August 17, 2026

Justice News

ਅਵਾਮ ਦੀ ਆਵਾਜ਼

ਐਨਜੀਓ ਐਕਟ ਹਿਊਮਨ ਅਤੇ ਸਿਹਤ ਵਿਭਾਗ ਵੱਲੋਂ 100 ਟੀਬੀ ਮਰੀਜ਼ਾਂ ਨੂੰ ਰਾਸ਼ਨ ਦੇ ਪੈਕਟ ਵੰਡੇ ਗਏ 

ਲੁਧਿਆਣਾ
( ਵਿਜੇ ਭਾਂਬਰੀ )–
ਸਮਾਜ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਿਆਂ ਐਨਜੀਓ “ਐਕਟ ਹਿਊਮਨ” ਅਤੇ ਸਿਹਤ ਵਿਭਾਗ ਵੱਲੋਂ ਟੀਬੀ ਮਰੀਜ਼ਾਂ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਐਨਜੀਓ ਵੱਲੋਂ ਲੁਧਿਆਣਾ ਵਿੱਚ 100 ਟੀਬੀ ਦੇ ਮਰੀਜ਼ਾਂ ਨੂੰ ਰਾਸ਼ਨ ਦੇ ਪੈਕਟ ਵੰਡੇ ਗਏ, ਤਾਂ ਜੋ ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਵੀ ਪ੍ਰਾਪਤ ਹੋ ਸਕੇ ਅਤੇ ਉਹ ਜਲਦੀ ਸਿਹਤਯਾਬ ਹੋ ਸਕਣ।
ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਜ਼ਿਲ੍ਹਾ ਟੀਬੀ ਅਫਸਰ ਡਾ. ਆਸ਼ੀਸ਼ ਚਾਵਲਾ ਵੱਲੋਂ ਐਨਜੀਓ ਦੇ ਇਸ ਮਨੁੱਖਤਾ ਭਰੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸਿਵਲ ਸਰਜਨ ਡਾ. ਰਮਨਦੀਪ ਕੌਰ ਕਿਹਾ ਕਿ, “ਟੀਬੀ ਦੇ ਮਰੀਜ਼ਾਂ ਲਈ ਦਵਾਈਆਂ ਦੇ ਨਾਲ ਪੌਸ਼ਟਿਕ ਖੁਰਾਕ ਬਹੁਤ ਮਹੱਤਵਪੂਰਨ ਹੁੰਦੀ ਹੈ। ਐਨਜੀਓ ਐਕਟ ਹਿਊਮਨ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸਿਰਫ ਮਰੀਜ਼ਾਂ ਦੀ ਸਿਹਤ ਨੂੰ ਮਜ਼ਬੂਤ ਕਰਨ ਲਈ ਹੀ ਨਹੀਂ, ਸਗੋਂ ਸਮਾਜ ਵਿੱਚ ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦਾ ਹੈ। ਸਿਹਤ ਵਿਭਾਗ ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਦੀ ਸਰਾਹਨਾ ਕਰਦਾ ਹੈ।”
ਜ਼ਿਲ੍ਹਾ ਟੀਬੀ ਅਫਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ, “ਟੀਬੀ ਦੇ ਖਾਤਮੇ ਲਈ ਦਵਾਈ ਦੇ ਨਾਲ-ਨਾਲ ਮਰੀਜ਼ਾਂ ਨੂੰ ਸਹੀ ਪੋਸ਼ਣ ਮਿਲਣਾ ਬਹੁਤ ਜ਼ਰੂਰੀ ਹੈ। ਐਕਟ ਹਿਊਮਨ ਵੱਲੋਂ 100 ਮਰੀਜ਼ਾਂ ਨੂੰ ਲਗਾਤਾਰ ਰਾਸ਼ਨ ਮੁਹੱਈਆ ਕਰਵਾਉਣਾ ਇਕ ਸ਼ਲਾਘਾਯੋਗ ਕਦਮ ਹੈ। ਇਸ ਤਰ੍ਹਾਂ ਦੇ ਉਪਰਾਲੇ ਮਰੀਜ਼ਾਂ ਨੂੰ ਇਲਾਜ ਪੂਰਾ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਟੀਬੀ ਮੁਕਤ ਸਮਾਜ ਬਣਾਉਣ ਵਿੱਚ ਸਹਾਇਕ ਸਾਬਤ ਹੁੰਦੇ ਹਨ।”
ਐਨਜੀਓ ਦੇ ਪ੍ਰਤਿਨਿਧੀਆਂ ਨੇ ਦੱਸਿਆ ਕਿ ਇਹ ਮੁਹਿੰਮ ਸਿਰਫ ਇੱਕ ਦਿਨ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਆਉਣ ਵਾਲੇ ਲਗਾਤਾਰ ਛੇ ਮਹੀਨੇ ਤੱਕ ਇਹਨਾਂ ਮਰੀਜ਼ਾਂ ਨੂੰ ਇਸੇ ਤਰ੍ਹਾਂ ਰਾਸ਼ਨ ਦੇ ਪੈਕਟ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਰਾਸ਼ਨ ਵੰਡ ਮੁਹਿੰਮ ਦਾ ਲਗਾਤਾਰ ਦੂਸਰਾ ਮਹੀਨਾ ਹੈ ਅਤੇ ਸੰਸਥਾ ਦਾ ਮਕਸਦ ਟੀਬੀ ਮਰੀਜ਼ਾਂ ਨੂੰ ਪੂਰਾ ਸਹਿਯੋਗ ਦੇਣਾ ਹੈ ਤਾਂ ਜੋ ਉਹ ਆਪਣਾ ਇਲਾਜ ਸਫਲਤਾਪੂਰਵਕ ਪੂਰਾ ਕਰ ਸਕਣ।
ਇਸ ਮੌਕੇ ਡਾ. ਆਸ਼ੀਸ਼ ਚਾਵਲਾ, ਡਾ. ਅਖਿਲ ਸਰੀਨ (ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ) ਅਤੇ ਡਾ. ਰੋਹਿਤ ਰਾਮਪਾਲ (ਸੀਨੀਅਰ ਮੈਡੀਕਲ ਅਫਸਰ, ਐਮ.ਸੀ.ਐਚ.) ਵੱਲੋਂ ਮਰੀਜ਼ਾਂ ਨੂੰ ਰਾਸ਼ਨ ਦੇ ਪੈਕਟ ਵੰਡੇ ਗਏ। ਉਨਾ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਟੀਬੀ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਵੱਡੀ ਮਦਦ ਮਿਲ ਰਹੀ ਹੈ।
ਇਸ ਮੌਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਐਨਜੀਓ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਉਨ੍ਹਾਂ ਲਈ ਵੱਡਾ ਸਹਾਰਾ ਸਾਬਤ ਹੋ ਰਹੀ ਹੈ। ਐਨਜੀਓ “ਐਕਟ ਹਿਊਮਨ” ਵੱਲੋਂ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਅਜਿਹੇ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.