ਅੰਮ੍ਰਿਤਸਰ ਨਾਲ ਸਬੰਧਿਤ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਕਾਬਲੀਅਤ, ਵਿਸ਼ਾਲ ਰਾਜਨੀਤਕ ਅਨੁਭਵ, ਪ੍ਰਸ਼ਾਸਨਿਕ ਸਮਰੱਥਾ ਅਤੇ ਰਾਸ਼ਟਰੀ ਦ੍ਰਿਸ਼ਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਜੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਇਸ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਦਿੱਲੀ ਵਾਸੀਆਂ ਦੀ ਭਲਾਈ ਲਈ ਆਪ ਜ਼ਮੀਨੀ ਪੱਧਰ ਉੱਤੇ ਵਿਚਰਨਾ ਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਪਤਾ ਲੱਗਾ ਕੇ ਉਹਨੇ ਦੇ ਨਿਵਾਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਆਦਿ ਅੰਮ੍ਰਿਤਸਰ, ਪੰਜਾਬ, ਸਿੱਖ ਸਮਾਜ ਅਤੇ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ।
ਸਰਦਾਰ ਸੰਧੂ ਕੇਵਲ ਇਕ ਤਜਰਬੇਕਾਰ ਡਿਪਲੋਮੈਟ ਹੀ ਨਹੀਂ, ਸਗੋਂ ਸੇਵਾ, ਸੰਵੇਦਨਸ਼ੀਲਤਾ, ਹਲੀਮੀ ਅਤੇ ਰਾਸ਼ਟਰੀ ਨਿਸ਼ਠਾ ਦੇ ਜੀਵਿਤ ਪ੍ਰਤੀਕ ਹਨ। ਉਨ੍ਹਾਂ ਦੀ ਨਿਯੁਕਤੀ ਇਹ ਸਾਬਤ ਕਰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਯੋਗਤਾ, ਤਜਰਬੇ ਅਤੇ ਰਾਸ਼ਟਰ-ਨਿਰਮਾਣ ਦੀ ਸੋਚ ਨੂੰ ਉੱਚੇ ਸੰਵਿਧਾਨਕ ਅਹੁਦਿਆਂ ’ਤੇ ਮਾਣ ਮਿਲ ਰਿਹਾ ਹੈ।ਇਸ ਤੋਂ ਪਹਿਲਾਂ, ਸ. ਸੰਧੂ ਨੂੰ 2024 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਭਾਵੇਂ ਉਹ ਚੋਣ ਸਿਆਸਤ ਦਾ ਅਧਿਆਇ ਸੀ, ਪਰ ਅੱਜ ਉਨ੍ਹਾਂ ਦੀ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਜੋਂ ਦਿੱਤੀ ਗਈ ਜ਼ਿੰਮੇਵਾਰੀ ਉਨ੍ਹਾਂ ਦੀ ਲੰਬੀ ਸੇਵਾ, ਵਿਸ਼ਵ ਪੱਧਰੀ ਤਜਰਬੇ ਅਤੇ ਭਾਰਤ ਪ੍ਰਤੀ ਨਿਸ਼ਠਾ ਦੀ ਵੱਡੀ ਸਵੀਕ੍ਰਿਤੀ ਹੈ।
ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਤਰਨਜੀਤ ਸਿੰਘ ਸੰਧੂ ਨੇ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਦੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਗਿਆਨ, ਵਿਗਿਆਨ, ਵਪਾਰ, ਟੈਕਨਾਲੋਜੀ, ਸਿੱਖਿਆ, ਰੱਖਿਆ ਅਤੇ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਵਿਲੱਖਣ ਯੋਗਦਾਨ ਦਿੱਤਾ। ਉਹ 36 ਸਾਲਾਂ ਦੇ ਵਿਲੱਖਣ ਕੂਟਨੀਤਕ ਕੈਰੀਅਰ ਨਾਲ ਅਮਰੀਕਾ ਸੰਬੰਧੀ ਮਾਮਲਿਆਂ ਦੇ ਸਭ ਤੋਂ ਤਜਰਬੇਕਾਰ ਭਾਰਤੀ ਡਿਪਲੋਮੈਟਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।
ਸ. ਤਰਨਜੀਤ ਸਿੰਘ ਸੰਧੂ ਨੂੰ ਇਹ ਸੇਵਾ-ਸੰਸਕਾਰ ਆਪਣੇ ਪਰਿਵਾਰਕ ਵਿਰਸੇ ਤੋਂ ਮਿਲੇ ਹਨ। ਉਹਨਾਂ ਵਿੱਚ ਦੇਸ਼, ਕੌਮ ਅਤੇ ਸਮਾਜ ਦੀ ਸੇਵਾ ਪ੍ਰਤੀ ਆਪਣੇ ਪਿਤਾ ਸ. ਬਿਸ਼ਨ ਸਿੰਘ ਸਮੁੰਦਰੀ ਅਤੇ ਦਾਦਾ ਸ਼ਹੀਦ ਸ. ਤੇਜਾ ਸਿੰਘ ਸਮੁੰਦਰੀ ਵਾਲਾ ਉਹੀ ਜਜ਼ਬਾ ਤੇ ਜਨੂਨ ਹੈ। ਹੋਵੇ ਵੀ ਕਿਉਂ ਨਾ, ਉਨ੍ਹਾਂ ਦੀਆਂ ਰਗਾਂ ਵਿੱਚ ਉਹਨਾਂ ਮਹਾਨ ਸ਼ਖ਼ਸੀਅਤਾਂ ਦਾ ਖ਼ੂਨ ਦੌੜ ਰਿਹਾ ਹੈ, ਜਿਨ੍ਹਾਂ ਨੇ ਸੇਵਾ, ਸਿਧਾਂਤ ਅਤੇ ਕੁਰਬਾਨੀ ਦੀ ਅਮਰ ਪਰੰਪਰਾ ਸਿਰਜੀ। ਸਰਦਾਰ ਸੰਧੂ ਦੇ ਦਾਦਾ ਸ਼ਹੀਦ ਸ. ਤੇਜਾ ਸਿੰਘ ਸਮੁੰਦਰੀ ਦਾ ਨਾਮ ਸਿੱਖ ਇਤਿਹਾਸ ਵਿੱਚ ਅਮਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਫ਼ਤਰੀ ਇਮਾਰਤ ਦਾ “ਤੇਜਾ ਸਿੰਘ ਸਮੁੰਦਰੀ ਹਾਲ” ਅੱਜ ਵੀ ਉਸ ਕੁਰਬਾਨੀ, ਸੇਵਾ ਅਤੇ ਸਿਧਾਂਤਕ ਜੀਵਨ ਦੀ ਯਾਦ ਦਿਵਾਉਂਦਾ ਹੈ।
