ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ ‘ਤੇ ਅਪਲੋਡ ਕਰਨ ਦੇ ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼
ਮੁੱਖ ਮੰਤਰੀ ਨੇ ਹਰਿਆਣਾ ਵਿਜ਼ਨ-2047 ਤਹਿਤ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਅਗਲੇ 5 ਸਾਲਾਂ ਦੇ ਰੋਡਮੈਪ ਅਤੇ ਕਾਰਜ ਯੋਜਨਾ ਦੀ ਕੀਤੀ ਸਮੀਖਿਆ
ਚੰਡੀਗੜ੍ਹ
(ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੇ ਵਿਭਾਗ ਹਰਿਆਣਾ ਵਿਜ਼ਨ 2047 ਤਹਿਤ ਅਗਲੇ 5 ਸਾਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦਾ ਰੋਡਮੈਪ ਅਤੇ ਕਾਰਜ ਯੋਜਨਾ ਨੂੰ ਇਸ ਦੇ ਲਈ ਤਿਆਰ ਕੀਤੇ ਗਏ ਏਆਈ ਟੂਲ ‘ਤੇ ਅਪਲੋਡ ਕਰਨਾ ਯਕੀਨੀ ਬਣਾਉਣ ਤਾਂ ਜੋ ਉਹ ਖੁਦ ਇਸ ਦੀ ਵਿਆਪਕ ਸਮੀਖਿਆ ਕਰ ਸਕਣ।
ਮੁੱਖ ਮੰਤਰੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਹਰਿਆਣਾ ਵਿਜ਼ਨ-2047 ਤਹਿਤ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਅਗਲੇ 5 ਸਾਲਾਂ ਦੇ ਰੋਡਮੈਪ ਅਤੇ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੇ। ਉਹਨਾਂ ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਨਿਰਦੇਸ਼ ਦਿੱਤੇ ਕਿ ਪੁਲਿਸ ਮੁਲਾਜ਼ਮਾਂ ਲਈ ਲੋੜੀਂਦੀ ਗਿਣਤੀ ਵਿੱਚ ਉੱਚ ਗੁਣਵੱਤਾ ਵਾਲੇ ਮਕਾਨ ਤਿਆਰ ਕਰਨ ਦੀ ਕਾਰਜ ਯੋਜਨਾ ਤਿਆਰ ਕੀਤੀ ਜਾਵੇ।
ਮੁੱਖ ਮੰਤਰੀ ਨੇ ਦੱਸਿਆ ਕਿ ਸਾਰੇ ਵਿਭਾਗਾਂ ਦੀ ਅਗਲੇ 5 ਸਾਲਾਂ ਦੀ ਕਾਰਜ ਯੋਜਨਾ ਨੂੰ ਏਆਈ ਟੂਲ ‘ਤੇ ਅਪਲੋਡ ਕਰਕੇ ਉਹਨਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਵਿਕਸਿਤ ਦੇਸ਼ਾਂ ਦੀ ਤਰਜ਼ ‘ਤੇ ਹਰ ਵਿਭਾਗ ਨੂੰ ਵਿਕਸਿਤ ਭਾਰਤ ਲਈ ਤਿਆਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਰੇ ਵਿਭਾਗ ਸਾਲਾਨਾ ਕਾਰਜ ਯੋਜਨਾ ਦੇ ਨਾਲ-ਨਾਲ ਟੀਚਿਆਂ ਦੀ ਪ੍ਰਾਪਤੀ ਲਈ ਹਰ ਤਿਮਾਹੀ ਕੀਤੇ ਜਾਣ ਵਾਲੇ ਕਾਰਜਾਂ ਦਾ ਵੀ ਟਾਈਮਲਾਈਨ ਦੇ ਨਾਲ ਵੇਰਵਾ ਪੇਸ਼ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਹਰੇਕ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਤਿਮਾਹੀ ਦੇ ਅਧਾਰ ‘ਤੇ ਕਰਨਗੇ ਅਤੇ ਪਿਛਲੀ ਮੀਟਿੰਗ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਵਿੱਚ ਵਿਭਾਗ ਵੱਲੋਂ ਕੀਤੇ ਗਏ ਕਾਰਜਾਂ ਨੂੰ ਪਰਖਣਗੇ। ਉਹਨਾਂ ਕਿਹਾ ਕਿ ਸਾਰੇ ਵਿਭਾਗ ਆਪਣੀ ਪ੍ਰਗਤੀ ਰਿਪੋਰਟ ਮੀਟਿੰਗ ਤੋਂ 2 ਦਿਨ ਪਹਿਲਾਂ ਉਹਨਾਂ ਕੋਲ ਪਹੁੰਚਾਉਣੀ ਯਕੀਨੀ ਬਣਾਉਣ ਤਾਂ ਜੋ ਉਹ ਉਹਨਾਂ ਦਾ ਅਧਿਐਨ ਕਰਕੇ ਮੀਟਿੰਗ ਵਿੱਚ ਸਮੀਖਿਆ ਕਰ ਸਕਣ।
ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਆਲੋਕ ਮਿੱਤਲ ਨੇ ਦੱਸਿਆ ਕਿ ਸਾਲ 1989 ਵਿੱਚ ਸਥਾਪਿਤ ਹਰਿਆਣਾ ਪੁਲਿਸ ਕਾਰਪੋਰੇਸ਼ਨ ਵੱਲੋਂ ਪੁਲਿਸ ਮੁਲਾਜ਼ਮਾਂ ਲਈ 12,683 ਰਿਹਾਇਸ਼ੀ ਮਕਾਨ, 165 ਪੁਲਿਸ ਸਟੇਸ਼ਨ, 21 ਪੁਲਿਸ ਚੌਕੀਆਂ, 26 ਮਹਿਲਾ ਪੁਲਿਸ ਥਾਣੇ, 13 ਪੁਲਿਸ ਲਾਈਨਾਂ, 3 ਪੁਲਿਸ ਟ੍ਰੇਨਿੰਗ ਸੈਂਟਰ, 21 ਪੁਲਿਸ ਪਬਲਿਕ ਸਕੂਲ ਅਤੇ 400 ਹੋਰ ਗ਼ੈਰ-ਰਿਹਾਇਸ਼ੀ ਇਮਾਰਤਾਂ ਦਾ ਨਿਰਮਾਣ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਪੁਲਿਸ ਥਾਣਿਆਂ, ਪੁਲਿਸ ਲਾਈਨਾਂ ਅਤੇ ਸਿਖਲਾਈ ਕੇਂਦਰਾਂ ਨੂੰ 100 ਫੀਸਦੀ ਆਧੁਨਿਕ ਸਰੋਤਾਂ ਨਾਲ ਲੈਸ ਕਰੇ ਅਤੇ ਸਾਰੇ ਪ੍ਰੋਜੈਕਟਾਂ ਵਿੱਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖੇ। ਉਹਨਾਂ ਨੇ ਪੁਰਾਣੀਆਂ ਇਮਾਰਤਾਂ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲੈਂਦਿਆਂ ਕਿਹਾ ਕਿ ਨਵੀਆਂ ਬਣਨ ਵਾਲੀਆਂ ਸਾਰੀਆਂ ਇਮਾਰਤਾਂ ਨੂੰ ਵਿਦੇਸ਼ਾਂ ਦੀ ਤਰਜ਼ ‘ਤੇ ਐਨਰਜੀ ਐਫੀਸ਼ੀਐਂਟ ਅਤੇ ਗ੍ਰੀਨ ਬਿਲਡਿੰਗ ਵਜੋ ਤਿਆਰ ਕਰਵਾਇਆ ਜਾਵੇ।
