੀ ਦਫ਼ਤਰ, ਚੰਡੀਗੜ੍ਹ ਨੇ ਮਾਮਲੇ ਨੂੰ ਤਰਜੀਹ ਦੇ ਆਧਾਰ ‘ਤੇ ਲਿਆ। ਕੇਸ ਦੀ ਬਾਰੀਕੀ ਨਾਲ ਜਾਂਚ ਕਰਕੇ ਇੱਕ ਸਮਾਧਾਨ-ਮੁਖੀ ਰਣਨੀਤੀ ਅਪਣਾਈ ਗਈ। ਕਿਉਂਕਿ ਆਧਾਰ ਰਜਿਸਟ੍ਰੇਸ਼ਨ ਲਈ ਵੈਧ ਸਹਾਇਕ ਦਸਤਾਵੇਜ਼ਾਂ ਦੀ ਲੋੜ ਸੀ, ਇਸ ਲਈ ਪਹਿਲਾਂ ਨਿਵਾਸੀ ਲਈ ਵੋਟਰ ਪਛਾਣ ਪੱਤਰ ਜਾਰੀ ਕਰਵਾਉਣ ਦੇ ਯਤਨ ਕੀਤੇ ਗਏ। ਲੋੜੀਂਦੇ ਦਸਤਾਵੇਜ਼ ਪ੍ਰਾਪਤ ਹੋਣ ਤੋਂ ਬਾਅਦ, ਆਧਾਰ ਸੇਵਾ ਕੇਂਦਰ (ASK), ਸੈਕਟਰ 17, ਚੰਡੀਗੜ੍ਹ ਤੋਂ ਇੱਕ ਮੋਬਾਈਲ ਐਨਰੋਲਮੈਂਟ ਕਿੱਟ ਰਿਹਾਇਸ਼ੀ ਸਥਾਨ ‘ਤੇ ਭੇਜੀ ਗਈ। ਦਸਤਾਵੇਜ਼ਾਂ ਅਤੇ ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਵੈਰੀਫਿਕੇਸ਼ਨ (ਪੜਤਾਲ) ਤੋਂ ਬਾਅਦ ਰਜਿਸਟ੍ਰੇਸ਼ਨ ਸਫ਼ਲਤਾਪੂਰਵਕ ਪੂਰੀ ਕੀਤੀ ਗਈ।

ਉਸ ਤੋਂ ਬਾਅਦ UIDAI ਖੇਤਰੀ ਦਫ਼ਤਰ, ਚੰਡੀਗੜ੍ਹ ਨੇ ਸਮੇਂ ਸਿਰ ਪ੍ਰੋਸੈਸਿੰਗ ਅਤੇ ਆਧਾਰ ਜਨਰੇਸ਼ਨ ਯਕੀਨੀ ਬਣਾਉਣ ਲਈ ਮਾਮਲੇ ਦੀ ਨਿਗਰਾਨੀ ਜਾਰੀ ਰੱਖੀ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਆਧਾਰ ਸਫ਼ਲਤਾਪੂਰਵਕ ਜਨਰੇਟ ਹੋਇਆ, ਜਿਸ ਨਾਲ ਨਿਵਾਸੀ ਨੂੰ ਆਪਣੀ ਪਛਾਣ ਸਥਾਪਿਤ ਕਰਨ ਅਤੇ ਵਿਭਿੰਨ ਸਰਕਾਰੀ ਭਲਾਈ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਉਠਾਉਣ ਵਿੱਚ ਮਦਦ ਮਿਲੀ।

ਧੰਨਵਾਦ ਪ੍ਰਗਟ ਕਰਦਿਆਂ ਨਿਵਾਸੀ ਦੀ ਬਜ਼ੁਰਗ ਮਾਂ ਨੇ UIDAI ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਸਮਰਥਨ ਅਤੇ ਤੁਰੰਤ ਦਖਲਅੰਦਾਜ਼ੀ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸਾਂਝਾ ਕੀਤਾ ਕਿ ਸਾਲਾਂ ਦੀ ਜੱਦੋਜਹਿਦ ਅਤੇ ਅਨਿਸ਼ਚਿਤਤਾ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਆਖਰਕਾਰ ਮਾਨਤਾ ਪ੍ਰਾਪਤ ਪਛਾਣ ਮਿਲ ਗਈ, ਜਿਸ ਨਾਲ ਪਰਿਵਾਰ ਨੂੰ ਬਹੁਤ ਜ਼ਿਆਦਾ ਰਾਹਤ ਅਤੇ ਖੁਸ਼ੀ ਮਿਲੀ।

ਇਹ ਪਹਿਲਕਦਮੀ ਸਾਰੇ ਯੋਗ ਨਿਵਾਸੀਆਂ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਲੋਕਾਂ ਲਈ ਪਛਾਣ ਸੇਵਾਵਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ, ਜਿਨ੍ਹਾਂ ਨੂੰ ਸਰੀਰਕ, ਵਿਕਾਸਾਤਮਕ ਜਾਂ ਗਤੀਸ਼ੀਲਤਾ ਸੰਬੰਧੀ ਚੁਣੌਤੀਆਂ ਦੇ ਕਾਰਨ ਸੇਵਾਵਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਹੁੰਦੀ ਹੈ। ਇਹ ਖੇਤਰੀ ਦਫ਼ਤਰ ਅਤੇ ਫੀਲਡ ਟੀਮਾਂ ਦੇ ਵਿਚਕਾਰ ਤਾਲਮੇਲ ਵਾਲੇ ਯਤਨਾਂ ਦੇ ਮਾਧਿਅਮ ਰਾਹੀਂ ਨਾਗਰਿਕ-ਕੇਂਦ੍ਰਿਤ ਪਹੁੰਚ ਦਾ ਪ੍ਰਤੀਕ ਹੈ, ਜੋ ਸਭ ਤੋਂ ਵੱਧ ਲੋੜਵੰਦ ਲੋਕਾਂ ਦੇ ਬੂਹੇ ਤੱਕ ਆਧਾਰ ਸੇਵਾਵਾਂ ਪਹੁੰਚਾ ਕੇ ਜੀਵਨ ਬਦਲ ਸਕਦੇ ਹਨ।

ਇੱਕ ਆਧਾਰ। ਇੱਕ ਪਛਾਣ। ਇੱਕ ਜੀਵਨ ਪਰਿਵਰਤਿਤ।

Leave a Reply

Your email address will not be published. Required fields are marked *

Copyright © All rights reserved. | Newsphere by AF themes.