ਸਰਦਾਰ ਤਰਨਜੀਤ ਸਿੰਘ ਸੰਧੂ ਦਾ ਜਨਮ 23 ਜਨਵਰੀ 1963 ਨੂੰ ਸਿੱਖਿਆ ਸ਼ਾਸਤਰੀ ਮਾਤਾ ਸ੍ਰੀਮਤੀ ਜਗਜੀਤ ਕੌਰ ਸੰਧੂ ਅਤੇ ਪਿਤਾ ਸ. ਬਿਸ਼ਨ ਸਿੰਘ ਸਮੁੰਦਰੀ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਸੇਕਰਡ ਹਾਰਟ ਸਕੂਲ ਅਤੇ ਸੇਂਟ ਫਰਾਂਸਿਸ ਸਕੂਲ, ਅੰਮ੍ਰਿਤਸਰ ਤੋਂ ਕੀਤੀ ਅਤੇ ਫਿਰ ਲਾਰੰਸ ਸਕੂਲ, ਸਨਾਵਰ ਵਿੱਚ ਪੜ੍ਹਾਈ ਕੀਤੀ। ਉਨ੍ਹਾਂ ਨੇ ਸੇਂਟ ਸਟੀਫਨਜ਼ ਕਾਲਜ, ਦਿੱਲੀ ਤੋਂ ਇਤਿਹਾਸ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਰੀਨਤ ਸੰਧੂ ਭਾਰਤੀ ਵਿਦੇਸ਼ ਸੇਵਾ ਦੀ ਸੀਨੀਅਰ ਅਧਿਕਾਰੀ ਰਹੀ ਹੈ
ਤਰਨਜੀਤ ਸਿੰਘ ਸੰਧੂ 1988 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ। ਉਨ੍ਹਾਂ ਦਾ ਕੂਟਨੀਤਕ ਸਫ਼ਰ ਚੁਨੌਤੀਆਂ ਭਰਿਆ ਪਰ ਬੇਹੱਦ ਸ਼ਾਨਦਾਰ ਰਿਹਾ। ਉਹ ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ਼, ਫ਼ਸਟ ਸੈਕਟਰੀ, ਫਰੈਂਕਫਰਟ ਵਿੱਚ ਭਾਰਤ ਦੇ ਕੌਂਸਲ ਜਨਰਲ, ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਤੇ ਸੰਯੁਕਤ ਰਾਸ਼ਟਰ ਨਾਲ ਜੁੜੀਆਂ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ।
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੀ ਮੌਜੂਦਗੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਤਰਨਜੀਤ ਸੰਧੂ ਦੀ ਪਿੱਠ ਠਪਠਪਾ ਕੇ ਇਹ ਕਹਿਣਾ ਕਿ “ਰਾਜਦੂਤ ਹੋਵੇ ਤਾਂ ਸੰਧੂ ਵਰਗਾ ਹੋਵੇ” ਕੇਵਲ ਉਨ੍ਹਾਂ ਲਈ ਹੀ ਨਹੀਂ, ਸਗੋਂ ਅੰਮ੍ਰਿਤਸਰ ਅਤੇ ਪੂਰੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2014 ਦੀ ਅਮਰੀਕਾ ਯਾਤਰਾ ਦੌਰਾਨ ਨਿਊਯਾਰਕ ਵਿਖੇ ਡਾਇਸਪੋਰਾ ਸਿੱਖ ਭਾਈਚਾਰੇ ਦੀ ਡੈਲੀਗੇਸ਼ਨ ਨਾਲ ਮੁਲਾਕਾਤ ਕਰਵਾਉਣ ਅਤੇ ਸਿੱਖਾਂ ਦੀ ਕਾਲੀ ਸੂਚੀ ਹਟਵਾਉਣ ਵਿੱਚ ਵੀ ਸ. ਸੰਧੂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। 