ਇਸ ਮੌਕੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ, ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਆਲੋਕ ਮਿੱਤਲ ਅਤੇ ਮੁੱਖ ਮੰਤਰੀ ਦੇ ਓਐਸਡੀ ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਜ਼ਨ-2047 ਤਹਿਤ ਪੀਡਬਲਯੂਡੀ (ਬੀਐਂਡਆਰ) ਵਿਭਾਗ ਦੇ ਅਗਲੇ 5 ਸਾਲਾਂ ਦੇ ਰੋਡਮੈਪ ਅਤੇ ਕਾਰਜ ਯੋਜਨਾ ਦੀ ਸਮੀਖਿਆ ਬੈਠਕ ਵਿੱਚ ਦਿੱਤੇ ਵਿਸਤ੍ਰਿਤ ਦਿਸ਼ਾ-ਨਿਰਦੇਸ਼
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਹਨ ਕਿ ਪਹਿਲਾਂ ਕੀਤੇ ਗਏ ਐਲਾਨਾਂ ਅਨੁਸਾਰ ਸੂਬੇ ਦੀਆਂ 12 ਫੁੱਟ ਚੌੜਾਈ ਵਾਲੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਕਾਰਜ ਮਾਰਚ 2027 ਤੱਕ ਲਾਜ਼ਮੀ ਤੌਰ ‘ਤੇ ਪੂਰਾ ਕਰ ਲਿਆ ਜਾਵੇ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਹਰਿਆਣਾ ਵਿਜ਼ਨ-2047 ਤਹਿਤ ਪੀਡਬਲਯੂਡੀ (ਬੀਐਂਡਆਰ) ਵਿਭਾਗ ਦੇ ਅਗਲੇ 5 ਸਾਲਾਂ ਦੇ ਰੋਡਮੈਪ ਅਤੇ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਸੜਕਾਂ ਦਾ ਚੰਗੀ ਹਾਲਤ ਵਿੱਚ ਅਤੇ ਯੋਗ ਚੌੜਾਈ ਦਾ ਹੋਣਾ ਜ਼ਰੂਰੀ ਹੈ। ਇਸ ਦੇ ਲਈ ਪਹਿਲਾਂ ਕੀਤੇ ਗਏ ਮੁੱਖ ਮੰਤਰੀ ਐਲਾਨਾਂ ਅਨੁਸਾਰ ਸੂਬੇ ਵਿੱਚ ਸਾਰੀਆਂ 12 ਫੁੱਟ ਦੀਆਂ ਸੜਕਾਂ ਦੀ ਚੌੜਾਈ ਨੂੰ 18 ਫੁੱਟ ਕੀਤਾ ਜਾਵੇ। ਇਹ ਕਾਰਜ ਇਸ ਵਿੱਤੀ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਪੂਰਾ ਕੀਤਾ ਜਾਵੇ। ਇਸ ਕਾਰਜ ਦੀ ਸਥਿਤੀ ਪੁੱਛਣ ‘ਤੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ 3240 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ 12 ਫੁੱਟ ਚੌੜਾਈ ਦੀਆਂ ਹਨ, ਜਿਨ੍ਹਾਂ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚੋਂ 1696 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਚੌੜਾ ਕਰਨ ਦਾ ਕਾਰਜ ਪ੍ਰਗਤੀ ਅਧੀਨ ਹੈ ਅਤੇ ਬਾਕੀ 1544 ਕਿਲੋਮੀਟਰ ਸੜਕਾਂ ਨੂੰ ਇਸੇ ਸਾਲ 18 ਫੁੱਟ ਚੌੜਾ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਣਾਈਆਂ ਜਾ ਰਹੀਆਂ ਸੜਕਾਂ ਦੀ ਗੁਣਵੱਤਾ, ਇਹਨਾਂ ‘ਤੇ ਸਾਈਨ ਬੋਰਡ, ਬਰਮ ਅਤੇ ਚਿੱਟੀ ਪੱਟੀ ਲਗਵਾਉਣਾ ਵੀ ਯਕੀਨੀ ਬਣਾਇਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਧੂੜ-ਮਿੱਟੀ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸੜਕਾਂ ਦੇ ਆਲੇ-ਦੁਆਲੇ ਪੇਵਰ-ਬਲਾਕ ਜਾਂ ਘਾਹ ਲਗਵਾਇਆ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਜ ਲਈ ਪਹਿਲੇ ਪੜਾਅ ਹੇਠ 6 ਸ਼ਹਿਰੀ ਖੇਤਰਾਂ ਦੀਆਂ 368 ਕਿਲੋਮੀਟਰ ਲੰਬਾਈ ਦੀਆਂ 138 ਸੜਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਤਹਿਤ ਸੋਨੀਪਤ, ਫਰੀਦਾਬਾਦ, ਗੁਰੂਗ੍ਰਾਮ, ਪਾਣੀਪਤ, ਰੋਹਤਕ ਅਤੇ ਕਰਨਾਲ ਜ਼ਿਲ੍ਹਿਆਂ ਵਿੱਚ ਸੜਕਾਂ ਦੇ ਆਲੇ-ਦੁਆਲੇ ਟਾਈਲਾਂ ਅਤੇ ਗ੍ਰੀਨ ਏਰੀਆ ਵਿਕਸਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਕਾਰਜ ਨਵੰਬਰ 2027 ਤੱਕ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ।
