August 17, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ ਦੇ ਖੁਦਾਈ ਚੱਕ ‘ਚ ਯੂਰੀਆ ਦੀ ਕਾਲਾਬਾਜ਼ਾਰੀ ਬੇਨਕਾਬ, ਰਾਈਸ ਮਿਲ ‘ਚੋਂ 560 ਥੈਲੇ ਬਰਾਮਦ,ਖਾਦ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ

ਲੁਧਿਆਣਾ,
:(ਜਸਟਿਸ ਨਿਊਜ਼)
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਗਾਮੀ ਸਾਉਣੀ ਦੇ ਸੀਜਨ ਦੌਰਾਨ ਮਿਆਰੀ ਖੇਤੀ ਇਨਪੁੱਟ ਮੁਹਈਆ ਕਰਵਾਉਣ ਹਿੱਤ ਖੇਤੀਬਾੜੀ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੱਤਰ ਖੇਤੀਬਾੜੀ ਸ੍ਰੀ ਅਰਸ਼ਦੀਪ ਥਿੰਦ ਅਤੇ ਡਾਇਰੈਕਟਰ ਖੇਤੀਬਾੜੀ ਡਾ. ਗੁਰਜੀਤ ਸਿੰਘ ਬਰਾੜ ਦੀਆਂ ਖੇਤੀ ਯੋਗ ਯੂਰੀਆ ਦੀ ਨਿਰਵਿਘਨ ਸਪਲਾਈ ਅਤੇ ਬਲੈਕ ਮਾਰਕੀਟਿੰਗ ਰੋਕਣ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ 07 ਮਈ, 2026 ਨੂੰ ਡਾ. ਗੁਰਦੀਪ ਸਿੰਘ, ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੀ ਅਗਵਾਈ ਵਾਲੀ ਟੀਮ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਸ੍ਰੀ ਸ਼ਾਮ ਰਾਇਸ ਮਿਲ, ਖੁਦਾਈ ਚੱਕ ਲੁਧਿਆਣਾ ਵਿਖੇ ਰੇਡ ਕੀਤੀ ਗਈ।
ਇਸ ਮੌਕੇ ‘ਤੇ ਰਾਈਸ ਮਿਲ ਵਿੱਚੋਂ ਯੂਰੀਆ ਦੇ 560 ਥੈਲੇ ਬਰਾਮਦ ਹੋਏ। ਮੌਕੇ ‘ਤੇ ਰਾਈਸ ਮਿਲ ਦੇ ਮਾਲਕ ਅਭਿਨੇਸ਼ ਕੁਮਾਰ ਤੋਂ ਮਿਲੀ ਬਿਲਟੀ ਤੋਂ ਪਤਾ ਲੱਗਿਆ ਕਿ ਇਹ ਯੂਰੀਆ ਬੱਦੋਵਾਲ ਰੈਕ ਪੁਆਇੰਟ ਤੋਂ ਨਿੱਜੀ ਸਵਾਰਥ ਅਤੇ ਮੁਨਾਫਾ ਲੈਣ ਲਈ ਗੋਇਲ ਐਂਡ ਕੰਪਨੀ, ਸੁਨਾਮ ਵੱਲੋਂ ਵਿਕਰੀ ਨਿਯਮਾਂ ਦੀ ਉਲੰਘਣਾ ਕਰਕੇ ਸਪਲਾਈ ਕੀਤਾ ਗਿਆ ਹੈ। ਦੋਸ਼ੀਆਂ ਵਿੱਚੋਂ ਕਿਸੇ ਪਾਸ ਵੀ ਖਾਦ ਦਾ ਕਾਰੋਬਾਰ ਕਰਨ ਦਾ ਲਾਇਸੰਸ ਨਹੀਂ ਮਿਲਿਆ। ਸੈਲਰ ਮਾਲਕ ਪੈਸਟੀਸਾਈਡ ਦੀ ਵਿਕਰੀ ਦਾ ਕੰਮ ਵੀ ਕਰ ਰਿਹਾ ਹੈ।
ਉਪਰੋਕਤ ਅਨੁਸਾਰ ਯੂਰੀਆ ਖਾਦ ਅਣ-ਅਧਿਕਾਰਤ ਤੌਰ ਤੇ ਸਟੋਰ ਕਰਕੇ ਸ਼ੈਲਰ ਮਾਲਕ ਵੱਲੋਂ ਫੋਰਟੀਲਾਈਜ਼ਰ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾਂ ਐਕਟ 1955 ਦੀ ਉਲੰਘਣਾ ਕੀਤੀ ਗਈ ਹੈ। ਸੈਲਰ ਮਾਲਕ ਵੱਲੋਂ ਆਪਣੇ ਭਰਾ ਵਨੀਤ ਕੁਮਾਰ ਅਤੇ ਹੋਰਨਾਂ ਨਾਲ ਰਲ ਕੇ ਸਬਸਿਡੀ ਤੇ ਉਪਲੱਬਧ ਯੂਰੀਆ ਖਾਦ ਦੀ ਗਲਤ ਤਰੀਕੇ ਨਾਲ ਖਰੀਦ ਕਰਕੇ ਲੁਕ- ਛੁਪਾ ਕੇ ਰੱਖਣ ਕਰਕੇ ਕਾਲਾ ਬਜਾਰੀ ਕੀਤੀ ਜਾਣ ਦਾ ਸ਼ੱਕ ਹੈ।
ਟੀਮ ਵੱਲੋਂ ਸ਼ੈਲਰ ਮਾਲਕ ਦੀ ਪੈਸਟੀਸਾਈਡ ਦੀ ਦੁਕਾਨ ‘ਤੇ ਵੀ ਚੈਕਿੰਗ ਕੀਤੀ ਗਈ ਅਤੇ ਉੱਥੇ ਵੀ ਅਣਅਧਿਕਾਰਤ ਤੌਰ ‘ਤੇ ਸਟੋਰ ਕੀਤਾ ਖਾਦ ਦਾ ਸਟਾਕ ਪਾਇਆ ਗਿਆ। ਖਾਦ ਅਮਰੀਕਾ ਹਰਸ਼ ਕੁਮਾਰ ਮਹੇ ਵੱਲੋਂ ਪੁਲਿਸ ਪਾਰਟੀ ਸਿੱਧਵਾਂ ਬੇਟ ਨੂੰ ਮੌਕੇ ਤੇ ਬੁਲਾ ਕੇ ਕਾਰਵਾਈ ਕੀਤੀ ਗਈ ਅਤੇ ਪਰਚਾ ਦਰਜ ਕਰਵਾਇਆ ਗਿਆ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਖਾਦ ਦੀ ਕਾਲਾਬਜਾਰੀ ਕਰੇਗਾ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।
ਉੱਕਤ ਚੈਕਿੰਗ ਟੀਮ ਵਿੱਚ ਡਾ. ਰਮਿੰਦਰ ਸਿੰਘ ਖੇਤੀਬਾੜੀ ਅਫਸਰ, ਡਾ. ਸੁਖਬੀਰ ਸਿੰਘ ਏਡੀਓ, ਡਾ. ਜਤਿੰਦਰ ਸਿੰਘ ਏਡੀਓ, ਡਾ. ਮਨਜੀਤ ਸਿੰਘ ਏਡੀਓ, ਡਾ. ਅਮਨਦੀਪ ਸ਼ਰਮਾ ਏਡੀਓ ਵੀ ਸ਼ਾਮਿਲ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.