2016 ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨਾ ਵੀ ਭਾਰਤ ਦੀ ਵਿਸ਼ਵ ਪੱਧਰੀ ਸਥਿਤੀ ਨੂੰ ਮਜ਼ਬੂਤ ਕਰਨ ਵਾਲੀ ਵੱਡੀ ਘਟਨਾ ਸੀ।
ਸ. ਸੰਧੂ ਨੇ 2017 ਤੋਂ 2020 ਤੱਕ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਭਾਰਤ-ਸ੍ਰੀਲੰਕਾ ਸੰਬੰਧਾਂ ਨੂੰ ਮਜ਼ਬੂਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਲੰਬੋ, ਮਾਸਕੋ, ਕੀਵ, ਫਰੈਂਕਫਰਟ, ਨਿਊਯਾਰਕ ਅਤੇ ਵਾਸ਼ਿੰਗਟਨ ਵਰਗੇ ਮਹੱਤਵਪੂਰਨ ਕੂਟਨੀਤਕ ਕੇਂਦਰਾਂ ’ਤੇ ਦੇਸ਼ ਦੀ ਸੇਵਾ ਕੀਤੀ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਯੂਕਰੇਨ ਦੇ ਕੀਵ ਵਿੱਚ ਭਾਰਤ ਦਾ ਨਵਾਂ ਦੂਤਾਵਾਸ ਖੋਲ੍ਹਣ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਰਹੀ।
ਨਵੰਬਰ 2023 ਵਿੱਚ ਅਮਰੀਕਾ ਦੇ ਸੀਆਟਲ ਵਿੱਚ ਭਾਰਤੀ ਕੌਂਸਲੇਟ ਖੋਲ੍ਹਣ ਦਾ ਮਾਣ ਵੀ ਉਨ੍ਹਾਂ ਦੇ ਸੇਵਾਕਾਲ ਨਾਲ ਜੁੜਿਆ। ਵਿਦੇਸ਼ ਮੰਤਰਾਲੇ ਵਿੱਚ ਉਨ੍ਹਾਂ ਨੇ ਸੰਯੁਕਤ ਸਕੱਤਰ ਵਜੋਂ ਪ੍ਰਸ਼ਾਸਨ, ਮਨੁੱਖੀ ਸੰਸਾਧਨ ਅਤੇ ਸੰਯੁਕਤ ਰਾਸ਼ਟਰ ਡਿਵੀਜ਼ਨ ਵਰਗੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਵੀ ਨਿਭਾਈਆਂ।
ਸੇਵਾਮੁਕਤੀ ਤੋਂ ਬਾਅਦ ਵੀ ਸ. ਤਰਨਜੀਤ ਸਿੰਘ ਸੰਧੂ ਨੇ ਆਰਾਮਦਾਇਕ ਜੀਵਨ ਚੁਣਨ ਦੀ ਥਾਂ ਆਪਣੇ ਜਨਮ-ਭੂਮੀ ਅੰਮ੍ਰਿਤਸਰ ਦੀ ਤਰੱਕੀ, ਨੌਜਵਾਨਾਂ ਦੇ ਭਵਿੱਖ, ਕਿਸਾਨਾਂ ਦੀ ਆਮਦਨੀ, ਉਦਯੋਗਾਂ ਦੇ ਵਿਕਾਸ, ਸੈਰ-ਸਪਾਟੇ, ਹੁਨਰ ਵਿਕਾਸ ਅਤੇ ਗਲੋਬਲ ਕਨੈਕਟਿਵਿਟੀ ਲਈ ਕੰਮ ਕਰਨ ਨੂੰ ਤਰਜੀਹ ਦਿੱਤੀ। ਗ੍ਰੀਨ ਐਵਿਨਿਊ ਸਥਿਤ ਆਪਣੇ ਪਰਿਵਾਰਕ ਗ੍ਰਹਿ “ਸਮੁੰਦਰੀ ਹਾਊਸ” ਤੋਂ ਉਨ੍ਹਾਂ ਨੇ ਅੰਮ੍ਰਿਤਸਰ ਦੀ ਆਰਥਿਕ ਅਤੇ ਸਮਾਜਿਕ ਖ਼ੁਸ਼ਹਾਲੀ ਲਈ ਅਨੇਕਾਂ ਪਹਿਲ ਕਦਮੀਆਂ ਕੀਤੀਆਂ।