ਸੂਬੇ ਵਿੱਚ ਰੇਲਵੇ ਕਰਾਸਿੰਗ ਦੇ ਫਾਟਕਾਂ ਨੂੰ ਮਾਨਵ ਰਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਜ ਵੱਖ-ਵੱਖ ਵਿਭਾਗਾਂ ਅਤੇ ਰੇਲਵੇ ਰਾਹੀਂ ਕੀਤਾ ਜਾ ਰਿਹਾ ਹੈ, ਕੁਝ ਥਾਵਾਂ ‘ਤੇ ਰੇਲਵੇ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਕਾਰਜ ਪੂਰੇ ਨਹੀਂ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ-ਜਿੱਥੇ ਰੇਲਵੇ ਦੀ ਇਜਾਜ਼ਤ ਕਾਰਨ ਕਾਰਜ ਰੁਕੇ ਹੋਏ ਹਨ, ਉਹਨਾਂ ਦੀ ਸੂਚੀ ਤਿਆਰ ਕਰੋ, ਉਹ ਖੁਦ ਰੇਲ ਮੰਤਰੀ ਨੂੰ ਮਿਲ ਕੇ ਇਹਨਾਂ ਅੜਚਨਾਂ ਨੂੰ ਦੂਰ ਕਰਵਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਪੱਧਰ ‘ਤੇ ਕੀਤੇ ਜਾਣ ਵਾਲੇ ਕਾਰਜ ਪ੍ਰਾਥਮਿਕਤਾ ਅਧਾਰ ‘ਤੇ ਜਲਦੀ ਪੂਰੇ ਕਰਵਾਏ ਜਾਣ।
ਬਾਈਪਾਸ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਕੀਤੀ
ਮੁੱਖ ਮੰਤਰੀ ਨੇ ਆਮ ਲੋਕਾਂ ਦੀ ਸਹੂਲਤ ਲਈ ਸੂਬੇ ਵਿੱਚ ਬਣਾਏ ਜਾ ਰਹੇ ਸਾਰੇ ਬਾਈਪਾਸ ਦੇ ਨਿਰਮਾਣ ਕਾਰਜਾਂ ਦੀ ਵੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਨਿਰਮਾਣ ਅਧੀਨ 17 ਵਿੱਚੋਂ 4 ਬਾਈਪਾਸਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ, ਕੁਝ ‘ਤੇ ਕਾਰਜ ਚੱਲ ਰਿਹਾ ਹੈ ਅਤੇ ਕੁਝ ਥਾਵਾਂ ‘ਤੇ ਜ਼ਮੀਨ ਦੀ ਘਾਟ ਆੜੇ ਆ ਰਹੀ ਹੈ। ਇਸ ‘ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਮੀਨ ਐਕਵਾਇਰ ਕਰਨ ਦਾ ਕਾਰਜ ਸੰਬੰਧਿਤ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਰਾਥਮਿਕਤਾ ਨਾਲ ਪੂਰਾ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਕੁਰੂਕਸ਼ੇਤਰ ਵਿੱਚ ਬਣੇ ਐਲੀਵੇਟਿਡ ਟ੍ਰੈਕ ਦੇ ਹੇਠਾਂ ਹਲਕੇ ਵਾਹਨਾਂ ਲਈ ਸੜਕ ਬਣਾਉਣ ਦਾ ਪ੍ਰਸਤਾਵ ਤਿਆਰ ਕੀਤਾ ਜਾਵੇ।
2028 ਤੱਕ ਹਰ ਇਮਾਰਤ ‘ਤੇ ਹੋਵੇਗਾ ਸੋਲਰ ਪੈਨਲ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ, ਗੋਦਾਮਾਂ, ਮਾਰਕੀਟ ਕਮੇਟੀ ਦੇ ਸ਼ੈਡਾਂ ਅਤੇ ਸਾਰੇ ਘਰਾਂ ‘ਤੇ ਸੋਲਰ ਪੈਨਲ ਲਗਾਉਣ ਦੀ ਕਾਰਜ ਯੋਜਨਾ ਬਣਾਈ ਜਾਵੇ ਤਾਂ ਜੋ ਸੂਬੇ ਨੂੰ ਬਾਹਰੋਂ ਬਿਜਲੀ ਖਰੀਦਣ ਦੀ ਲੋੜ ਨਾ ਪਵੇ। ਉਹਨਾਂ ਕਿਹਾ ਕਿ 2028 ਤੱਕ ਸੂਬੇ ਵਿੱਚ ਇੱਕ ਵੀ ਇਮਾਰਤ ਅਜਿਹੀ ਨਾ ਬਚੇ ਜਿਸ ‘ਤੇ ਸੋਲਰ ਪੈਨਲ ਨਾ ਲੱਗਿਆ ਹੋਵੇ। ਇਸ ਦੇ ਲਈ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਦੇ ਨਾਲ-ਨਾਲ ਨਿੱਜੀ ਕੰਪਨੀਆਂ ਦੀ ਵੀ ਮਦਦ ਲਈ ਜਾਵੇ। ਇਸ ਦੇ ਲਈ ਆਮ ਲੋਕਾਂ ਨੂੰ ਕੇਂਦਰ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਵੀ ਵੱਖਰੇ ਤੌਰ ‘ਤੇ ਸਬਸਿਡੀ ਦਿੱਤੀ ਜਾਵੇਗੀ। ਉਦਯੋਗਿਕ ਇਕਾਈਆਂ ਵਿੱਚ ਸੋਲਰ ਪੈਨਲ ਲਗਾਉਣ ਲਈ ਆਕਰਸ਼ਕ ਯੋਜਨਾ ਤਿਆਰ ਕਰਨ ਅਤੇ ਬਿਲਡਿੰਗ ਕੋਡ ਵਿੱਚ ਲੋੜੀਂਦੀ ਸੋਧ ਕਰਨ ਦੇ ਸੰਬੰਧ ਵਿੱਚ ਵੀ ਉਹਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਹਰ 50 ਕਿਲੋਮੀਟਰ ‘ਤੇ ਇੱਕ ਈਵੀ ਚਾਰਜਿੰਗ ਸਟੇਸ਼ਨ ਲੱਗੇਗਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਸਾਰੀਆਂ ਨਵੀਆਂ ਬਣਨ ਵਾਲੀਆਂ ਸਰਕਾਰੀ ਇਮਾਰਤਾਂ ਵਿੱਚ ਈਵੀ ਚਾਰਜਿੰਗ ਸਟੇਸ਼ਨ ਦੀ ਵਿਵਸਥਾ ਕੀਤੀ ਜਾਵੇ, ਜਿਸ ਦੇ ਲਈ ਕੇਂਦਰ ਸਰਕਾਰ ਵਿੱਤੀ ਸਹਾਇਤਾ ਦਿੰਦੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਹਰ 50 ਕਿਲੋਮੀਟਰ ਦੇ ਦਾਇਰੇ ਵਿੱਚ ਘੱਟੋ-ਘੱਟ ਇੱਕ ਈਵੀ ਚਾਰਜਿੰਗ ਸਟੇਸ਼ਨ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਵਿੱਚ ਈਵੀ ਵਾਹਨਾਂ ਪ੍ਰਤੀ ਰੁਝਾਨ ਵਧੇ। ਉਹਨਾਂ ਨੇ ਸਾਰੀਆਂ ਇਮਾਰਤਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਸਥਾਪਿਤ ਕਰਨ ਦੀ ਕਾਰਜ ਯੋਜਨਾ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।
ਜ਼ਿਲ੍ਹਿਆਂ ਵਿੱਚ ਬਣਨਗੇ ਨਵੇਂ ਵਿਸ਼ਰਾਮ ਗ੍ਰਹਿ
ਮੁੱਖ ਮੰਤਰੀ ਨੇ ਕੁਰੂਕਸ਼ੇਤਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਨਵੇਂ ਰੈਸਟ ਹਾਊਸ ਬਣਾਉਣ ਦੇ ਕਾਰਜ ਦੀ ਸਮੀਖਿਆ ਕਰਦਿਆਂ ਕਿਹਾ ਕਿ 15 ਅਗਸਤ ਨੂੰ ਸੂਬੇ ਵਿੱਚ ਇੱਕੋ ਦਿਨ ਨਵੇਂ ਰੇਸਟ ਹਾਊਸਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਕੁਰੂਕਸ਼ੇਤਰ ਵਿੱਚ 78 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲਾ ਨਵਾਂ ਰੇਸਟ ਹਾਊਸ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਵਿਭਾਗ ਦੀਆਂ ਹੋਰ ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਦੇ ਸੰਬੰਧ ਵਿੱਚ ਵੀ ਅਧਿਕਾਰੀਆਂ ਨੂੰ ਵਿਸਤਾਰ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਪੀਡਬਲਯੂਡੀ ਬੀਐਂਡਆਰ ਦੇ ਵਧੀਕ ਮੁੱਖ ਸਕੱਤਰ ਸ੍ਰੀ ਏਕੇ ਸਿੰਘ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਅਤੇ ਓਐਸਡੀ ਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ – ਮੁੱਖ ਮੰਤਰੀ
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰੇਕ ਸੂਬਾ ਵਾਸੀ ਨੂੰ ਰਹਿਣ ਲਈ ਛੱਤ ਦੇਣਾ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਵਿੱਚ ਸ਼ਾਮਲ ਹੈ ਅਤੇ ਮੌਜੂਦਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਇਹ ਕਾਰਜ ਮਿਸ਼ਨ ਮੋਡ ਵਿੱਚ ਕੀਤਾ ਜਾ ਰਿਹਾ ਹੈ। ਉਹਨਾਂ ਨੇ ਹਾਊਸਿੰਗ ਫਾਰ ਆਲ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਬਾਕੀ ਬਚੇ ਸਾਰੇ ਯੋਗ ਪਰਿਵਾਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਮਕਾਨ ਮੁਹੱਈਆ ਕਰਵਾਉਣ ਦੀ ਵਿਸਤਾਰ ਕਾਰਜ ਯੋਜਨਾ ਤਿਆਰ ਕਰਨ।
ਮੁੱਖ ਮੰਤਰੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਹਰਿਆਣਾ ਵਿਜ਼ਨ-2047 ਤਹਿਤ ਹਾਊਸਿੰਗ ਫਾਰ ਆਲ ਵਿਭਾਗ ਦੇ ਅਗਲੇ 5 ਸਾਲਾਂ ਦੇ ਰੋਡਮੈਪ ਅਤੇ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੇ। ਉਹਨਾਂ ਕਿਹਾ ਕਿ ਜੇਕਰ ਕਿਸੇ ਅਯੋਗ ਵਿਅਕਤੀ ਜਾਂ ਪਰਿਵਾਰ ਨੂੰ ਯੋਜਨਾ ਦਾ ਲਾਭ ਦਿੱਤਾ ਜਾਂਦਾ ਹੈ ਤਾਂ ਸੰਬੰਧਿਤ ਅਧਿਕਾਰੀ-ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਾਊਸਿੰਗ ਫਾਰ ਆਲ ਦੇ ਡਾਇਰੈਕਟਰ ਜਨਰਲ ਸ੍ਰੀ ਜੇ ਗਣੇਸ਼ਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ), ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ, ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ 2.0 ਅਤੇ ਲਾਇਸੈਂਸੀ ਕਾਲੋਨੀਆਂ ਵਿੱਚ ਈਡਬਲਯੂਐਸ ਮਕਾਨਾਂ ਦੀ ਵੰਡ ਦੇ ਸੰਬੰਧ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਬਾਕੀ ਬਚੇ ਯੋਗ ਪਰਿਵਾਰਾਂ ਨੂੰ ਰਿਹਾਇਸ਼ੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਹੁਣ ਤੱਕ 5 ਯੋਜਨਾਵਾਂ ਤਹਿਤ ਸੂਬੇ ਵਿੱਚ 2,31,215 ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਲਗਭਗ 2375 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਹਨਾਂ ਤੋਂ ਇਲਾਵਾ 10,649 ਪਲਾਟ ਅਤੇ ਫਲੈਟ ਵੰਡਣ ਲਈ ਤਿਆਰ ਹਨ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਹਨਾਂ ਪਲਾਟਾਂ ਅਤੇ ਫਲੈਟਾਂ ਦੀ ਅਲਾਟਮੈਂਟ ਦਾ ਕਾਰਜ ਜਲਦੀ ਹੀ ਯੋਗ ਪਰਿਵਾਰਾਂ ਨੂੰ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਯੋਗ ਪਰਿਵਾਰ ਨੂੰ ਸਰਕਾਰੀ ਮਦਦ ਨਾਲ ਛੱਤ ਮੁਹੱਈਆ ਕਰਵਾਈ ਜਾਵੇ, ਪਰ ਇਹ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਯੋਜਨਾ ਦੀ ਦੁਰਵਰਤੋਂ ਨਾ ਹੋਵੇ। ਉਹਨਾਂ ਕਿਹਾ ਕਿ ਸਾਰੇ ਲਾਭਕਾਰਾਂ ਦੀ ਸੂਚੀ ਪਿੰਡ ਪੰਚਾਇਤਾਂ ਵਿੱਚ ਜਨਤਕ ਕੀਤੀ ਜਾਵੇ ਤਾਂ ਜੋ ਤਸਦੀਕ ਹੋ ਸਕੇ ਕਿ ਲਾਭ ਲੈਣ ਵਾਲੇ ਪਰਿਵਾਰ ਅਸਲ ਵਿੱਚ ਯੋਜਨਾ ਲਈ ਯੋਗ ਸਨ ਜਾਂ ਨਹੀਂ। ਜੇਕਰ ਇਹ ਸਾਬਤ ਹੁੰਦਾ ਹੈ ਕਿ ਅਯੋਗ ਵਿਅਕਤੀਆਂ ਨੂੰ ਯੋਜਨਾ ਦਾ ਲਾਭ ਦਿੱਤਾ ਗਿਆ ਹੈ ਤਾਂ ਸੰਬੰਧਿਤ ਅਧਿਕਾਰੀਆਂ-ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਘੁਮੰਤੂ ਜਾਤੀ ਦੇ ਅਜਿਹੇ ਗਰੀਬ ਪਰਿਵਾਰਾਂ ਲਈ ਰਜਿਸਟ੍ਰੇਸ਼ਨ ਫੀਸ ਵਿੱਚ ਛੋਟ ਦੇਣ ਦੇ ਵੀ ਨਿਰਦੇਸ਼ ਦਿੱਤੇ ਜਿਨ੍ਹਾਂ ਦੀ ਆਰਥਿਕ ਸਥਿਤੀ ਖ਼ਰਾਬ ਹੈ।
ਇਸ ਮੌਕੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ, ਹਾਊਸਿੰਗ ਫਾਰ ਆਲ ਦੇ ਡਾਇਰੈਕਟਰ ਜਨਰਲ ਸ੍ਰੀ ਜੇ ਗਣੇਸ਼ਨ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਅਤੇ ਓਐਸਡੀ ਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਹਰਿਆਣਾ ਦੇ ਰਾਜਪਾਲ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ
ਚੰਡੀਗੜ੍ਹ
, ( ਜਸਟਿਸ ਨਿਊਜ਼ )
– ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ वे ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਰੁਜ਼ਗਾਰ ਦੇਣ ਵਾਲੇ ਬਣਨ ਦਾ ਸੰਕਲਪ ਲੈਣ। ਉਹਨਾਂ ਕਿਹਾ ਕਿ ਨੌਜਵਾਨ ਉੱਦਮਤਾ (ਐਂਟਰਪ੍ਰੀਨਿਓਰਸ਼ਿਪ), ਇਨੋਵੇਸ਼ਨ ਅਤੇ ਆਤਮ-ਨਿਰਭਰਤਾ ਨੂੰ ਅਪਣਾ ਕੇ ਆਪਣੇ ਵਿਚਾਰਾਂ ਨੂੰ ਸਫਲ ਉਦਮਾਂ ਵਿੱਚ ਬਦਲਣ ਅਤੇ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ।
ਰਾਜਪਾਲ ਅੱਜ ਇੱਥੇ ਲੋਕ ਭਵਨ ਵਿਖੇ ‘ਇੱਕ ਭਾਰਤ ਸ੍ਰੇਸ਼ਠ ਭਾਰਤ’ ਪਹਿਲਕਦਮੀ ਤਹਿਤ ਆਯੋਜਿਤ ‘ਯੁਵਾ ਸੰਗਮ ਪ੍ਰੋਗਰਾਮ’ ਦੇ ਅਧੀਨ ਹਰਿਆਣਾ ਦੌਰੇ ’ਤੇ ਆਏ ਤ੍ਰਿਪੁਰਾ ਦੇ ਵਿਦਿਆਰਥੀ ਵਫ਼ਦ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਹਰਿਆਣਾ ਦੀ ਪਹਿਲੀ ਮਹਿਲਾ ਸ੍ਰੀਮਤੀ ਮਿਤਰਾ ਘੋਸ਼ ਵੀ ਮੋਜ਼ੁਦ ਸਨ।
ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕਰਦਿਆਂ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਭਾਰਤ ਸਾਲ 2047 ਤੱਕ ‘ਵਿਕਸਿਤ ਭਾਰਤ’ ਦੇ ਟੀਚੇ ਵੱਲ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਇਸ ਰਾਸ਼ਟਰੀ ਸੰਕਲਪ ਨੂੰ ਸਾਕਾਰ ਕਰਨ ਵਿੱਚ ਸਿਰਫ਼ ਸਰਕਾਰਾਂ ਅਤੇ ਸੰਸਥਾਵਾਂ ਦੀ ਹੀ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਦੀ ਊਰਜਾ, ਪ੍ਰਤਿਭਾ ਅਤੇ ਵਚਨਬੱਧਤਾ ਦੀ ਵੀ ਅਹਿਮ ਭੂਮਿਕਾ ਹੈ।
ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਦੀ ਪੂਰੀ ਵਰਤੋਂ ਕਰਦੇ ਹੋਏ ਵਿਸ਼ਵ ਪੱਧਰ ‘ਤੇ ਮੁਕਾਬਲੇਬਾਜ਼ ਸਟਾਰਟਅੱਪ ਅਤੇ ਨਵੀਨਤਾ ਅਧਾਰਿਤ ਉੱਦਮ ਸਥਾਪਿਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ ਅਥਾਹ ਪ੍ਰਤਿਭਾ ਅਤੇ ਅਟੁੱਟ ਸੰਕਲਪ ਹੈ। ਜੇਕਰ ਉਹ ਆਪਣੀ ਊਰਜਾ ਨੂੰ ਉੱਦਮਤਾ ਅਤੇ ਨਵੀਨਤਾ ਦੀ ਦਿਸ਼ਾ ਵਿੱਚ ਲਗਾਉਣ ਤਾਂ ਉਹ ਦੇਸ਼ ਦੀ ਪ੍ਰਗਤੀ ਅਤੇ ਆਰਥਿਕ ਵਿਕਾਸ ਦੇ ਮੁੱਖ ਵਾਹਕ ਬਣ ਸਕਦੇ ਹਨ।
‘ਯੁਵਾ ਸੰਗਮ ਪ੍ਰੋਗਰਾਮ’ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਦੱਸਦਿਆਂ ਰਾਜਪਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਨੂੰ ਇੱਕ-ਦੂਜੇ ਦੇ ਸਭਿਆਚਾਰ, ਪਰੰਪਰਾਵਾਂ ਅਤੇ ਜੀਵਨ ਮੁੱਲਾਂ ਨੂੰ ਨੇੜਿਓਂ ਜਾਣਨ ਅਤੇ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਜਦੋਂ ਤ੍ਰਿਪੁਰਾ ਦਾ ਇੱਕ ਨੌਜਵਾਨ ਵਿਦਿਆਰਥੀ ਹਰਿਆਣਾ ਦੇ ਇੱਕ ਨੌਜਵਾਨ ਵਿਦਿਆਰਥੀ ਨੂੰ ਮਿਲਦਾ ਹੈ, ਤਾਂ ਇਹ ਸਿਰਫ਼ ਦੋ ਵਿਅਕਤੀਆਂ ਦਾ ਮਿਲਣ ਨਹੀਂ ਹੁੰਦਾ, ਸਗੋਂ ਦੋ ਸੰਸਕ੍ਰਿਤੀਆਂ, ਪਰੰਪਰਾਵਾਂ ਅਤੇ ਇੱਛਾਵਾਂ ਦਾ ਸੰਗਮ ਹੁੰਦਾ ਹੈ। ਇਹੀ ‘ਇੱਕ ਭਾਰਤ ਸ੍ਰੇਸ਼ਠ ਭਾਰਤ’ ਦੀ ਅਸਲ ਭਾਵਨਾ ਹੈ।
ਹਰਿਆਣਾ ਅਤੇ ਤ੍ਰਿਪੁਰਾ ਵਿਚਕਾਰ ਸੱਭਿਆਚਾਰਕ ਅਤੇ ਭਾਵਨਾਤਮਕ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰੋ. ਘੋਸ਼ ਨੇ ਕਿਹਾ ਕਿ ਭੂਗੋਲਿਕ ਦੂਰੀ ਦੇ ਬਾਵਜੂਦ ਦੋਵੇਂ ਰਾਜ ਸਾਹਸ, ਦ੍ਰਿੜਤਾ ਅਤੇ ਦੇਸ਼ ਭਗਤੀ ਦੀ ਸਾਂਝੀ ਵਿਰਾਸਤ ਨਾਲ ਜੁੜੇ ਹੋਏ ਹਨ। ਉਹਨਾਂ ਨੇ ਤ੍ਰਿਪੁਰਾ ਨੂੰ ਕੁਦਰਤੀ ਸੁੰਦਰਤਾ, ਅਮੀਰ ਕਬਾਇਲੀ ਸੰਸਕ੍ਰਿਤੀ ਅਤੇ ਪਰਾਹੁਣਚਾਰੀ ਲਈ ਮਸ਼ਹੂਰ ਦੱਸਿਆ, ਜਦੋਂ ਕਿ ਹਰਿਆਣਾ ਨੂੰ ਬਹਾਦਰ ਸੈਨਿਕਾਂ, ਉੱਤਮ ਖਿਡਾਰੀਆਂ, ਮਿਹਨਤੀ ਕਿਸਾਨਾਂ ਅਤੇ ਸ਼੍ਰੀਮਦਭਗਵਦ ਗੀਤਾ ਦੀ ਪਵਿੱਤਰ ਧਰਤੀ ਵਜੋਂ ਬਿਆਨ ਕੀਤਾ। ਉਹਨਾਂ ਕਿਹਾ ਕਿ ਦੋਵੇਂ ਰਾਜ ਮਿਲ ਕੇ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤੀ ਨਾਲ ਪ੍ਰਗਟ ਕਰਦੇ ਹਨ।
ਰਾਜਪਾਲ ਨੇ ਵਿਦਿਆਰਥੀ ਵਫ਼ਦ ਨਾਲ ਗੱਲਬਾਤ ਵੀ ਕੀਤੀ ਅਤੇ ਤ੍ਰਿਪੁਰਾ ਯਾਤਰਾ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਹਨਾਂ ਭਰੋਸਾ ਪ੍ਰਗਟਾਇਆ ਕਿ ਤ੍ਰਿਪੁਰਾ ਦੇ ਨੌਜਵਾਨ ਰਾਜ ਦੇ ਕੁਦਰਤੀ ਅਤੇ ਮਾਨਵੀ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਕੇ ਇਸ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੇ ਅਤੇ ਦੇਸ਼ ਦੀ ਪ੍ਰਗਤੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਣਗੇ।
ਇਸ ਮੌਕੇ ਰਾਜਪਾਲ ਦੇ ਸਕੱਤਰ ਸ੍ਰੀ ਵਿਜੇ ਕੁਮਾਰ ਭਾਵੀਕੱਟੀ, ਏ.ਡੀ.ਸੀ. ਸਕੁਐਡਰਨ ਲੀਡਰ ਪੀ. ਭਰਤ, ਐਨ.ਆਈ.ਟੀ. ਕੁਰੂਕਸ਼ੇਤਰ ਦੇ ਡਾਇਰੈਕਟਰ ਪ੍ਰੋ. ਬ੍ਰਹਮਜੀਤ ਸਿੰਘ, ਫੈਕਲਟੀ ਮੈਂਬਰ, ਵਿਦਿਆਰਥੀ ਕੋਆਰਡੀਨੇਟਰ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ
ਚੰਡੀਗੜ੍ਹ
(ਜਸਟਿਸ ਨਿਊਜ਼ )
– ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗ ਭਲਾਈ ਅਤੇ ਅੰਤੋਂਦੇਯ ਵਿਭਾਗ ਮੰਤਰੀ ਸ੍ਰੀ ਕ੍ਰਿਸ਼ਨ ਕੁਮਾਰ ਬੇਦੀ ਅਤੇ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਅੱਜ ਪੰਚਕੂਲਾ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ, ਹਰਿਆਣਾ ਰਾਜ ਸਮਾਜ ਭਲਾਈ ਬੋਰਡ, ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਅਤੇ ਹਰਿਆਣਾ ਕੇਸ਼ਕਲਾ ਤੇ ਸਕਿਲ ਵਿਕਾਸ ਬੋਰਡ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੂੰ ਰਸਮੀ ਤੌਰ ‘ਤੇ ਅਹੁਦਾ ਸੰਭਾਲਿਆ।
ਅਹੁਦਾ ਸੰਭਾਲਣ ਵਾਲਿਆਂ ਵਿੱਚ ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਇਸ਼ਵਰ ਸਿੰਘ ਪਲਾਕਾ, ਵਾਈਸ-ਚੇਅਰਮੈਨ ਸ੍ਰੀ ਭਾਰਤ ਭੂਸ਼ਣ ਟਾਕ ਅਤੇ ਮੈਂਬਰ ਸ੍ਰੀ ਮੋਹਿਤ ਵਾਲਮਿਕੀ, ਸ੍ਰੀ ਜਿਤੇਂਦਰ ਵਾਲਮਿਕੀ, ਸ੍ਰੀਮਤੀ ਰੇਖਾ ਰਾਣੀ, ਸ੍ਰੀ ਸੰਜੀਵ ਘਾਰੂ ਅਤੇ ਸ੍ਰੀ ਚੰਦਰਪ੍ਰਕਾਸ਼ ਬੋਸਤੀ; ਹਰਿਆਣਾ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਕੈਪਟਨ ਯੋਗੇਸ਼ ਬੈਰਾਗੀ; ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਚੇਅਰਮੈਨ ਜਸਮੇਰ ਸਿੰਘ ਬੰਜਾਰਾ ਅਤੇ ਵਾਈਸ-ਚੇਅਰਮੈਨ ਸ੍ਰੀ ਓਮਪਾਲ; ਅਤੇ ਹਰਿਆਣਾ ਕੇਸ਼ਕਲਾ ਅਤੇ ਹੁਨਰ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਯਸ਼ਪਾਲ ਠਾਕੁਰ ਅਤੇ ਵਾਈਸ-ਚੇਅਰਮੈਨ ਸ੍ਰੀ ਨਰੇਸ਼ ਕੁਮਾਰ ਸੈਨ ਸ਼ਾਮਲ ਰਹੇ।
ਸ੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਦਾ ਨਿਰਵਾਹ ਉਹ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸੇਵਾ ਭਾਵਨਾ ਨਾਲ ਕਰਨ। ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਸੂਬੇ ਵਿੱਚ ਗਰੀਬ ਭਲਾਈ ਦੀ ਦਿਸ਼ਾ ਵਿੱਚ ਵਰਨਣਯੋਗ ਅਤੇ ਹਾਂਪੱਖੀ ਬਦਲਾਅ ਹੋਏ ਹਨ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੁਢਾਪਾ ਸਨਮਾਨ ਭੱਤੇ ਦੀ ਵੰਡ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਜਦੋਂ ਕਿ ਅੱਜ ਇਹ ਭੱਤਾ ਸਿੱਧਾ ਲਾਭਕਾਰਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਰਿਹਾ ਹੈ। ਉਹਨਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਇਸ ਲਈ ਉਹ ਜਨਸੇਵਾ ਨੂੰ ਸਰਵਉੱਚ ਤਰਜੀਹ ਦਿੰਦੇ ਹੋਏ ਜਨਤਾ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦਾ ਯਤਨ ਕਰਨ।
ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਜ਼ਮੀਨੀ ਪੱਧਰ ਨਾਲ ਜੁੜੇ ਲੋਕਾਂ ਨੂੰ ਵੱਖ-ਵੱਖ ਬੋਰਡਾਂ ਵਿੱਚ ਚੇਅਰਮੈਨ, ਵਾਈਸ-ਚੇਅਰਮੈਨ ਅਤੇ ਮੈਂਬਰ ਵਜੋਂ ਨਿਯੁਕਤ ਕਰਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਪ੍ਰਗਟਾਇਆ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਨਵ-ਨਿਯੁਕਤ ਚੇਅਰਮੈਨ, ਵਾਈਸ-ਚੇਅਰਮੈਨ ਅਤੇ ਮੈਂਬਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਦਾ ਲਾਭ ਸਮਾਜ ਦੇ ਆਖਰੀ ਪਾਏਦਾਨ ‘ਤੇ ਖੜ੍ਹੇ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਯੋਗ ਲਾਭਪਾਤਰੀਆਂ ਨੂੰ ਯੋਜਨਾਵਾਂ ਦਾ ਲਾਭ ਯਕੀਨੀ ਬਣਾਉਣਗੇ।
ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਡਾਇਰੈਕਟਰ ਸ੍ਰੀ ਅਜੇ ਕੁਮਾਰ, ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਵਿਵੇਕ ਪਦਮ ਸਿੰਘ, ਸੂਬਾ ਪ੍ਰਭਾਰੀ ਡਾ. ਸਤੀਸ਼ ਪੂਨੀਆ, ਸੂਬਾ ਜਨਰਲ ਸਕੱਤਰ ਸ੍ਰੀ ਸੁਰਿੰਦਰ ਪੂਨੀਆ, ਸੂਬਾ ਉਪ-ਪ੍ਰਧਾਨ ਸ੍ਰੀਮਤੀ ਬੰਤੋ ਕਟਾਰੀਆ, ਸਾਬਕਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਗੁਰੂਗ੍ਰਾਮ ਵਿੱਚ ਆਯੋਜਿਤ ਕੀਤਾ ਜਾਵੇਗਾ ਰਾਜ ਪੱਧਰੀ ਵਿਸ਼ਵ ਵਾਤਾਵਰਣ ਦਿਵਸ ਸਮਾਰੋਹ-ਕੇਂਦਰੀ ਮੰਤਰੀ ਮਨੋਹਰ ਲਾਲ ਹੋਣਗੇ ਮੁੱਖ ਮਹਿਮਾਨ, ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਦੀ ਰਹੇਗੀ ਸਹਿਭਾਗਤਾ
ਚੰਡੀਗੜ੍ਹ
( ਜਸਟਿਸ ਨਿਊਜ਼ )
– ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ 5 ਜੂਨ ਨੂੰ ਗੁਰੂਗ੍ਰਾਮ ਵਿੱਚ ਰਾਜ ਪੱਧਰੀ ਸਮਾਰੋਹ ਦੌਰਾਨ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰੀ ਸ੍ਰੀ ਮਨੋਹਰ ਲਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦੋਂ ਕਿ ਹਰਿਆਣਾ ਦੇ ਜੰਗਲਾਤ, ਵਾਤਾਵਰਣ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ। ਸਮਾਰੋਹ ਵਿੱਚ ਵਾਤਾਵਰਣ ਸਰੰਖਣ, ਸਵੱਛਤਾ, ਕੂੜਾ ਪ੍ਰਬੰਧਨ ਅਤੇ ਹਰਿਤ ਵਿਕਾਸ ਨਾਲ ਸੰਬੰਧਿਤ ਵੱਖ-ਵੱਖ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਇੱਕ ਸਰਕਾਰੀ ਬੁਲਾਰੇ ਨੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਬਾਇਓਰੀਮੀਡੀਏਸ਼ਨ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਵਾਤਾਵਰਣ ਸੰਭਾਲ ਨਾਲ ਜੁੜੀ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਪੌਧਾਰੋਪਣ ਦੇ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਰਾਹੀਂ ਹਰਿਆਵਲ ਦਾ ਦਾਇਰਾ ਵਧਾਉਣ ਅਤੇ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ ਜਾਵੇਗਾ।
ਵਰਨਣਯੋਗ ਹੈ ਕਿ ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦੀ ਥੀਮ “ਪ੍ਰਕਿਰਤੀ ਤੋਂ ਪ੍ਰੇਰਿਤ – ਜਲਵਾਯੂ ਲਈ – ਸਾਡੇ ਭਵਿੱਖ ਲਈ” ਨਿਰਧਾਰਿਤ ਕੀਤੀ ਗਈ ਹੈ। ਇਹ ਥੀਮ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ, ਕੁਦਰਤੀ ਸਰੋਤਾਂ ਦੀ ਸੰਭਾਲ, ਜੈਵ-ਵਿਵਿਧਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦਾ ਸੰਦੇਸ਼ ਦਿੰਦੀ ਹੈ।
ਹਰਿਆਣਾ ਸਰਕਾਰ ਵੱਲੋਂ ਵਾਤਾਵਰਣ ਸੰਭਾਲ ਨੂੰ ਜਨ ਅੰਦੋਲਨ ਦਾ ਰੂਪ ਦੇਣ ਦੇ ਉਦੇਸ਼ ਨਾਲ ਵੱਖ-ਵੱਖ ਯੋਜਨਾਵਾਂ ਅਤੇ ਮੁਹਿੰਮਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਜੰਗਲਾਤ, ਵਾਤਾਵਰਣ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਲਗਾਤਾਰ ਸੂਬਾ ਵਾਸਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ, ਪਾਣੀ ਦੀ ਬਚਤ ਨੂੰ ਪ੍ਰੋਤਸਾਹਿਤ ਕਰਨ, ਸਵੱਛਤਾ ਅਪਣਾਉਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ ਦੀ ਅਪਲ ਕਰ ਰਹੇ ਹਨ। ਰਾਜ ਸਰਕਾਰ ਦਾ ਟੀਚਾ ਵਾਤਾਵਰਣ ਸਰੰਖਣ ਨੂੰ ਸਿਰਫ ਸਰਕਾਰੀ ਪ੍ਰੋਗਰਾਮਾਂ ਤੱਕ ਸੀਮਿਤ ਨਾ ਰੱਖ ਕੇ ਜਨ-ਭਾਗੀਦਾਰੀ ਰਾਹੀਂ ਇੱਕ ਵਿਆਪਕ ਸਮਾਜਿਕ ਮੁਹਿੰਮ ਦਾ ਰੂਪ ਦੇਣਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।
Leave a Reply