ਅੰਮ੍ਰਿਤਸਰ:– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੇ ਦੌਰਾਨ ਫਾਰਮਾ ਓਪੀਓਡਜ਼ ਦੇ ਖਿਲਾਫ਼ ਇੱਕ ਵੱਡੀ ਖੁਫ਼ੀਆ ਜਾਣਕਾਰੀ ‘ਤੇ ਆਧਾਰਿਤ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼, ਗੁਜਰਾਤ ਸਥਿਤ ਫਾਰਮਾਂ ਫੈਕਟਰੀਆਂ ਤੋਂ ਚੱਲ ਰਹੇ ਗੈਰ-ਕਾਨੂੰਨੀ ਓਪੀਔਡਜ਼ ਬਣਾਉਣ ਅਤੇ ਸਪਲਾਈ ਕਰਨ ਵਾਲੀਆਂ ਇਕਾਈਆਂ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਐਤਵਾਰ ਨੂੰ ਦਿੱਤੀ।
ਇਸ ਮੁਕੱਦਮਾ ਵਿੱਚ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ 14500 ਟਰਾਮਾਡੋਲ ਗੋਲੀਆਂ ਦੀ ਬਰਾਮਦਗੀ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਸਰ ਦੇ ਪ੍ਰਿੰਸ ਕੁਮਾਰ ਵੱਜੋਂ ਇੱਕ ਸਥਾਨਕ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਕੀਤੀ ਗਈ। ਇੱਕ ਮਹੀਨੇ ਦੀ ਲੰਮੀ ਬਾਰੀਕੀ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਸਾਹਮਣੇਂ ਆਈ ਹੈ।
ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆਂ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਹ ਮੇਜ਼ਰ ਸਿੰਘ ਦੇ ਕਹਿਣ ‘ਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ, ਜਿਸ ਨੇ ਗੋਇੰਦਵਾਲ ਸਾਹਿਬ ਜ਼ੇਲ੍ਹ ਤੋਂ ਮੋਬਾਈਲ ਫ਼ੋਨ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ। ਪੁਲਿਸ ਨੇ ਜ਼ੇਲ੍ਹ ਅੰਦਰੋਂ ਮੇਜ਼ਰ ਸਿੰਘ ਦੇ ਕਬਜ਼ੇ ਵਿੱਚੋਂ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਮੇਜ਼ਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਉਨ੍ਹਾਂ ਦੇ ਖੁਲਾਸੇ ‘ਤੇ ਬਲਜਿੰਦਰ ਸਿੰਘ, ਆਕਾਸ਼ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਾਰੇ ਵਾਸੀ ਪੱਟੀ, ਤਰਨਤਾਰਨ, ਮੋਹਰ ਸਿੰਘ ਵਾਸੀ ਹਰੀਕੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਗੁਰਪ੍ਰੀਤ ਸਿੰਘ ਅਤੇ ਮੇਜ਼ਰ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸਚਿਨ ਕੁਮਾਰ ਵਾਸੀ ਕੋਸੀਕਲਾਂ ਜ਼ਿਲ੍ਹਾ ਮਥੁਰਾ ਤੋਂ ਫਾਰਮਾ ਡਰੱਗ ਸਪਲਾਈ ਮਿਲੀ ਸੀ। ਸਚਿਨ ਕੁਮਾਰ ਜ਼ਿਲ੍ਹਾ ਹਾਰਪੁੜ, ਯੂ.ਪੀ ਵਿੱਚ ਸਥਿਤ Elichem ਫਾਰਮ ਦਾ ਮਾਲਕ ਸੀ।