ਉਹ ਖਾਨਕੋਟ ਵਿੱਚ ਪਰਿਵਾਰਕ ਜ਼ਮੀਨ ’ਤੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਨਾਲ ਖੇਤੀਬਾੜੀ ਵਿੱਚ ਨਵੀਨਤਾ, ਡੇਅਰੀ ਫਾਰਮਿੰਗ ਵਿੱਚ ਕੁਸ਼ਲਤਾ ਅਤੇ ਅਮਰੀਕੀ ਡੇਅਰੀ ਮਾਡਲਾਂ ਬਾਰੇ ਜਾਣਕਾਰੀ ਸਾਂਝੀ ਕਰਨ ਵਰਗੇ ਕਾਰਜਾਂ ਨਾਲ ਜੁੜੇ ਰਹੇ। ਉਨ੍ਹਾਂ ਨੇ ਕਾਰੋਬਾਰੀਆਂ, ਉਦਯੋਗਪਤੀਆਂ, ਹੁਨਰਮੰਦਾਂ, ਮਹਿਲਾਵਾਂ ਅਤੇ ਨੌਜਵਾਨਾਂ ਨਾਲ ਸੰਵਾਦ ਰਚਾ ਕੇ ਅੰਮ੍ਰਿਤਸਰ ਨੂੰ ਗਲੋਬਲ ਮੌਕਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਵਿਕਾਸ, ਇਤਿਹਾਸਕ ਧਰੋਹਰਾਂ ਦੀ ਸੰਭਾਲ, ਅਮਰੀਕਨ ਕੌਂਸਲੇਟ ਖੋਲ੍ਹਣ, ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਨੈਕਟਿਵਿਟੀ ਵਧਾਉਣ, ਏਅਰ ਕਾਰਗੋ, ਹਜ਼ੂਰ ਸਾਹਿਬ ਲਈ ਫਲਾਈਟ, ਆਈ.ਟੀ.ਆਈ., ਸੈਰ-ਸਪਾਟਾ ਅਤੇ ਉਦਯੋਗਿਕ ਮੌਕਿਆਂ ਬਾਰੇ ਕੇਂਦਰੀ ਮੰਤਰੀਆਂ ਨਾਲ ਚਰਚਾ ਕਰਨਾ ਉਨ੍ਹਾਂ ਦੀ ਆਪਣੀ ਮਿੱਟੀ ਨਾਲ ਡੂੰਘੀ ਜੁੜਤ ਦਾ ਪ੍ਰਤੀਕ ਹੈ।
ਸ. ਤਰਨਜੀਤ ਸਿੰਘ ਸੰਧੂ ਦਾ ਸਾਰਾ ਧਿਆਨ ਅੰਮ੍ਰਿਤਸਰ ਦੀ ਆਰਥਿਕਤਾ, ਕਿਸਾਨਾਂ ਦੀ ਆਮਦਨੀ, ਨੌਜਵਾਨ ਸ਼ਕਤੀ ਦੇ ਸਦਉਪਯੋਗ, ਉਦਯੋਗ, ਟੈਕਸਟਾਈਲ, ਹੁਨਰ ਵਿਕਾਸ, ਸੈਰ-ਸਪਾਟਾ, ਸਿਹਤ ਸੰਭਾਲ, ਸਭਿਆਚਾਰਕ ਧਰੋਹਰ ਅਤੇ ਹੋਸਪਿਟੈਲਿਟੀ ਸੈਕਟਰ ਨੂੰ ਮਜ਼ਬੂਤ ਕਰਨ ’ਤੇ ਰਿਹਾ ਹੈ। ਉਹ ਖੇਤੀ ਉਤਪਾਦਾਂ ਨੂੰ ਖਾੜੀ ਦੇਸ਼ਾਂ, ਯੂਰਪ ਅਤੇ ਅਮਰੀਕਾ ਵਿੱਚ ਭੇਜ ਕੇ ਕਿਸਾਨੀ ਨੂੰ ਆਰਥਿਕ ਲਾਭ ਦੇਣ ਦੇ ਪ੍ਰਾਜੈਕਟਾਂ ’ਤੇ ਵੀ ਸੋਚਦੇ ਰਹੇ ਹਨ।
ਉਨ੍ਹਾਂ ਨੇ ਅੰਮ੍ਰਿਤਸਰ ਦੇ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਪੜ੍ਹਾਈ ਦੇ ਮੌਕੇ, ਪ੍ਰਵਾਸੀ ਪੰਜਾਬੀਆਂ ਵੱਲੋਂ ਵਜ਼ੀਫ਼ਿਆਂ ਦੀ ਸਹਾਇਤਾ, ਆਈ.ਟੀ., ਡਿਜੀਟਲ, ਸਟਾਰਟਅੱਪ, ਆਰਟੀਫੀਸ਼ਲ ਇੰਟੈਲੀਜੈਂਸ, ਕੁਆਂਟਮ, ਸਾਈਬਰ ਸੁਰੱਖਿਆ ਅਤੇ ਨਵੀਂ ਤਕਨਾਲੋਜੀ ਦੇ ਖੇਤਰਾਂ ਵਿੱਚ ਮੌਕੇ ਪੈਦਾ ਕਰਨ ’ਤੇ ਵੀ ਜ਼ੋਰ ਦਿੱਤਾ।
ਸ. ਸੰਧੂ ਦੀ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਜੋਂ ਨਿਯੁਕਤੀ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇੱਥੇ ਪ੍ਰਸ਼ਾਸਨਿਕ ਸੂਝ, ਸੰਵਿਧਾਨਕ ਮਰਿਆਦਾ, ਕਾਨੂੰਨ-ਵਿਵਸਥਾ, ਵਿਕਾਸ, ਅੰਤਰਰਾਸ਼ਟਰੀ ਪ੍ਰਤੀਨਿਧਤਾ ਅਤੇ ਕੇਂਦਰ-ਰਾਜ ਤਾਲਮੇਲ ਵਰਗੀਆਂ ਜ਼ਿੰਮੇਵਾਰੀਆਂ ਬਹੁਤ ਗੰਭੀਰ ਹੁੰਦੀਆਂ ਹਨ। ਸ. ਸੰਧੂ ਵਰਗਾ ਵਿਅਕਤੀ, ਜਿਸ ਨੇ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਕੂਟਨੀਤਕ ਮੰਚਾਂ ’ਤੇ ਭਾਰਤ ਦਾ ਮਾਣ ਵਧਾਇਆ, ਦਿੱਲੀ ਵਰਗੀ ਰਾਸ਼ਟਰੀ ਰਾਜਧਾਨੀ ਦੀ ਸੰਵਿਧਾਨਕ ਜ਼ਿੰਮੇਵਾਰੀ ਲਈ ਬਿਲਕੁਲ ਯੋਗ ਚੋਣ ਹੈ।
ਉਨ੍ਹਾਂ ਦੀ ਹਲੀਮੀ, ਵਿਸ਼ਾਲ ਦ੍ਰਿਸ਼ਟੀ, ਸੰਵਾਦ ਦੀ ਸਮਰੱਥਾ, ਪ੍ਰਸ਼ਾਸਨਿਕ ਤਜਰਬਾ ਅਤੇ ਭਾਰਤ-ਪਹਿਲਾਂ ਵਾਲੀ ਸੋਚ ਦਿੱਲੀ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਉਹ ਰਾਜਨੀਤਿਕ ਟਕਰਾਅ ਦੀ ਥਾਂ ਸੰਵਿਧਾਨਕ ਸੰਤੁਲਨ, ਨੀਤੀਗਤ ਸਪਸ਼ਟਤਾ ਅਤੇ ਵਿਕਾਸਮੁਖੀ ਪ੍ਰਬੰਧਨ ਨੂੰ ਤਰਜੀਹ ਦੇਣ ਵਾਲੀ ਸ਼ਖਸੀਅਤ ਹਨ।
ਅੱਜ ਜਦੋਂ ਸ. ਤਰਨਜੀਤ ਸਿੰਘ ਸੰਧੂ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਜੋਂ ਨਵੀਂ ਜ਼ਿੰਮੇਵਾਰੀ ਨੂੰ ਬਾਖ਼ੂਬੀ ਸੰਭਾਲ ਰਹੇ ਹਨ, ਤਾਂ ਇਹ ਕੇਵਲ ਇਕ ਵਿਅਕਤੀ ਦਾ ਨਹੀਂ, ਸਗੋਂ ਪੰਜਾਬੀ ਯੋਗਤਾ, ਸਿੱਖੀ ਦੀ ਦਸਤਾਰ, ਅੰਮ੍ਰਿਤਸਰ ਦੀ ਧਰਤੀ ਅਤੇ ਭਾਰਤੀ ਕੂਟਨੀਤਕ ਪਰੰਪਰਾ ਦਾ ਸਨਮਾਨ ਹੈ। ਜਿਸ ਨਾਲ ਇਹ ਸੁਨੇਹਾ ਵੀ ਜਾਂਦਾ ਹੈ ਕਿ ਭਾਰਤ ਦੀ ਨਵੀਂ ਵਿਵਸਥਾ ਵਿੱਚ ਉਹਨਾਂ ਲੋਕਾਂ ਲਈ ਵੱਡੇ ਦਰਵਾਜ਼ੇ ਖੁੱਲ੍ਹੇ ਹਨ, ਜਿਨ੍ਹਾਂ ਕੋਲ ਤਜਰਬਾ, ਇਮਾਨਦਾਰੀ, ਦੇਸ਼-ਭਗਤੀ ਅਤੇ ਨਿਰਮਾਣਕਾਰੀ ਸੋਚ ਹੈ। ਸ. ਸੰਧੂ ਵਰਗੀਆਂ ਸ਼ਖ਼ਸੀਅਤਾਂ ਰਾਸ਼ਟਰ ਦੇ ਭਵਿੱਖ ਲਈ ਪ੍ਰੇਰਕ ਮਾਡਲ ਹਨ।
ਅੰਮ੍ਰਿਤਸਰ ਲਈ ਇਹ ਖ਼ਾਸ ਮਾਣ ਦੀ ਗੱਲ ਹੈ ਕਿ ਗੁਰੂ ਨਗਰੀ ਦੀ ਮਿੱਟੀ ਨਾਲ ਜੁੜਿਆ ਇਕ ਸੂਝਵਾਨ, ਹਲੀਮ, ਅਨੁਭਵੀ ਅਤੇ ਵਿਸ਼ਵ ਪੱਧਰੀ ਭਾਰਤੀ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਿਵੇਕਲੇ ਢੰਗ ਨਾਲ ਨਿਭਾ ਰਿਹਾ ਹੈ। ਇਹ ਕਦਮ ਪੰਜਾਬ ਦੇ ਨੌਜਵਾਨਾਂ ਲਈ ਵੀ ਪ੍ਰੇਰਣਾ ਹੈ ਕਿ ਯੋਗਤਾ, ਸੇਵਾ ਅਤੇ ਰਾਸ਼ਟਰੀ ਨਿਸ਼ਠਾ ਮਨੁੱਖ ਨੂੰ ਕਿੰਨੇ ਉੱਚੇ ਦਰਜੇ ਤੱਕ ਲੈ ਜਾ ਸਕਦੀ ਹੈ।
ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਜੋਂ ਨਿਯੁਕਤ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਤੇ ਯੋਗਤਾ-ਕੇਂਦਰਿਤ ਸੋਚ ਦਾ ਪ੍ਰਗਟਾਵਾ ਹੈ। ਇਹ ਫ਼ੈਸਲਾ ਦਿੱਲੀ, ਪੰਜਾਬ ਅਤੇ ਦੇਸ਼ — ਤਿੰਨਾਂ ਲਈ ਲਾਭਕਾਰੀ ਸਾਬਤ ਹੋਵੇਗਾ। ਆਸ ਹੈ ਕਿ ਉਹ ਆਪਣੀ ਕੂਟਨੀਤਕ ਸੂਝ, ਪ੍ਰਸ਼ਾਸਨਿਕ ਅਨੁਭਵ, ਹਲੀਮੀ ਅਤੇ ਰਾਸ਼ਟਰ-ਸੇਵਾ ਦੇ ਜਜ਼ਬੇ ਨਾਲ ਦਿੱਲੀ ਦੇ ਪ੍ਰਸ਼ਾਸਨ ਵਿੱਚ ਨਵੀਂ ਮਰਿਆਦਾ, ਨਵਾਂ ਸੰਤੁਲਨ ਅਤੇ ਨਵੀਂ ਊਰਜਾ ਲਿਆਉਣ ਚ ਕਾਮਯਾਬ ਰਹਿਣਗੇ ਅਤੇ ਉਹ ਮੈਨੂੰ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਜੋਂ ਪੰਜਾਬੀ ਕਿਰਦਾਰ ਦੀਆਂ ਅਮਿੱਟ ਪੈੜਾਂ ਦਾ ਸ਼ਾਹਸਵਾਰ ਨਜ਼ਰ ਆਉਂਦਾ ਹੈ।
(ਪ੍ਰੋ. ਸਰਚਾਂਦ ਸਿੰਘ ਖਿਆਲਾ, 9781355522)
Leave a Reply