ਸਚਿਨ ਕੁਮਾਰ ਦੀ ਗ੍ਰਿਫ਼ਤਾਰੀ ਲਈ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਸੀਆਈਏ-1 ਦੀ ਟੀਮ ਯੂਪੀ ਭੇਜੀ ਗਈ ਸੀ। ਸਚਿਨ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮਾਨਸਾ ਜ਼ੇਲ੍ਹ ਵਿੱਚ ਬੰਦ ਕੋਸੀਕਲਾਂ ਦੇ ਯੋਗੇਸ਼ ਕੁਮਾਰ ਰਿੰਕੂ ਨਾਲ ਮਿਲੀਭੁਗਤ ਕਰਕੇ ਇਲੀਕੇਮ ਫਾਰਮਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਪੰਜਾਬ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰ ਰਹੇ ਸਨ। ਪੁਲਿਸ ਨੇ ਮਾਨਸਾ ਜ਼ੇਲ੍ਹ ਅੰਦਰੋਂ ਯੋਗੇਸ਼ ਕੁਮਾਰ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਸੀ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਯੋਗੇਸ਼ ਕੁਮਾਰ ਅਤੇ ਸਚਿਨ ਨੇ ਖੁਲਾਸਾ ਕੀਤਾ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਗਲਾਸ ਫਾਰਮਾ ਸਿਊਟੀਕਲਜ਼ ਤੋਂ ਫਾਰਮਾ ਓਪੀਓਡ ਦੀ ਸਪਲਾਈ ਕਰ ਰਹੇ ਸਨ। ਸਚਿਨ ਕੁਮਾਰ ਨੇ ਦਿੱਲੀ ਵਿੱਚ ਨਿਰਮਾਤਾਵਾਂ ਮਨੀਸ਼ ਅਤੇ ਰੇਖਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ ਫਾਰਮਾ ਓਪੀਓਡਜ਼ ਨੂੰ ਹਾਰਪੁੜ, ਉੱਤਰ ਪ੍ਰਦੇਸ਼ ਰਾਹੀਂ ਪੰਜਾਬ ਭੇਜਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਏਲੀਕੇਮ ਫਾਰਮਾਂ ਦੇ ਨਾਂ ‘ਤੇ ਹੋਲਸੇਲ ਯੂਨਿਟ ਦੇ ਜਾਅਲੀ ਦਸਤਾਵੇਜ਼ ਬਣਾਏ। ਨਿਰਮਾਤਾਵਾਂ ਨੇ ਯੋਗੇਸ਼ ਕੁਮਾਰ ਅਤੇ ਸਚਿਨ ਦੀ ਮਿਲੀਭੁਗਤ ਨਾਲ ਹਾਰਪੁੜ ਨੂੰ ਫਾਰਮਾਂ ਓਪੀਓਡ ਭੇਜੀ। ਹਾਰਪੁੜ ਤੋਂ ਖੇਪ ਆਗਰਾ ਵਿੱਚ ਆਕਾਸ਼ ਨੂੰ ਭੇਜੀ ਗਈ ਸੀ, ਜਿਸਨੇ ਅੱਗੇ ਅੰਮ੍ਰਿਤਸਰ ਭੇਜ ਦਿੱਤੀ।
ਸੀ.ਆਈ.ਏ.-1 ਅੰਮ੍ਰਿਤਸਰ ਦੀ ਇੱਕ ਪੁਲਿਸ ਟੀਮ ਨੇ ਏ.ਟੀ.ਐਸ ਗੁਜਰਾਤ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਅਹਿਮਦਾਬਾਦ, ਗੁਜਰਾਤ ਵਿੱਚ ਗਲਾਸ ਫਾਰਮਾ ਸਿਊਟੀਕਲ ‘ਤੇ ਛਾਪਾ ਮਾਰਿਆ ਅਤੇ 14,72,220 ਨਸ਼ੀਲੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ। ਦੋਵੇਂ ਡਾਇਰੈਕਟਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਆਗਰਾ ਤੋਂ ਆਕਾਸ਼ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 18000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਟੀਮਾਂ ਨੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਫਆਈਆਰ ਨੰਬਰ 140 ਮਿਤੀ 4.12.23 ਨੂੰ ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਸਟੇਸ਼ਨ ਡੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਐਨਡੀਪੀਐਸ ਐਕਟ ਦੀ ਧਾਰਾ 22-ਸੀ ਦੇ ਤਹਿਤ ਪਹਿਲਾਂ ਹੀ ਦਰਜ ਕੀਤਾ ਗਿਆ ਸੀ।
Leave a Reply